ਇੱਕ ਆਤਮ-ਕਥਾ ਕਿਤਾਬ ਜੁਗਤੂ, ਇੱਕ ਖਲਨਾਇਕ ਦੀ ਕਥਾ
ਗੁਰਮੇਲ ਬੀਰੋਕੇ
ਇੱਕ ਆਤਮ-ਕਥਾ ਕਿਤਾਬ ਜੁਗਤੂ, ਇੱਕ ਖਲਨਾਇਕ ਦੀ ਕਥਾ' ਪੜ੍ਹੀ ਮੈਂ ਕੁਛ ਸਮਾਂ ਪਹਿਲਾਂ। ਇਸ ਦੇ ਲੇਖਕ ਸਾਧੂ ਬਿਨਿੰਗ (ਡਾਕਟਰ) ਹਨ। ਕਿਤਾਬ ਦੇ 366 ਪੇਜ ਹਨ। ਇਹ ਕਿਤਾਬ ਨਾਵਲ ਦੇ ਰੂਪ ਵਿੱਚ ਲਿਖੀ ਗਈ ਹੈ। ਜਗਤਾਰ ਸਿੰਘ ਜੁਗਤੂ ਆਪਣੀ ਆਤਮ-ਕਥਾ ਸੁਣਾਉਂਦਾ ਹੈ। ਉਹ ਆਪਣੇ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਕਰਦਾ ਹੈ। ਉਹ ਪ੍ਰਾਇਮਰੀ ਸਕੂਲ ਵਿੱਚ ਹੀ ਝੰਡੇ ਹੇਠਲਾ ਬੱਚਾ ਹੁੰਦਾ ਹੈ। ਜਗਤਾਰ ਜੁਗਤੂ ਉਸ ਸਮੇਂ ਤੋਂ ਹੀ ਬੁਰੇ ਕੰਮ ਸ਼ੁਰੂ ਕਰ ਦਿੰਦਾ ਹੈ, ਪਰ ਉਹ ਇਹਨਾਂ ਕੰਮਾਂ ਨੂੰ ਜੁਗਤਾਂ ਕਹਿੰਦਾ ਹੈ। ਉਹ ਇਹ ਸਾਰੇ ਕਾਰਨਾਮੇ ਬੁਰੇ ਨਹੀਂ ਸਮਝਦਾ, ਸਗੋਂ ਮਾਣ ਮਹਿਸੂਸ ਕਰਦਾ ਹੈ। ਉਹ ਕੁੜੀਆਂ ਛੇੜਨ ਨੂੰ ਅਨੰਦਮਈ ਸਮਝਦਾ ਹੈ।
ਮਾਸਟਰਾਂ ਦੀਆਂ ਨੰਗੀਆਂ ਗਾਲ਼ਾਂ ਸੁਣ ਕੇ ਉਸ ਦੀ ਰੂਹ ਖਿੜਦੀ ਹੈ। ਜੇ ਸਕੂਲ ਦਾ ਪੀ.ਟੀ. ਮਾਸਟਰ ਮੁੰਡਿਆਂ ਨੂੰ ਨੰਗੇ ਕਰਦਾ ਹੈ ਤਾਂ ਉਸ ਲਈ ਉਹ ਗੱਲ ਮਾਮੂਲੀ ਹੈ। ਕਿਤਾਬ ਵਿੱਚ ਜੁੱਤੀ ਦੀ ਮਹੱਤਤਾ ਕੁੱਟਣ ਵਾਸਤੇ ਬੜੀ ਕਮਾਲ ਦੀ ਦਿਖਾਈ ਗਈ ਹੈ। ਜੁਗਤੂ ਇਸ ਤਰ੍ਹਾਂ ਦਾ ਇੱਕ ਪ੍ਰਾਣੀ ਹੈ ਜਿਹੜਾ ਅੱਖਾਂ ਬੰਨ੍ਹੇ ਤੋਂ ਵੀ ਕੁੱਟਣ ਵਾਲੇ ਸਾਰੇ ਸੰਦਾਂ ਦੀ ਪਹਿਚਾਣ ਕਰ ਸਕਦਾ ਹੈ। ਉਹ ਵਿਦਵਾਨ ਐਨਾ ਹੈ ਕਿ ਆਪਣੀਆਂ ਅਕਲ-ਮਈ ਗੱਲਾਂ ਸੁਣਾ-ਸੁਣਾ ਕੇ ਇੱਕ ਅਣਭੋਲ ਕਾਮਰੇਡ ਮੁੰਡੇ ਨੂੰ ਰੋਣ ਲਾ ਦਿੰਦਾ ਹੈ। ਜੁਗਤੂ ਦੀ ਮਹਾਨ ਸੋਚ ਮੁਤਾਬਕ ਔਰਤ ਇੱਕ ਵਰਤੋਂ ਦੀ ਚੀਜ਼ ਹੈ। ਜੁਗਤੂ ਆਪਣੇ ਪੁੱਠੇ ਕੰਮਾਂ ਕਾਰਨ ਜਦ ਕਿਸੇ ਕੋਲੋਂ ਕੁੱਟ ਖਾਂਦਾ ਹੈ ਤਾਂ ਬਹੁਤ ਖ਼ੁਸ਼ ਹੁੰਦਾ ਹੈ। ਇਸ ਕਾਰਜ ਨੂੰ ਉਹ ਆਪਣੀ ਮਹਾਨਤਾ ਸਮਝਦਾ ਹੈ।
ਜਦ ਭਾਰਤ ਵਿੱਚ ਉਸ ਦੇ ਉੱਚ ਕਾਰਨਾਮਿਆਂ; ਨਾਲ ਉਸ ਦੀ ਬੇੜੀ ਡੁੱਬਣ ਲੱਗੀ ਤਾਂ ਉਹ ਬਾਹਰਲੇ ਮੁਲਕ ਨੂੰ ਨਿਕਲ ਪਿਆ। ਉਸ ਸਮੇਂ ਉਹ ਸੋਚਦਾ ਹੈ ਕਿ ਮੇਰੀਆਂ ਸੇਵਾਵਾਂ ਦੀ ਲੋੜ ਹੁਣ ਸੱਤ ਸਮੁੰਦਰੋਂ ਪਾਰ ਹੈ। ਕੈਨੇਡਾ ਆ ਪਹੁੰਚਿਆ। ਜਿੱਥੇ ਉਸ ਨੂੰ ਠਾਹਰ ਮਿਲੀ, ਉਸੇ ਘਰ ਦੀਆਂ ਔਰਤਾਂ ਨੂੰ ਉਸ ਨੇ ਹੱਥ ਪਾਇਆ। ਕੁੱਟ ਦੇ ਡਰੋਂ ਖੇਤਾਂ ਵਿੱਚ ਰਿਹਾ। ਖੇਤ ਮਾਲਕ ਦੇ ਘਰ ਚੋਰੀ ਕੀਤੀ। ਮਹਾਨ ਕਾਰਜ ਕੀਤਾ। ਉਹ ਗੁਰਦਵਾਰਿਆਂ ਤੇ ਚਰਚਾਂ ਵਾਲਿਆਂ ਨੂੰ ਜੁਗਤਾਂ ਦੱਸਦਾ ਰਿਹਾ। ਇੱਕ ਬੀਮੇ ਵੇਚਣ ਵਾਲੇ ਨੂੰ ਬੀਮੇ ਵੇਚਣ ਲਈ ਪੁੱਠੇ ਤਰੀਕੇ ਦੱਸਦਾ ਹੈ, ਨਾਮਣਾ ਖੱਟਦਾ ਹੈ।
ਮੋਹ-ਪਿਆਰ ਤੇ ਸਤਿਕਾਰ ਵਾਲੇ ਸ਼ਬਦ ਉਸ ਦੇ ਮਨ ਦੇ ਸ਼ਬਦ-ਕੋਸ ਵਿੱਚ ਨਹੀਂ ਹਨ। ਗਾਉਣ ਵਾਲਿਆਂ ਨੂੰ ਉਹ ਲੁੱਚੇ ਗਾਣੇ ਗਾਉਣ ਦੀਆਂ ਤਰਕੀਬਾਂ ਸਮਝਾਉਂਦਾ ਹੈ। ਉਹ ਕਹਿੰਦਾ ਹੈ ਕਿ ਅਸ਼ਲੀਲ ਸ਼ਬਦਾਂ ਦੀ ਗੀਤਾਂ ਵਿੱਚ ਵਰਤੋਂ ਕਰੋ। ਔਰਤ ਨੂੰ ਗੀਤਾਂ ਦੇ ਸ਼ਬਦਾਂ ਵਿੱਚ ਫਿੱਟ ਕਰੋ ਤਾਂ ਥੋਡੇ ਕੋਲ ਲਕਸ਼ਮੀ ਆਵੇਗੀ। ਜੁਗਤੂ ਇੱਕ ਮਨੁੱਖ ਨਹੀਂ ਹੈ। ਉਹ ਇੱਕ ਅਜੋਕੇ ਸਮੇਂ ਦਾ ਸਿਸਟਮ ਹੈ। ਅਜੋਕੇ ਸਮੇਂ ਵਿੱਚ ਜੋ ਕੁਛ ਇੱਕ ਵੋਟਾਂ ਵਾਲੇ ਮਹਾਨ ਲੀਡਰਾਂ ਵਿੱਚ ਹੈ, ਉਹ ਸਭ ਜੁਗਤੂ ਵਿੱਚ ਹੈ। ਦੂਜੇ ਪਾਸੇ ਕਿਤਾਬ ਪੜ੍ਹ ਕੇ ਇਹ ਵੀ ਮਹਿਸੂਸ ਹੁੰਦਾ ਹੈ ਕਿ ਅੱਜ ਹਰੇਕ ਵੋਟਾਂ ਵਾਲਾ ਨੇਤਾ ਜੁਗਤੂ ਹੀ ਹੈ।
ਜੁਗਤੂ ਜਾਂ ਅਜੋਕੇ ਵੋਟਾਂ ਵਾਲੇ ਜੁਗਤੂਆਂ ਮੁਤਾਬਕ ਜ਼ਿਆਦਾ ਬੁੱਧੀਮਾਨ ਲੋਕ ਫ਼ੇਲ੍ਹ ਹਨ। ਜੁਗਤੂ ਮੁਤਾਬਕ ਹਰ ਕਾਰਪੋਰੇਟਵਾਦੀ ਪ੍ਰਾਣੀ ਵਿੱਚ ਸਾਡੇ ਮਹਾਨ ਜੁਗਤੂਆਂ ਵਾਲੇ ਗੁਣਾਂ ਦਾ ਹੋਣਾ ਲਾਜ਼ਮੀ ਹੁੰਦਾ ਹੈ। ਜੁਗਤੂ ਜੀ ਮੁਤਾਬਕ ਅਸੀਂ ਲੋਕ ਆਪਣੀ ਮਾਂ, ਭੈਣ, ਘਰਵਾਲੀ ਤੇ ਧੀ ਨੂੰ ਆਪਣੇ ਫ਼ਾਇਦੇ ਲਈ ਕਿਤੇ ਵੀ ਵਰਤ ਸਕਦੇ ਹਾਂ। ਕਿਤਾਬ ਵਿਚਲਾ ਜੁਗਤੂ ਆਪਣੇ ਆਪ ਨੂੰ ਮਹਾਨ ਸਮਝਣ ਵਾਲਾ ਅਖੀਰ ਨੂੰ ਆਪਣੇ ਤੋਂ ਵਧੇਰੇ ਤਾਕਤਵਰ ਲੋਕਾਂ ਜਾਂ ਸਿਸਟਮ ਦੇ ਧੱਕੇ ਚੜ੍ਹ ਜਾਂਦਾ ਹੈ। ਉੱਥੇ ਉਸ ਦੀਆਂ ਜੁਗਤਾਂ ਫ਼ੇਲ੍ਹ ਹੋ ਜਾਂਦੀਆਂ ਹਨ।
ਕਿਤਾਬ ਵਿਚਲੇ ਜੁਗਤੂ ਦੇ ਕਾਰਨਾਮਿਆਂ ਵਾਂਗਰ ਹੀ ਪੂਰਾ ਸੰਸਾਰ ਚੱਲ ਰਿਹਾ ਹੈ। ਇੱਕ ਬੁਰਾਈ ਦੂਜੀ ਵੱਡੀ ਬੁਰਾਈ ਥੱਲੇ ਦਬ ਜਾਂਦੀ ਹੈ। ਕੁਛ ਕੁ ਸਮਝਣ ਤੇ ਸੋਚਣ ਵਾਲੇ ਲੋਕ, ਥੱਲੇ ਦਬ ਚੁੱਕੇ ਸਿਸਟਮ ਜਾਂ ਬੁਰਾਈ ਨੂੰ ਫੇਰ ਅੱਛਾ ਸਮਝਣ ਜਾਂ ਕਹਿਣ ਲੱਗ ਜਾਂਦੇ ਹਨ। ਕੁਦਰਤ ਆਪਣੇ ਆਪ ਕੁਛ ਵੀ ਬੁਰਾ ਜਾਂ ਭੈੜਾ ਨਹੀਂ ਉਪਜਦੀ। ਬੁਰੀ ਉਤਪਤੀ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਜਗਤਾਰ ਵੀ ਕਾਰਨਾਂ ਦੇ ਅਧੀਨ ਜੁਗਤੂ ਬਣਿਆ। ਇਸੇ ਤਰ੍ਹਾਂ ਬਹੁਤ ਬੁਰਾ ਸਿਸਟਮ ਵੀ ਇੱਕ ਘੱਟ ਬੁਰੇ ਸਿਸਟਮ ਵਿੱਚੋਂ ਹੀ ਜਨਮ ਲੈਂਦਾ ਹੈ।
ਇਹੋ ਕੁਛ ਪੀੜ੍ਹੀ ਦਰ ਪੀੜ੍ਹੀ ਚੱਲ ਰਿਹਾ ਹੈ...। ਕਿਤਾਬ ਪਾਠਕ ਨੂੰ ਇਹ ਗੱਲ ਵੀ ਦੱਸਦੀ ਹੈ ਕਿ ਸਮੇਂ ਅਨੁਸਾਰ ਕਿਵੇਂ ਜਵਾਨੀ ਲੀਹਾਂ ਬਣਾਉਂਦੀ ਹੈ। ਜਵਾਨੀ ਕਦੇ ਕਾਮਰੇਡ ਬਣਦੀ ਹੈ, ਕਦੇ ਕਬੱਡੀ ਖਿਡਾਰੀ ਤੇ ਕਦੇ ਗਾਇਕ। ਪ੍ਰਿੰਟ ਕਰਨ ਤੋਂ ਪਹਿਲਾਂ ਕਿਤਾਬ ਦਾ ਪਰੂਫ਼ ਨਹੀਂ ਪੜ੍ਹਿਆ ਗਿਆ ਜਾਪਦਾ। ਸ਼ਬਦ-ਜੋੜ ਕਾਫ਼ੀ ਗ਼ਲਤ ਹਨ। ਇਹ ਛਾਪਣ ਵਾਲੇ ਦੀ ਕਾਹਲ਼ੀ ਜਾਪਦੀ ਹੈ। ਦੂਜਾ ਲੇਖਕ ਦੇ ਇਲਾਕੇ ਕਾਰਨ ਜਾਂ ਕਿਸੇ ਹੋਰ ਗੱਲ ਕਾਰਨ, ਉਹ ਜਵਾਰ ਤੇ ਮੱਕੀ ਦੀ ਫ਼ਸਲ ਵਿੱਚ ਅੰਤਰ ਨਹੀਂ ਸਮਝਦਾ। ਕਿਤਾਬ ਪੜ੍ਹਨ ਵਾਲੀ ਹੈ।

-
ਗੁਰਮੇਲ ਬੀਰੋਕੇ, ਲੇਖਕ
gurmailbiroke@gmail.com
ਫ਼ੋਨ: +1604-825-8053
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.