ਅਦੁੱਤੀ ਸ਼ਹਾਦਤ ਸ਼੍ਰੀ ਗੁਰੂ ਤੇਗ ਬਹਾਦਰ ਜੀ- ਹਰਪ੍ਰੀਤ ਸਿੰਘ ਉੱਪਲ
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ।।
ਗੁਰੂ ਗੋਬਿੰਦ ਸਿੰਘ ਜੀ ਦੇ ਇਸ ਕਥਨ ਵਿੱਚ ਏਨੀ ਨਿੱਘਰ ਸੱਚਾਈ ਹੈ ਕਿ ਸੰਸਾਰ ਭਰ ਦੇ ਸ਼ਹੀਦਾਂ ਦੇ ਇਤਿਹਾਸ ਵਿੱਚ ਅਜਿਹੀ ਮਿਸਾਲ ਨਹੀਂ ਮਿਲਦੀ ਕਿ ਕਿਸੇ ਗੁਰੂ ਜਾਂ ਮਹਾਂਪੁਰਖ ਨੇ ਦੂਸਰੇ ਧਰਮ ਵਾਸਤੇ ਕੁਰਬਾਨੀ ਦਿੱਤੀ ਹੋਵੇ। ਇਹ ਸਾਰਾ ਕੁਝ ਗੁਰੂ ਤੇਗ ਬਹਾਦਰ ਜੀ ਨੇ ਕੀਤਾ ਹੈ। ਮੇਰਾ ਇਹ ਦਾਅਵਾ ਨਹੀਂ ਕਿ ਹੋਰ ਕੌਮਾਂ ਵਿੱਚ ਸ਼ਹੀਦ ਨਹੀਂ ਹੋਏ। ਸ਼ਹੀਦ ਸ਼ਬਦ ਹੀ ਅਰਬੀ ਜੁਬਾਨ ਦਾ ਸ਼ਬਦ ਹੈ। ਇਸ ਦਾ ਅਰਥ ਹੈ ਗਵਾਹੀ ਦੇਣ ਵਾਲਾ, ਖੁਦਾ ਦੇ ਨਾਮ ਤੇ ਕੁਰਬਾਨ ਹੋ ਕੇ ਚੰਗੀ ਮਿਸਾਲ ਕਾਇਮ ਕਰਨ ਵਾਲਾ।
ਗੁਰੂ ਤੇਗ ਬਹਾਦਰ ਜੀ ਨੇ ਇੱਕ ਅਜਿਹਾ ਇਤਿਹਾਸ ਘੜ ਦਿੱਤਾ ਜਿਸ ਦੀ ਮਿਸਾਲ ਜਾਂ ਰਿਵਾਇਤ ਕਿਤੇ ਵੀ ਹੋਰ ਨਹੀਂ ਮਿਲਦੀ। ਆਪਣੇ ਧਰਮ ਬਦਲੇ ਆਪਣੀ ਅਣਖ ਬਦਲੇ ਬਹੁਤ ਸ਼ਹੀਦ ਹੋਏ ਹਨ ਉਹ ਵੀ ਮਹਾਨ ਹਨ। ਸੰਸਾਰ ਉਹਨਾਂ ਦਾ ਸਤਿਕਾਰ ਕਰਦਾ ਹੈ ਉਹ ਸਤਿਕਾਰ ਦੇ ਹੱਕਦਾਰ ਵੀ ਹਨ। ਪਰ ਗੁਰੂ ਤੇਗ ਬਹਾਦਰ ਜੀ ਦੀ ਵਡਿਆਈ ਇਸ ਗੱਲ ਵਿੱਚ ਹੈ ਕਿ ਉਹਨਾਂ ਨੇ ਦੂਸਰਿਆਂ ਦੇ ਧਰਮ ਬਦਲੇ ਬਲੀਦਾਨ ਦਿੱਤਾ। ਹਿੰਦੂ ਸਮਾਜ ਨੂੰ ਬਚਾਉਣ ਲਈ ਆਪਣਾ ਬਲੀਦਾਨ ਦੇਣ ਕਰਕੇ ਹੀ ਉਨ੍ਹਾਂ ਹਿੰਦ ਦੀ ਚਾਦਰ ਜਾਂ ਧਰਮ ਦੀ ਚਾਦਰ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਹਨ :
*ਤਿਲਕ ਜੰਞੂ ਰਾਖਾ ਪ੍ਰਭ ਤਾ ਕਾ।।*
*ਕੀਨੋ ਬਡੋ ਕਲੂ ਮਹਿ ਸਾਕਾ।।*
ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਹੋਏ ਹਨ। ਇਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੋਤਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਤੇ ਚਾਰ ਸਾਹਿਬਜ਼ਾਦਿਆਂ ਦੇ ਦਾਦਾ ਜੀ ਹੋਣ ਦਾ ਮਾਣ ਪ੍ਰਾਪਤ ਹੈ। ਆਪ ਜੀ ਦਾ ਜਨਮ 1 ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਗੁਰੂ ਜੀ ਵਿਦਵਾਨ ਸੂਰਬੀਰ ਸ਼ਸਤਰਧਾਰੀ ਧਰਮ ਅਤੇ ਰਾਜਨੀਤੀ ਵਿੱਚ ਨਿਪੁੰਨ ਸਨ। ਉਹਨਾਂ ਦਾ ਨਿੱਜੀ ਜੀਵਨ ਸਾਦਾ ਸੀ। ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਉਣ ਮਗਰੋਂ ਆਪ ਪਿੰਡ ਬਕਾਲੇ ਆ ਗਏ। ਇੱਥੇ ਲੰਮਾ ਸਮਾਂ ਭੋਰੇ ਵਿੱਚ ਬੈਠ ਕੇ ਪਰਮਾਤਮਾ ਦਾ ਸਿਮਰਨ ਕਰਦੇ ਰਹੇ। ਗੁਰੂ ਹਰਿਕ੍ਰਿਸ਼ਨ ਜੀ ਦੇ ਜੋਤੀ ਜੋਤ ਸਮਾਉਣ ਤੇ ਉਹਨਾਂ ਵਲੋਂ ਆਖਰੀ ਸ਼ਬਦ "ਬਾਬਾ ਬਕਾਲਾ" ਕਹੇ ਸਨ। ਜਿਸਦਾ ਅਰਥ ਅਗਲੇ ਗੁਰੂ ਦਾ ਬਾਬਾ ਬਕਾਲਾ ਵਿਖੇ ਹੋਣਾ ਸੀ। ਉਦੋਂ ਆਪਣੇ ਆਪ ਨੂੰ ਗੁਰੂ ਕਹਾਉਣ ਲਈ ਬਹੁਤ ਪਾਖੰਡੀਆਂ ਨੇ ਬਾਬਾ ਬਕਾਲੇ ਡੇਰੇ ਲਾ ਲਏ। ਸੰਗਤਾ ਵਿੱਚ ਵੀ ਗੁਰੂ ਨੂੰ ਲੈ ਕੇ ਦੁਬਿਧਾ ਬਣ ਗਈ ਸੀ। ਉਸ ਸਮੇਂ ਦੇ ਵਪਾਰੀ ਮੱਖਣ ਸ਼ਾਹ ਲੁਬਾਣਾ ਜਿਸ ਦਾ ਜਹਾਜ਼ ਡੁੱਬ ਰਿਹਾ ਸੀ ਤਾਂ ਉਸਨੇ ਸੱਚੇ ਮਨੋਂ ਅਰਦਾਸ ਕੀਤੀ ਕਿ ਗੁਰੂ ਸਾਹਿਬ ਉਸਨੂੰ ਬਚਾ ਲੈਣ। ਉਹ ਗੁਰੂ ਜੀ ਦੇ ਚਰਨਾਂ ਵਿੱਚ 500 ਮੋਹਰਾਂ ਭੇਟ ਕਰੇਗਾ। ਨੌਵੇਂ ਨਾਨਕ ਗੁਰੂ ਤੇਗ ਬਹਾਦਰ ਜੀ ਦੀ ਅਪਾਰ ਕਿਰਪਾ ਸਦਕਾ ਮੱਖਣ ਸ਼ਾਹ ਲੁਬਾਣਾ ਬਚ ਗਿਆ। ਆਪਣੀ ਕੀਤੀ ਅਰਦਾਸ ਮੁਤਾਬਕ ਉਹ ਬਾਬੇ ਬਕਾਲੇ ਗੁਰੂ ਚਰਨਾਂ ਵਿੱਚ ਮੋਹਰਾਂ ਭੇਟ ਕਰਨ ਲਈ ਪਹੁੰਚਿਆਂ ਤਾਂ ਉਸਨੇ 22 ਮੰਜੀਆਂ ਤੇ 22 ਗੁਰੂ ਬੈਠੇ ਹੋਏ ਦੇਖੇ। ਜਿਸ ਕਾਰਨ ਮੱਖਣ ਸ਼ਾਹ ਲੁਬਾਣਾ ਨੇ ਹਰ ਇੱਕ ਅੱਗੇ 2-2 ਮੋਹਰਾਂ ਭੇਟ ਕੀਤੀਆਂ। ਮੱਖਣ ਸ਼ਾਹ ਨੂੰ ਵੀ ਅਸਲ ਗੁਰੂ ਦਾ ਪਤਾ ਨਹੀਂ ਲੱਗਿਆ। ਕਿਸੇ ਦੇ ਦੱਸਣ ਮੁਤਾਬਿਕ ਉਸਨੂੰ ਪਤਾ ਲੱਗਿਆ ਕਿ ਇੱਕ ਗੁਰੂ ਕਾਫੀ ਸਾਲਾਂ ਤੋਂ ਭੋਰੇ ਵਿੱਚ ਬੈਠ ਕੇ ਤਪੱਸਿਆ ਕਰ ਰਹੇ ਹਨ । ਜਦੋਂ ਉਹ ਤੇਗ ਬਹਾਦਰ ਜੀ ਕੋਲ ਪਹੁੰਚਿਆ ਤਾਂ ਉਸ ਨੇ ਉਹਨਾਂ ਅੱਗੇ ਵੀ 2 ਮੋਹਰਾਂ ਭੇਟ ਕਰ ਦਿੱਤੀਆਂ ਤਾਂ ਗੁਰੂ ਜੀ ਨੇ ਮੱਖਣ ਸ਼ਾਹ ਲੁਬਾਣੇ ਤੋਂ ਅਰਦਾਸ ਦੌਰਾਨ ਕਹੀਆਂ ਬਾਕੀ ਮੋਹਰਾਂ ਦੀ ਮੰਗ ਕੀਤੀ। ਜਿਸ ਤੋਂ ਮੱਖਣ ਸ਼ਾਹ ਲੁਬਾਣਾ ਨੇ ਖੁਸ਼ ਹੋ ਕੇ ਕਿਹਾ 'ਗੁਰੂ ਲਾਧੋ ਰੇ ਗੁਰੂ ਲਾਧੋ' ਭਾਵ ਗੁਰੂ ਮਿਲ ਗਿਆ ਦਾ ਸਾਰੇ ਪਾਸੇ ਰੌਲਾ ਪਾ ਦਿੱਤਾ। ਫਿਰ ਆਪ ਗੁਰੂ ਨਾਨਕ ਦੇ ਨੌਵੇਂ ਗੁਰੂ ਦੀ ਗੱਦੀ ਤੇ ਬਿਰਾਜਮਾਨ ਹੋਏ।
ਆਪ ਨੇ ਜਾਤ ਪਾਤ, ਊਚ ਨੀਚ ਤੇ ਛੂਤ ਛਾਤ ਤੇ ਵਹਿਮਾਂ ਭਰਮਾਂ ਦਾ ਤਿਆਗ ਕਰਨ, ਪਰਸਪਰ ਆਪਸੀ ਪਿਆਰ ਤੇ ਭਰਾਤਰੀ ਭਾਵ ਨਾਲ ਰਹਿਣ ਦਾ ਉਪਦੇਸ਼ ਕੀਤਾ। ਇਸਤਰੀ ਜਾਤੀ ਦਾ ਸਨਮਾਨ ਤੇ ਸਤਿਕਾਰ ਕਰਨ, ਰੁਹਾਨੀ ਗਿਆਨ ਦੇ ਧਾਰਨੀ ਬਣਨ, ਮਿਹਨਤ ਤੇ ਸੱਚੀ ਸੁੱਚੀ ਕਿਰਤ ਕਰਨ, ਜੀਵਨ ਸੰਘਰਸ਼ ਵਿੱਚ ਅਣਖ ਤੇ ਅਜ਼ਾਦੀ ਨਾਲ ਰਹਿਣ ਦੀ ਜ਼ੋਰਦਾਰ ਪ੍ਰੇਰਨਾ ਕੀਤੀ। ਸਮਾਜ ਦੇ ਨਿਮਾਣੇ, ਨਿਤਾਣੇ ਤੇ ਕਮਜ਼ੋਰ ਸਮਝੇ ਜਾਂਦੇ ਵਰਗਾਂ ਵਿੱਚ ਅਣਖ, ਅਜ਼ਾਦੀ ਤੇ ਰੜਕ ਨਾਲ ਜੀਵਨ ਜਿਊਣ ਦੇ ਬੀਜ ਬੀਜੇ। ਗੁਰੂ ਜੀ ਦੀਆਂ ਸਿੱਖਿਆਵਾਂ ਦਾ ਲੋਕਾਂ ’ਤੇ ਬਹੁਤ ਗਹਿਰਾ ਪ੍ਰਭਾਵ ਪਿਆ ਅਤੇ ਉਨ੍ਹਾਂ ਦੇ ਵਿਚਾਰ ਤੇ ਇਰਾਦੇ ਦ੍ਰਿੜ੍ਹ ਤੇ ਪਰਪੱਕ ਹੁੰਦੇ ਗਏ।
ਉਸ ਸਮੇਂ ਦੀ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਦੇ ਜੁਲਮਾਂ ਅੱਗੇ ਲੋਕ ਕੁਰਲਾ ਰਹੇ ਸਨ। ਉਹ ਜਬਰੀ ਹਿੰਦੂ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਰਿਹਾ ਸੀ। ਉਸ ਸਮੇਂ ਕੁਝ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਦੀ ਸ਼ਰਨ ਵਿੱਚ ਆਏ। ਕਸ਼ਮੀਰੀ ਪੰਡਤਾਂ ਦੀ ਫਰਿਆਦ ਅਤੇ ਔਰੰਗਜ਼ੇਬ ਦੇ ਜ਼ੁਲਮ ਤੇ ਤਸ਼ੱਦਦ ਦੀ ਹਨੇਰੀ ਨੂੰ ਠੱਲ੍ਹ ਪਾਉਣ ਲਈ ਆਪ ਥਾਂ-ਥਾਂ ਪ੍ਰਚਾਰ ਕਰਦੇ ਦਿੱਲੀ ਵੱਲ ਚੱਲ ਪਏ। ਪਰ ਰਸਤੇ ਵਿੱਚ ਹੀ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕਿਹਾ ਜਾਂਦਾ ਹੈ ਕਿ ਗੁਰੂ ਜੀ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਭਿਆਨਕ ਤਸੀਹੇ ਦਿੱਤੇ ਜਾਂਦੇ ਰਹੇ। ਗੁਰੂ ਜੀ ਨੂੰ ਆਪਣੇ ਧਰਮ ਕਰਮ ਤੋਂ ਡੇਗਣ ਤੇ ਡਰਾਉਣ ਲਈ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਭਾਈ ਦਿਆਲਾ ਜੀ ਨੂੰ ਉੱਬਲਦੀ ਦੇਗ ਵਿੱਚ ਸਾੜਿਆ ਗਿਆ। ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਬੰਨ੍ਹ ਕੇ ਸਾੜਿਆ ਗਿਆ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ। ਪਰ ਗੁਰੂ ਜੀ ਪਰਬਤ ਵਾਂਗ ਅਟੱਲ, ਅਡੋਲ ਤੇ ਅਡਿੱਗ ਰਹੇ। ਅੰਤ ਸਰਕਾਰੀ ਸੂਬੇਦਾਰ ਤੇ ਸ਼ਾਹੀ ਕਾਜ਼ੀ ਵੱਲੋਂ ਤਿੰਨ ਸ਼ਰਤਾਂ ਗੁਰੂ ਜੀ ਅੱਗੇ ਰੱਖੀਆਂ। ਕੋਈ ਕਰਾਮਾਤ ਦਿਖਾਓ ਜਾਂ ਮੁਸਲਮਾਨ ਬਣ ਜਾਓ, ਨਹੀਂ ਤਾਂ ਮੌਤ ਲਈ ਤਿਆਰ ਹੋ ਜਾਓ। ਗੁਰੂ ਜੀ ਨੇ ਆਖਰੀ ਸ਼ਰਤ ਪਰਵਾਨ ਕਰ ਲਈ। ਅੰਤ 11 ਨਵੰਬਰ 1675 ਨੂੰ ਜਾਲਮ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਤੇ ਗੁਰੂ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕਰ ਦਿੱਤਾ।
ਗੁਰੂ ਜੀ ਦੀ ਇਸ ਅਦੁੱਤੀ ਸ਼ਹਾਦਤ ਦੀ ਸਮੁੱਚੀ ਕਾਇਨਾਤ,ਸੰਸਾਰ ਭਰ ਵਿੱਚ ਕਿਤੇ ਵੀ ਕੋਈ ਮਿਸਾਲ ਅੱਜ ਤੱਕ ਨਹੀਂ ਮਿਲੀ। ਧੜ ਦਾ ਕਿਸੇ ਹੋਰ ਥਾਂ ਅਤੇ ਸੀਸ ਦਾ ਕਿਸੇ ਹੋਰ ਥਾਂ ਸਸਕਾਰ ਕੀਤਾ ਗਿਆ ਹੋਵੇ। ਭਾਈ ਜੈਤਾ ਜੀ ਗੁਰੂ ਜੀ ਦਾ ਸੀਸ ਲੈ ਕੇ ਅਨੰਦਪੁਰ ਪੁੱਜੇ ਜਿੱਥੇ ਸੀਸ ਦਾ ਸਸਕਾਰ ਕੀਤਾ ਗਿਆ। ਧੜ ਦਾ ਸਸਕਾਰ ਲੱਖੀ ਸ਼ਾਹ ਵਣਜਾਰਾ ਨੇ ਦਿੱਲੀ ਆਪਣੇ ਘਰ ਵਿੱਚ ਕੀਤਾ। ਗੁਰੂ ਤੇਗ ਬਹਾਦਰ ਜੀ ਨੇ ਤਿਲਕ ਜੰਞੂ ਦੀ ਰੱਖਿਆ ਲਈ ਅਲੌਕਿਕ ਸਾਕਾ ਕਰ ਵਿਖਾਇਆ
ਤੇ ਧਰਮ ਦੀ ਰੱਖਿਆ ਲਈ ਆਪਣੀ ਸ਼ਹੀਦੀ ਦੇ ਦਿੱਤੀ। ਉਹਨਾਂ ਨੇ ਸੀਸ ਦੇ ਦਿੱਤਾ ਪਰ ਅਸੂਲ ਨਹੀਂ ਤਿਆਗੇ।
*ਧਰਮ ਹੇਤਿ ਸਾਕਾ ਜਿਨਿ ਕੀਆ।।*
*ਸੀਸੁ ਦੀਆ ਪਰ ਸਿਰਰੁ ਨ ਦੀਆ।।*
ਗੁਰੂ ਗ੍ਰੰਥ ਸਾਹਿਬ ਦੇ ਸੰਕਲਣ ਤੋਂ ਕਈ ਸਾਲ ਪਿੱਛੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਨੌਂਵੇਂ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ। ਆਪ ਜੀ ਦੀ ਸਮੁੱਚੀ ਬਾਣੀ ਵਿੱਚੋਂ ਤਿਆਗ, ਵੈਰਾਗ, ਸੰਜਮ ਤੇ ਸੰਤੋਖੀ ਜੀਵਨ ਜਿਊਣ ਦੀ ਸੇਧ ਤੇ ਸਿੱਖਿਆ ਮਿਲਦੀ ਹੈ। ਫਿਰ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਤਲੇ ਸਲੋਕ, ਜਿਨ੍ਹਾਂ ਨੂੰ ਭੋਗ ਦੇ ਸਲੋਕ ਆਖਿਆ ਜਾਂਦਾ ਹੈ, ਜੋ ਗਿਣਤੀ ਵਿੱਚ 57 ਸਲੋਕ ਹਨ, ਉਨ੍ਹਾਂ ਨੂੰ ਗੁਰੂ ਜੀ ਦੀ ਜੀਵਨ ਫਿਲਾਸਫੀ, ਸਿੱਖਿਆ ਤੇ ਸਿਧਾਂਤ ਦਾ ਤੱਤਸਾਰ ਜਾਂ ਨਿਚੋੜ ਆਖਿਆ ਜਾ ਸਕਦਾ ਹੈ।
*ਉਸਤਤਿ ਨਿੰਦਿਆ ਨਾਹਿ ਜਿਹਿ, ਕੰਚਨ ਲੋਹ ਸਮਾਨਿ।।*
*ਕਹੁ ਨਾਨਕ ਸੁਨ ਰੇ ਮਨਾ, ਮੁਕਤਿ ਤਾਹਿ ਤੈ ਜਾਨਿ॥*
ਹਰਪ੍ਰੀਤ ਸਿੰਘ ਉੱਪਲ ਈਟੀਟੀ ਅਧਿਆਪਕ ਪਟਿਆਲਾ
8054020692

-
ਹਰਪ੍ਰੀਤ ਸਿੰਘ ਉੱਪਲ, ਈਟੀਟੀ ਅਧਿਆਪਕ ਪਟਿਆਲਾ
jakhwali89@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.