ਲੁਧਿਆਣਾ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਉੱਠੇ ਸਵਾਲ! ਸ਼ਹੀਦ ਭਗਤ ਸਿੰਘ ਨਗਰ 'ਚ ਗੰਦਗੀ, ਬੰਦ ਸਟ੍ਰੀਟ ਲਾਈਟਾਂ ਅਤੇ ਬਦਬੂ ਤੋਂ ਲੋਕ ਪਰੇਸ਼ਾਨ
ਸੁਖਮਿੰਦਰ ਭੰਗੂ
ਲੁਧਿਆਣਾ, 5 ਜੁਲਾਈ 2026- ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ 'ਮਿਸ਼ਨ ਕਲੀਨ ਪੰਜਾਬ' ਦੇ ਦਾਅਵਿਆਂ ਨੂੰ ਲੁਧਿਆਣਾ ਦਾ ਪੌਸ਼ ਇਲਾਕਾ ਸ਼ਹੀਦ ਭਗਤ ਸਿੰਘ ਨਗਰ ਸਖ਼ਤ ਚੁਣੌਤੀ ਦੇ ਰਿਹਾ ਹੈ। ਇਲਾਕੇ ਵਿੱਚ ਗੰਦਗੀ ਦੇ ਢੇਰ, ਬੰਦ ਪਈਆਂ ਸਟ੍ਰੀਟ ਲਾਈਟਾਂ ਅਤੇ ਬਾਰਿਸ਼ ਤੋਂ ਬਾਅਦ ਫੈਲਣ ਵਾਲੀ ਬਦਬੂ ਕਾਰਨ ਲੋਕਾਂ ਦਾ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਇਨ੍ਹਾਂ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਸਮਾਜ ਸੇਵੀ ਅਰਵਿੰਦ ਸ਼ਰਮਾ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਅਰਵਿੰਦ ਸ਼ਰਮਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਦੇ ਡੀ ਬਲਾਕ, ਈ ਬਲਾਕ, ਜੀ ਬਲਾਕ, ਐਚ ਬਲਾਕ ਅਤੇ ਸਿਟੀ ਸੈਂਟਰ ਦੇ ਆਲੇ-ਦੁਆਲੇ ਕੂੜੇ ਦੇ ਢੇਰ ਆਮ ਨਜ਼ਰ ਆਉਂਦੇ ਹਨ। ਨਿਯਮਿਤ ਸਫਾਈ ਨਾ ਹੋਣ ਕਾਰਨ ਇਲਾਕੇ ਵਿੱਚ ਹਰ ਸਮੇਂ ਗੰਦਗੀ ਅਤੇ ਬਦਬੂ ਦਾ ਮਾਹੌਲ ਬਣਿਆ ਰਹਿੰਦਾ ਹੈ। ਖ਼ਾਸ ਕਰਕੇ ਬਾਰਿਸ਼ ਤੋਂ ਬਾਅਦ ਸਿਟੀ ਸੈਂਟਰ ਵੱਲੋਂ ਆਉਣ ਵਾਲੀ ਬਦਬੂ ਕਾਰਨ ਲੋਕਾਂ ਦਾ ਘਰਾਂ ਵਿੱਚ ਰਹਿਣਾ ਵੀ ਔਖਾ ਹੋ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਕਰੀਬ ਇੱਕ ਮਹੀਨੇ ਤੋਂ ਈ ਬਲਾਕ ਦੀਆਂ ਸਟ੍ਰੀਟ ਲਾਈਟਾਂ ਬੰਦ ਪਈਆਂ ਹਨ। ਪਹਿਲੀ ਅਪ੍ਰੈਲ 2026 ਤੋਂ ਇਹ ਇਲਾਕਾ ਨਗਰ ਨਿਗਮ ਲੁਧਿਆਣਾ ਦੇ ਅਧੀਨ ਆ ਚੁੱਕਾ ਹੈ, ਪਰ ਸ਼ਿਕਾਇਤਾਂ ਦੇ ਬਾਵਜੂਦ ਅਜੇ ਤੱਕ ਸਮੱਸਿਆ ਦਾ ਹੱਲ ਨਹੀਂ ਹੋਇਆ। ਨਗਰ ਨਿਗਮ ਵੱਲੋਂ ਇਹ ਕਹਿ ਕੇ ਪੱਲਾ ਝਾੜਿਆ ਜਾ ਰਿਹਾ ਹੈ ਕਿ ਸਟ੍ਰੀਟ ਲਾਈਟਾਂ ਦੀ ਦੇਖਭਾਲ ਟਾਟਾ ਕੰਪਨੀ ਦੇ ਠੇਕੇ ਹੇਠ ਹੈ, ਪਰ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ।
ਉਨ੍ਹਾਂ ਕਿਹਾ ਕਿ ਰਾਤ ਸਮੇਂ ਸਾਰਾ ਇਲਾਕਾ ਹਨੇਰੇ ਵਿੱਚ ਡੁੱਬ ਜਾਂਦਾ ਹੈ, ਜਿਸ ਕਾਰਨ ਚੋਰੀ, ਲੁੱਟ-ਖੋਹ ਅਤੇ ਹੋਰ ਅਪਰਾਧਿਕ ਵਾਰਦਾਤਾਂ ਦਾ ਖ਼ਤਰਾ ਵਧ ਗਿਆ ਹੈ। ਹਨੇਰੇ ਅਤੇ ਬਦਹਾਲ ਪ੍ਰਬੰਧਾਂ ਕਾਰਨ ਇਲਾਕਾ ਨਿਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਅਰਵਿੰਦ ਸ਼ਰਮਾ ਨੇ ਨਗਰ ਨਿਗਮ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਆਪਣੀ ਟੀਮ ਸਮੇਤ ਸ਼ਹੀਦ ਭਗਤ ਸਿੰਘ ਨਗਰ ਦਾ ਦੌਰਾ ਕਰਕੇ ਸਫਾਈ ਪ੍ਰਬੰਧਾਂ, ਕੂੜੇ ਦੇ ਢੇਰਾਂ ਅਤੇ ਬੰਦ ਪਈਆਂ ਸਟ੍ਰੀਟ ਲਾਈਟਾਂ ਦਾ ਮੌਕੇ 'ਤੇ ਜਾਇਜ਼ਾ ਲੈਣ। ਉਨ੍ਹਾਂ ਕਿਹਾ ਕਿ ਜੇਕਰ "ਮਿਸ਼ਨ ਕਲੀਨ ਪੰਜਾਬ" ਨੂੰ ਸਫਲ ਬਣਾਉਣਾ ਹੈ ਤਾਂ ਜ਼ਮੀਨੀ ਪੱਧਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਅਤੇ ਸਥਾਈ ਹੱਲ ਕੀਤਾ ਜਾਣਾ ਲਾਜ਼ਮੀ ਹੈ, ਤਾਂ ਜੋ ਇਲਾਕਾ ਵਾਸੀਆਂ ਨੂੰ ਸਾਫ਼-ਸੁਥਰਾ, ਸੁਰੱਖਿਅਤ ਅਤੇ ਬਿਹਤਰ ਮਾਹੌਲ ਮਿਲ ਸਕੇ।
- Download Babushahi App
-
-