ਨਿਊਜ਼ੀਲੈਂਡ ਵੀਜ਼ਾ ਨਿਯਮਾਂ ’ਚ ਵੱਡਾ ਬਦਲਾਅ: ਹੁਣ ਅਰਜ਼ੀ ਦੇ ਨਾਲ ਹੀ ਦੇਣਾ ਪਵੇਗਾ ਪੁਲਿਸ ਕਲੀਅਰੈਂਸ ਸਰਟੀਫਿਕੇਟ (PCC), ਨਹੀਂ ਤਾਂ ਵੀਜ਼ਾ ਹੋ ਸਕਦੈ ਰੱਦ
-ਦੇਰੀ ਤੋਂ ਬਚਣ ਲਈ ਇਸ ਨੂੰ ਸਮੇਂ ਤੋਂ ਪਹਿਲਾਂ ਹੀ ਅਪਲਾਈ ਕਰ ਦਿਓ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 05 ਜੁਲਾਈ 2026: ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਸਟੂਡੈਂਟ ਅਤੇ ਹੋਰ ਆਰਜ਼ੀ (Temporary) ਵੀਜ਼ਾ ਅਪਲਾਈ ਕਰਨ ਵਾਲੇ ਬਿਨੈਕਾਰਾਂ ਲਈ ਨਿਯਮਾਂ ਵਿੱਚ ਇੱਕ ਅਹਿਮ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮਾਂ ਮੁਤਾਬਕ, ਹੁਣ ਵੀਜ਼ਾ ਅਰਜ਼ੀ ਜਮ?ਹਾਂ ਕਰਵਾਉਂਦੇ ਸਮੇਂ ਹੀ ਪੁਲਿਸ ਕਲੀਅਰੈਂਸ ਸਰਟੀਫਿਕੇਟ (Police Certificate/PCC) ਨਾਲ ਅਪਲੋਡ ਕਰਨਾ ਲਾਜ਼ਮੀ ਹੋਵੇਗਾ। ਜੇਕਰ ਅਜਿਹਾ ਨਾ ਹੋਇਆ ਤਾਂ ਕੁਝ ਕੇਸਾਂ ਦੇ ਵਿਚ ਅਰਜ਼ੀ ਨੂੰ ਰੱਦ ਕੀਤਾ ਜਾ ਸਕਦਾ ਹੈ।
ਕੀ ਬਦਲ ਰਿਹਾ ਹੈ?
ਜੇਕਰ ਕੋਈ ਬਿਨੈਕਾਰ ਆਪਣੀ ਅਰਜ਼ੀ ਦੇ ਨਾਲ ਲੋੜੀਂਦਾ ਪੁਲਿਸ ਸਰਟੀਫਿਕੇਟ ਨਹੀਂ ਜੋੜਦਾ, ਤਾਂ ਇਮੀਗ੍ਰੇਸ਼ਨ ਵਿਭਾਗ ਹੁਣ ਦਸਤਾਵੇਜ਼ ਮੰਗਣ ਲਈ ਆਮ ਤੌਰ ’ਤੇ ਸੰਪਰਕ ਨਹੀਂ ਕਰੇਗਾ। ਅਜਿਹੀ ਸਥਿਤੀ ਵਿੱਚ ਵੀਜ਼ਾ ਅਰਜ਼ੀ ਸਿੱਧੀ ਰੱਦ (4ecline) ਕੀਤੀ ਜਾ ਸਕਦੀ ਹੈ। ਵਿਭਾਗ ਵੱਲੋਂ ਸਿਰਫ਼ ਪੁਲਿਸ ਸਰਟੀਫਿਕੇਟ ਅਪਲਾਈ ਕਰਨ ਦੀ ਰਸੀਦ (Receipt) ਜਾਂ ਪੁਸ਼ਟੀਕਰਨ ਸਵੀਕਾਰ ਨਹੀਂ ਕੀਤਾ ਜਾਵੇਗਾ।
ਅਪਲਾਈ ਕਰਨ ਵਾਲਿਆਂ ’ਤੇ ਕੀ ਅਸਰ ਪਵੇਗਾ?
ਅਧੂਰੀ ਅਰਜ਼ੀ ’ਤੇ ਫ਼ੈਸਲਾ: ਇਮੀਗ੍ਰੇਸ਼ਨ ਵਿਭਾਗ ਮੌਜੂਦਾ ਦਸਤਾਵੇਜ਼ਾਂ ਦੇ ਅਧਾਰ ’ਤੇ ਹੀ ਫ਼ੈਸਲਾ ਲਵੇਗਾ ਅਤੇ ਸਰਟੀਫਿਕੇਟ ਦੇ ਇੰਤਜ਼ਾਰ ਵਿੱਚ ਅਰਜ਼ੀ ਨੂੰ ਰੋਕ ਕੇ ਨਹੀਂ ਰੱਖਿਆ ਜਾਵੇਗਾ।
ਨਿਊਜ਼ੀਲੈਂਡ ਤੋਂ ਬਾਹਰ (Offshore) ਵਾਲਿਆਂ ਲਈ: ਜੇਕਰ ਤੁਸੀਂ 24 ਮਹੀਨਿਆਂ ਤੋਂ ਵੱਧ ਰਹਿਣ ਦੀ ਯੋਜਨਾ ਨਾਲ ਬਾਹਰੋਂ ਅਪਲਾਈ ਕਰ ਰਹੇ ਹੋ ਅਤੇ ਪੁਲਿਸ ਸਰਟੀਫਿਕੇਟ ਨਹੀਂ ਹੈ, ਤਾਂ ਵੀਜ਼ਾ ਰੱਦ ਹੋਣ ਦੀ ਪੂਰੀ ਸੰਭਾਵਨਾ ਹੈ। ਕੁਝ ਮਾਮਲਿਆਂ ਵਿੱਚ ਘੱਟ ਸਮੇਂ ਦਾ ਵੀਜ਼ਾ ਮਿਲ ਸਕਦਾ ਹੈ, ਪਰ ਦੁਬਾਰਾ ਵਧਾਉਣ ਲਈ ਨਵੀਂ ਫੀਸ ਦੇ ਕੇ ਅਪਲਾਈ ਕਰਨਾ ਹੋਵੇਗਾ।
ਨਿਊਜ਼ੀਲੈਂਡ ਦੇ ਅੰਦਰ (Onshore) ਵਾਲਿਆਂ ਲਈ: ਜੇਕਰ ਕੋਈ ਨਿਊਜ਼ੀਲੈਂਡ ਦੇ ਅੰਦਰੋਂ ਅਪਲਾਈ ਕਰ ਰਿਹਾ ਹੈ, ਤਾਂ ਵਿਭਾਗ ਸਰਟੀਫਿਕੇਟ ਦੇਣ ਲਈ ਬਹੁਤ ਘੱਟ ਸਮਾਂ (ਜਿਵੇਂ ਕਿ 5 ਕੰਮਕਾਜੀ ਦਿਨ) ਦੇ ਸਕਦਾ ਹੈ। ਜੇਕਰ ਉਹ ਨਾ ਦੇ ਸਕੇ, ਤਾਂ ਵੀਜ਼ਾ ਸਿਰਫ਼ 24 ਮਹੀਨਿਆਂ ਤੱਕ ਦੇ ਘੱਟ ਸਮੇਂ ਲਈ ਮਿਲੇਗਾ।
ਭਾਰਤੀ ਬਿਨੈਕਾਰਾਂ ਲਈ ਜ਼ਰੂਰੀ ਦਿਸ਼ਾ-ਨਿਰਦੇਸ਼
ਭਾਰਤ ਤੋਂ ਅਪਲਾਈ ਕਰਨ ਵਾਲੇ ਬਿਨੈਕਾਰਾਂ ਨੂੰ ਭਾਰਤੀ ਵਿਦੇਸ਼ ਮੰਤਰਾਲੇ ਦੇ ਖੇਤਰੀ ਪਾਸਪੋਰਟ ਦਫ਼ਤਰ (Regional Passport Office) ਰਾਹੀਂ ਆਨਲਾਈਨ ਅਪੌਇੰਟਮੈਂਟ ਲੈ ਕੇ ਹਾਸਲ ਕਰਨਾ ਹੋਵੇਗਾ।
ਉਮਰ ਦੀ ਸ਼ਰਤ: 17 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਿਨੈਕਾਰਾਂ ਲਈ ਚੰਗੇ ਚਰਿੱਤਰ ਦੇ ਸਬੂਤ ਵਜੋਂ ਇਹ ਦੇਣਾ ਜ਼ਰੂਰੀ ਹੈ।
ਸਰਟੀਫਿਕੇਟ ਦੀ ਮਿਆਦ: ਜਿਸ ਦਿਨ ਤੁਸੀਂ ਵੀਜ਼ਾ ਅਰਜ਼ੀ ਜਮ੍ਹਾਂ ਕਰ ਰਹੇ ਹੋ, ਉਸ ਦਿਨ ਪੁਲਿਸ ਸਰਟੀਫਿਕੇਟ 6 ਮਹੀਨਿਆਂ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ।
ਅਨੁਵਾਦ (Translation): ਜੇਕਰ ਸਰਟੀਫਿਕੇਟ ਅੰਗਰੇਜ਼ੀ ਵਿੱਚ ਨਹੀਂ ਹੈ, ਤਾਂ ਇਸ ਦਾ ਅੰਗਰੇਜ਼ੀ ਅਨੁਵਾਦ ਨਾਲ ਨੱਥੀ ਕਰਨਾ ਲਾਜ਼ਮੀ ਹੈ।
ਕੁਝ ਦੇਸ਼ਾਂ ਲਈ ਐਨੀ ਕੁ ਛੋਟ
ਫ਼ਿਜ਼ੀ, ਹਾਂਗਕਾਂਗ ਅਤੇ ਇਜ਼ਰਾਈਲ ਵਰਗੇ ਦੇਸ਼ਾਂ ਦੇ ਮਾਮਲੇ ਵਿੱਚ, ਉੱਥੋਂ ਦੀਆਂ ਅਥਾਰਟੀਆਂ ਸਿੱਧਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੂੰ ਸਰਟੀਫਿਕੇਟ ਭੇਜਦੀਆਂ ਹਨ। ਇਸ ਲਈ ਇਨ੍ਹਾਂ ਦੇਸ਼ਾਂ ਦੇ ਬਿਨੈਕਾਰ ਅਪਲਾਈ ਕੀਤੇ ਜਾਣ ਦਾ ਸਬੂਤ ਅਪਲੋਡ ਕਰ ਸਕਦੇ ਹਨ।
ਸਲਾਹ: ਇਮੀਗ੍ਰੇਸ਼ਨ ਵਿਭਾਗ ਨੇ ਬਿਨੈਕਾਰਾਂ ਨੂੰ ਅਪੀਲ ਕੀਤੀ ਹੈ ਕਿ ਪੁਲਿਸ ਸਰਟੀਫਿਕੇਟ ਆਉਣ ਵਿੱਚ ਸਮਾਂ ਲੱਗ ਸਕਦਾ ਹੈ, ਇਸ ਲਈ ਆਪਣੇ ਸਫ਼ਰ ਜਾਂ ਪੜ੍ਹਾਈ ਦੀ ਯੋਜਨਾ ਵਿੱਚ ਦੇਰੀ ਤੋਂ ਬਚਣ ਲਈ ਇਸ ਨੂੰ ਸਮੇਂ ਤੋਂ ਪਹਿਲਾਂ ਹੀ ਅਪਲਾਈ ਕਰਕੇ ਆਪਣੇ ਕੋਲ ਰੱਖੋ ਅਤੇ ਅਰਜ਼ੀ ਪੂਰੀ ਹੋਣ ’ਤੇ ਹੀ ਜਮ੍ਹਾਂ ਕਰੋ।
- Download Babushahi App
-
-