BREAKING- ਚੰਨੀ ਦੇ ਹੱਕ 'ਚ ਨਿੱਤਰੇ ਸੁਖਜਿੰਦਰ ਰੰਧਾਵਾ; ਤਸਵੀਰਾਂ ਸਾਂਝੀਆਂ ਕਰਕੇ ਲਿਖਿਆ- 'ਏਕਤਾ ਹੀ ਤਾਕਤ ਹੈ!'
ਕਾਂਗਰਸ 'ਚ ਬਗਾਵਤ ਦੀਆਂ ਸੁਰਾਂ ਵਿਚਾਲੇ ਮਾਝੇ ਦੇ ਜਰਨੈਲ ਦੀ ਚੰਨੀ ਨੂੰ ਹਮਾਇਤ! ਰੰਧਾਵਾ ਦੀ ਪੋਸਟ ਨੇ ਪੰਜਾਬ ਦੀ ਸਿਆਸਤ ਗਰਮਾ
ਚੰਡੀਗੜ੍ਹ, 06 ਜੁਲਾਈ 2026- ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਬਗਾਵਤ ਦੀਆਂ ਚੱਲ ਰਹੀਆਂ ਚਰਚਾਵਾਂ ਦਰਮਿਆਨ ਅੱਜ ਸੂਬੇ ਦੀ ਸਿਆਸਤ ਵਿੱਚ ਇੱਕ ਨਵਾਂ ਮੋੜ ਆਇਆ ਹੈ। ਕਾਂਗਰਸ ਦੇ MP ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਐਮ.ਪੀ. ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਖੁੱਲ੍ਹ ਕੇ ਨਿੱਤਰ ਆਏ ਹਨ। ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਚੰਨੀ ਨਾਲ ਕੁਝ ਖਾਸ ਤਸਵੀਰਾਂ ਸਾਂਝੀਆਂ ਕਰਦਿਆਂ ਇੱਕ ਮਜ਼ਬੂਤ ਸੰਦੇਸ਼ ਦਿੱਤਾ ਹੈ ਅਤੇ ਲਿਖਿਆ ਹੈ, "ਏਕਤਾ ਹੀ ਤਾਕਤ ਹੈ।"
ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਦੋ ਤਸਵੀਰਾਂ ਨੇ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਇਨ੍ਹਾਂ ਤਸਵੀਰਾਂ ਵਿੱਚ ਮਾਝੇ ਦੇ ਦਿੱਗਜ ਕਾਂਗਰਸੀ ਲੀਡਰਾਂ ਦੇ ਨਾਲ-ਨਾਲ ਪੰਜਾਬ ਕਾਂਗਰਸ ਦੇ ਕਈ ਵੱਡੇ ਚਿਹਰੇ ਇੱਕਜੁੱਟ ਦਿਖਾਈ ਦੇ ਰਹੇ ਹਨ। ਤਸਵੀਰਾਂ ਵਿੱਚ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਮੰਤਰੀ ਰਜ਼ੀਆ ਸੁਲਤਾਨਾ ਅਤੇ MLA ਪ੍ਰਗਟ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਨਜ਼ਰ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕਈ ਹੋਰ ਵੱਡੇ ਪੱਧਰ ਦੇ ਲੀਡਰ ਵੀ ਇਸ ਬੈਠਕ ਦਾ ਹਿੱਸਾ ਬਣੇ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ 'ਤੇ ਵੱਡੇ ਪੱਧਰ 'ਤੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਦਾ ਇੱਕ ਵੱਡਾ ਇਕੱਠ ਹੋਇਆ ਸੀ। ਇਸ ਇਕੱਠ ਤੋਂ ਬਾਅਦ ਹੀ ਪੰਜਾਬ ਕਾਂਗਰਸ ਦੇ ਅੰਦਰੂਨੀ ਹਾਲਾਤ ਕਾਫੀ ਭੱਖ ਗਏ ਸਨ ਅਤੇ ਪਾਰਟੀ ਦੇ ਅੰਦਰ ਅਸਿੱਧੇ ਤੌਰ 'ਤੇ ਬਗਾਵਤ ਦੀਆਂ ਸੁਰਾਂ ਉੱਠਣ ਲੱਗੀਆਂ ਸਨ। ਸਿਆਸੀ ਗਲਿਆਰਿਆਂ ਵਿੱਚ ਚਰਚਾ ਸੀ ਕਿ ਕਾਂਗਰਸ ਵਿੱਚ ਧੜੇਬੰਦੀ ਵਧ ਰਹੀ ਹੈ।
ਪਰ ਅੱਜ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਮਾਰੀ ਗਈ ਇਸ 'ਐਂਟਰੀ' ਅਤੇ ਦਿੱਗਜ ਲੀਡਰਾਂ ਦੀ ਮੌਜੂਦਗੀ ਵਾਲੀਆਂ ਤਸਵੀਰਾਂ ਨੇ ਵਿਰੋਧੀਆਂ ਨੂੰ ਸਖ਼ਤ ਸੁਨੇਹਾ ਦਿੱਤਾ ਹੈ। ਇਸ ਪੋਸਟ ਰਾਹੀਂ ਕਾਂਗਰਸ ਹਾਈਕਮਾਂਡ ਅਤੇ ਸੂਬਾ ਲੀਡਰਸ਼ਿਪ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਇੱਕਜੁੱਟ ਹਨ।
- Download Babushahi App
-
-