ਇੰਸਟਾਗ੍ਰਾਮ 'ਤੇ ਕੇਂਦਰ ਸਰਕਾਰ ਦੀ ਵੱਡੀ ਸਖ਼ਤੀ ! ₹99 ਵਿੱਚ ਬੱਚਿਆਂ ਦੇ ਵਿਵਾਦਤ ਵੀਡੀਓ ਪ੍ਰਮੋਟ ਕਰਨ ਵਾਲੇ ਇਸ਼ਤਿਹਾਰ ਤੁਰੰਤ ਹਟਾਉਣ ਦਾ ਨੋਟਿਸ, ਮੈਟਾ (Meta) ਨੂੰ ਕੀਤਾ ਤਲਬ।
ਨਵੀਂ ਦਿੱਲੀ, 5 ਜੁਲਾਈ। ਕੇਂਦਰ ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ (Instagram) ਵਿਰੁੱਧ ਇੱਕ ਬਹੁਤ ਹੀ ਸਖ਼ਤ ਕਾਰਵਾਈ ਕਰਦਿਆਂ ਉਸ ਦੀ ਮੂਲ ਕੰਪਨੀ 'ਮੈਟਾ' ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਕਾਰਵਾਈ ਇੰਸਟਾਗ੍ਰਾਮ 'ਤੇ ਦਿਖਾਏ ਜਾ ਰਹੇ ਉਨ੍ਹਾਂ ਭੁਗਤਾਨ ਕੀਤੇ (Paid) ਇਸ਼ਤਿਹਾਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਹੈ, ਜੋ ਕਥਿਤ ਤੌਰ 'ਤੇ ਬਾਲ ਜਿਨਸੀ ਸ਼ੋਸ਼ਣ ਸਮੱਗਰੀ (CSAM) ਨੂੰ ਉਤਸ਼ਾਹਿਤ ਕਰ ਰਹੇ ਸਨ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੰਤਰਾਲੇ (MeitY) ਦੇ ਅਧਿਕਾਰੀਆਂ ਨੂੰ ਮੈਟਾ ਦੇ ਅਧਿਕਾਰੀਆਂ ਨੂੰ ਤਲਬ ਕਰਨ ਅਤੇ ਤੁਰੰਤ ਇਨ੍ਹਾਂ ਇਸ਼ਤਿਹਾਰਾਂ ਨੂੰ ਹਟਾਉਣ ਦੇ ਆਦੇਸ਼ ਦਿੱਤੇ ਹਨ।
ਬੀਬੀਸੀ (BBC) ਦੀ ਜਾਂਚ ਵਿੱਚ ਹੋਇਆ ਹੈਰਾਨੀਜਨਕ ਖ਼ੁਲਾਸਾ
ਦਰਅਸਲ, ਬੀਬੀਸੀ ਵੱਲੋਂ ਕੀਤੀ ਗਈ ਇੱਕ ਖ਼ਾਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇੰਸਟਾਗ੍ਰਾਮ ਦੇ ਮੈਨੇਜਮੈਂਟ ਸਿਸਟਮ ਰਾਹੀਂ ਪਾਸ ਹੋ ਕੇ ਭਾਰਤ ਵਿੱਚ ਅਜਿਹੇ ਇਸ਼ਤਿਹਾਰ ਚੱਲ ਰਹੇ ਸਨ, ਜਿਨ੍ਹਾਂ ਵਿੱਚ "ਬਲਾਤਕਾਰ ਵੀਡੀਓ" ਅਤੇ "ਬੱਚਿਆਂ ਦੇ ਵੀਡੀਓ" ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਸੀ। ਇਹ ਇਸ਼ਤਿਹਾਰ ਯੂਜ਼ਰਸ ਨੂੰ ਟੈਲੀਗ੍ਰਾਮ ਚੈਨਲਾਂ ਵੱਲ ਰੀਡਾਇਰੈਕਟ (Redirect) ਕਰਦੇ ਸਨ, ਜਿੱਥੇ ਅਜਿਹੀ ਇਤਰਾਜ਼ਯੋਗ ਸਮੱਗਰੀ ਮਹਿਜ਼ 99 ਰੁਪਏ ਵਿੱਚ ਵੇਚੀ ਜਾ ਰਹੀ ਸੀ। ਜਾਂਚ ਟੀਮ ਨੇ ਜਦੋਂ ਭਾਰਤ ਵਿੱਚ ਇੱਕ ਜਾਅਲੀ ਅਕਾਊਂਟ ਬਣਾਇਆ, ਤਾਂ ਕੁਝ ਹੀ ਦਿਨਾਂ ਵਿੱਚ ਉਨ੍ਹਾਂ ਨੂੰ ਅਜਿਹੇ ਲਿੰਕ ਅਤੇ ਇਸ਼ਤਿਹਾਰ ਦਿਖਾਈ ਦੇਣ ਲੱਗ ਪਏ। ਇਸ ਮਾਮਲੇ 'ਤੇ ਮੈਟਾ ਨੇ ਸਫਾਈ ਦਿੰਦਿਆਂ ਕਿਹਾ ਕਿ "ਕੋਈ ਵੀ ਸਿਸਟਮ ਸੰਪੂਰਨ ਨਹੀਂ ਹੁੰਦਾ" ਪਰ ਉਹ ਨਿਯਮ ਤੋੜਨ ਵਾਲੇ ਇਸ਼ਤਿਹਾਰਾਂ ਨੂੰ ਹਟਾਉਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ।
ਕੇਂਦਰ ਸਰਕਾਰ ਇਸ ਹਫ਼ਤੇ ਮੈਟਾ ਅਤੇ ਹੋਰ ਵੱਡੀਆਂ ਕੰਪਨੀਆਂ ਦੇ ਨਿਯਮਾਂ ਨੂੰ ਲੈ ਕੇ ਲਗਾਤਾਰ ਸਖ਼ਤ ਰੁਖ਼ ਅਖਤਿਆਰ ਕਰ ਰਹੀ ਹੈ:
ਵਟਸਐਪ (WhatsApp) ਨੂੰ ਚੇਤਾਵਨੀ: ਬੁੱਧਵਾਰ ਨੂੰ ਸਰਕਾਰ ਨੇ WhatsApp ਦੇ ਆਉਣ ਵਾਲੇ 'ਯੂਜ਼ਰਨੇਮ ਫੀਚਰ' 'ਤੇ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਸਰਕਾਰ ਦਾ ਮੰਨਣਾ ਹੈ ਕਿ ਇਸ ਫੀਚਰ ਨਾਲ ਆਨਲਾਈਨ ਧੋਖਾਧੜੀ, ਫਿਸ਼ਿੰਗ ਅਤੇ ਡਿਜੀਟਲ ਅਰੈਸਟ ਵਰਗੇ ਸਾਈਬਰ ਅਪਰਾਧਾਂ ਦਾ ਖ਼ਤਰਾ ਕਾਫ਼ੀ ਵੱਧ ਸਕਦਾ ਹੈ। ਜਦੋਂ ਤੱਕ ਸਰਕਾਰ ਨਾਲ ਗੱਲਬਾਤ ਪੂਰੀ ਨਹੀਂ ਹੁੰਦੀ, ਇਸ ਫੀਚਰ ਨੂੰ ਲਾਂਚ ਨਾ ਕਰਨ ਲਈ ਕਿਹਾ ਗਿਆ ਹੈ।
ਟੈਲੀਗ੍ਰਾਮ (Telegram) ਨੂੰ 15 ਦਿਨਾਂ ਦਾ ਅਲਟੀਮੇਟਮ: NEET ਪੇਪਰ ਲੀਕ ਮਾਮਲੇ ਤੋਂ ਬਾਅਦ, ਹੁਣ ਫ਼ਿਲਮਾਂ ਅਤੇ OTT ਸਮੱਗਰੀ ਦੀ ਵੱਡੇ ਪੱਧਰ 'ਤੇ ਹੋ ਰਹੀ ਪਾਈਰੇਸੀ (Piracy) ਨੂੰ ਲੈ ਕੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਟੈਲੀਗ੍ਰਾਮ ਨੂੰ ਨੋਟਿਸ ਜਾਰੀ ਕੀਤਾ ਹੈ। ਟੈਲੀਗ੍ਰਾਮ ਕੋਲੋਂ ਅਗਲੇ 15 ਦਿਨਾਂ ਦੇ ਅੰਦਰ 'ਐਕਸ਼ਨ ਟੇਕਨ ਰਿਪੋਰਟ' (Action Taken Report) ਮੰਗੀ ਗਈ ਹੈ ਕਿ ਉਨ੍ਹਾਂ ਨੇ ਅਣਅਧਿਕਾਰਤ ਪ੍ਰਸਾਰਣ ਨੂੰ ਰੋਕਣ ਲਈ ਕੀ ਕਦਮ ਚੁੱਕੇ ਹਨ।
- Download Babushahi App
-
-