ਜੋਬਨ ਰੁੱਤੇ ਤੁਰ ਗਿਆ : ਗਾਇਕ ਰਾਜਵੀਰ ਸਿੰਘ ਜਵੰਦਾ- ਉਜਾਗਰ ਸਿੰਘ
ਪੰਜਾਬੀ ਸਭਿਅਚਾਰ ਦਾ ਚਮਕਦਾ ਸਿਤਾਰਾ ਅਚਾਨਕ ਢੱਠਿਆਂ ਦੇ ਭੇੜ ਦਾ ਸ਼ਿਕਾਰ ਹੋ ਕੇ ਅਲੋਪ ਹੋ ਗਿਆ, ਪ੍ਰੰਤੂ ਉਸਦੀ ਸੰਗੀਤਕ ਸੁਰ ਦੀ ਰੌਸ਼ਨੀ ਰਹਿੰਦੀ ਦੁਨੀਆਂ ਤੱਕ ਬਰਕਰਾਰ ਰਹੇਗੀ। ਰਾਜਵੀਰ ਦਾ ਪਹਿਰਾਵਾ ਅਤੇ ਗੀਤਸੰਗੀਤ ਪੰਜਾਬੀ ਸਭਿਆਚਾਰ ਦਾ ਪ੍ਰਤੀਕ ਸਨ। ਸੰਸਾਰ ਵਿੱਚ ਵਸ ਰਹੇ ਲੱਖਾਂ ਪੰਜਾਬੀਆਂ ਦੀਆਂ ਦੁਆਵਾਂ ਵੀ ਰਾਜਵੀਰ ਸਿੰਘ ਜਵੰਦਾ ਨੂੰ ਬਚਾ ਨਹੀਂ ਸਕੀਆਂ। 27 ਸਤੰਬਰ 2025 ਨੂੰ ਹਿਮਾਚਲ ਪ੍ਰਦੇਸ਼ ਵਿੱਚ ਬਦੀ ਨੇੜੇ ਆਪਣੇ ਦੋਸਤਾਂ ਨਾਲ ਟ੍ਰੈਕਿੰਗ ‘ਤੇ ਜਾਂਦੇ ਹੋਏ ਇੱਕ ਅਵਾਰਾ ਪਸ਼ੂ ਨਾਲ ਟਕਰਾਉਣ ਤੋਂ ਬਾਅਦ ਭਿਆਨਕ ਸੜਕੀ ਹਾਦਸਾ ਹੋਇਆ ਸੀ। ਇਸ ਕਲਹਿਣੇ ਦਿਨ ਤੋਂ ਬਾਅਦ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਰਾਜਵੀਰ ਸਿੰਘ ਜਵੰਦਾ 11 ਦਿਨਾ ਤੋਂ ਬਾਅਦ ਅਖ਼ੀਰ ਜ਼ਿੰਦਗੀ ਦੀ ਲੜਾਈ ਹਾਰ ਗਿਆ ਹੈ। ਸੰਗੀਤ ਪ੍ਰੇਮੀਆਂ ਨੂੰ ਉਸਦੇ ਤੰਦਰੁਸਤ ਹੋਣ ਦੀ ਆਸ ਬੱਝੀ ਹੋਈ ਸੀ, ਕਿਉਂਕਿ ਅਣਗਿਣਤ ਲੋਕਾਂ ਦੀਆਂ ਦੁਆਵਾਂ ਵਾਹਿਗੁਰੂ ਅੱਗੇ ਉਸਦੇ ਸਿਹਤਯਾਬ ਹੋਣ ਲਈ ਅਰਦਾਸਾਂ ਕਰ ਰਹੀਆਂ ਸਨ। ਇਕੱਲਾ ਰਾਜਵੀਰ ਸਿੰਘ ਜਵੰਦਾ ਦਾ ਪਰਿਵਾਰ ਹੀ ਨਹੀਂ ਸਗੋਂ ਗੀਤ ਸੰਗੀਤ ਨੂੰ ਪ੍ਰੇਮ ਕਰਨ ਵਾਲਾ ਹਰ ਵਿਅਕਤੀ ਉਸਦੇ ਤੁਰ ਜਾਣ ਤੋਂ ਬਾਅਦ ਆਪਣੇ ਆਪਨੂੰ ਬੇਬਸ ਤੇ ਠੱਗਿਆ ਮਹਿਸੂਸ ਕਰ ਰਿਹਾ ਹੈ। ਸਮੁੱਚਾ ਸੰਗੀਤਕ ਜਗਤ ਰਾਜਵੀਰ ਜਵੰਦਾ ਦੇ ਸਵਰਗਵਾਸ ਹੋਣ ਦੀ ਖ਼ਬਰ ਸੁਣਕੇ ਸੋਗ ਵਿੱਚ ਡੁੱਬ ਗਿਆ ਹੈ। ਉਸਦੀ ਸੁਰੀਲੀ ਤੇ ਸਾਫ਼ ਸੁਥਰੀ ਲੋਕ ਗਾਇਕੀ ਕਰਕੇ ਉਹ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਵੱਸਿਆ ਹੋਇਆ ਸੀ। ਜਿਸ ਦਿਨ ਤੋਂ ਉਸਦੇ ਹਾਦਸੇ ਦਾ ਪਤਾ ਲੱਗਾ ਸੀ, ਲਗਪਗ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ ਰਾਜਵੀਰ ਸਿੰਘ ਜਵੰਦਾ ਦੀ ਸਿਹਤਯਾਬੀ ਨਾਲ ਜੁੜ ਗਈਆਂ। ਮੈਂ ਆਪਣੀ 77 ਸਾਲ ਦੀ ਉਮਰ ਵਿੱਚ ਕਿਸੇ ਗਾਇਕ ਦੀ ਤੰਦਰੁਸਤੀ ਲਈ ਐਨੇ ਲੋਕ ਦੁਆਵਾਂ ਕਰਦੇ ਨਹੀਂ ਵੇਖੇ। ਸੰਸਾਰ ਦੇ ਹਰ ਖਿੱਤੇ ਵਿੱਚ ਲੋਕ ਉਸਦੀ ਸਿਹਤਯਾਬੀ ਲਈ ਦੁਆਵਾਂ ਕਰ ਰਹੇ ਸਨ। ਉਸਨੂੰ ਭਾਵੇਂ ਕੋਈ ਕਦੀਂ ਮਿਲਿਆ ਹੋਵੇ ਤੇ ਭਾਵੇਂ ਨਾ ਵੀ ਮਿਲਿਆ ਹੋਵੇ, ਪ੍ਰੰਤੂ ਉਹ ਰਾਜਵੀਰ ਸਿੰਘ ਜਵੰਦਾ ਦੀ ਜਲਦੀ ਤੰਦਰੁਸਤੀ ਦੀ ਦੁਆ ਕਰ ਰਿਹਾ ਸੀ। ਰਾਜਵੀਰ ਸਿੰਘ ਜਵੰਦਾ ਦੇ ਤੁਰ ਜਾਣ ਨਾਲ ਸਮੁੱਚੀ ਮਾਨਵਤਾ ਨੂੰ ਧੱਕਾ ਲੱਗਾ ਹੈ। ਅੱਜ ਗੀਤ ਸੰਗੀਤ ਨੂੰ ਪਿਆਰ ਕਰਨ ਵਾਲੇ ਹਰ ਇਨਸਾਨ ਦੀ ਅੱਖ ਵਿੱਚ ਹੰਝੂਆਂ ਦੀ ਝੜੀ ਲੱਗੀ ਹੋਈ ਹੈ। ਰਾਜਵੀਰ ਸਿੰਘ ਜਵੰਦਾ ਦੇ ਸਵਰਗਵਾਸ ਹੋ ਜਾਣ ਦੀ ਮਨਹੂਸ ਖ਼ਬਰ ਨੇ ਪੰਜਾਬੀਆਂ ਨੂੰ ਝੰਜੋੜਕੇ ਰੱਖ ਦਿੱਤਾ ਹੈ। ਉਹ ਕਿਹੜਾ ਇਨਸਾਨ ਹੈ, ਜਿਸਦੀ ਅੱਖ ਨਮ ਨਹੀਂ ਹੋਈ। ਸੋਹਣਾ, ਸੁਨੱਖਾ, ਸੁਡੌਲ, ਹੁੰਦੜਹੇਲ, ਚੁਸਤ ਫਰੁਸਤ, ਤਿੱਖੇ ਨੈਣ ਨਕਸ਼ ਵਾਲਾ, ਮਿੱਠਬੋਲੜਾ ਰਾਜਵੀਰ ਜਵੰਦਾ ਅਜੇ ਵੀ ਅੱਖਾਂ ਅੱਗੇ ਉਸੇ ਤਰ੍ਹਾਂ ਗਾਉਂਦਾ ਤੇ ਵਿਚਰਦਾ ਵਿਖਾਈ ਦੇ ਰਿਹਾ ਹੈ। ਭਾਵੇਂ ਉਹ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ ਹੈ, ਪ੍ਰੰਤੂ ਦਿਲ ਨੂੰ ਯਕੀਨ ਨਹੀਂ ਆ ਰਿਹਾ। ਅਜੇ ਤਾਂ ਉਸਨੇ ਨਵੇਂ ਕੀਰਤੀਮਨ ਸਥਾਪਤ ਕਰਨੇ ਸਨ। ਭਰ ਜਵਾਨੀ ਵਿੱਚ ਬਿਨ ਖਿੜਿਆਂ ਬਹੁ ਰੰਗਾ ਖ਼ੁਸ਼ਬੋਆਂ ਵੰਡਦਾ ਫੁੱਲ ਡਾਲੀ ਨਾਲੋਂ ਟੁੱਟ ਗਿਆ ਹੈ। ਸੰਗੀਤ ਰੂਹ ਦੀ ਖ਼ੁਰਾਕ ਹੁੰਦਾ ਹੈ। ਰਾਜਵੀਰ ਸਿੰਘ ਜਵੰਦਾ ਦੇ ਗੀਤ ਸਾਫ਼ ਸੁਥਰੇ ਘਰ ਪਰਿਵਾਰ ਵਿੱਚ ਬੈਠਕੇ ਸੁਣੇ ਜਾ ਸਕਦੇ ਹਨ। ਬਹੁਤੇ ਗੀਤ ਉਹ ਆਪ ਹੀ ਲਿਖਦਾ ਤੇ ਆਪ ਹੀ ਗਾਉਂਦਾ ਸੀ। ਰਾਜਵੀਰ ਸਿੰਘ ਜਵੰਦਾ ਨੇ ਸੰਸਾਰ ਵਿੱਚ ਪੰਜਾਬੀ ਗਾਇਕੀ ਨਾਲ ਆਪਣਾ ਨਾਮ ਬਣਾਇਆ ਅਤੇ ਦੇਸ਼ ਵਿਦੇਸ਼ ਵਿੱਚ ਛਾਇਆ ਰਿਹਾ। ਉਹ ਇੱਕ ਅਜਿਹਾ ਗਾਇਕ ਸੀ, ਜਿਸਦੇ ਲਗਪਗ ਹਰ ਰੋਜ਼ ਪ੍ਰੋਗਰਾਮ ਲੱਗਦੇ ਰਹਿੰਦੇ ਸਨ।
ਉਸਦੀ ਇਕ ਹੋਰ ਵਿਲੱਖਣਤਾ ਸੀ ਕਿ ਉਸਨੇ ਕਦੇ ਵੀ ਕੋਈ ਗੰਨਮੇਨ ਨਹੀਂ ਰੱਖਿਆ ਸੀ। ਹਮੇਸ਼ਾ ਇਕੱਲਾ ਹੀ ਘੁੰਮਦਾ ਰਹਿੰਦਾ ਸੀ। ਉਸਦਾ ਕਿਸੇ ਵੀ ਕਲਾਕਾਰ ਜਾਂ ਗਾਇਕ ਨਾਲ ਕੋਈ ਵਿਰੋਧ ਨਹੀਂ ਸੀ। ਉਹ ਕਦੀਂ ਵੀ ਕਿਸੇ ਵਾਦ ਵਿਵਾਦ ਵਿੱਚ ਨਹੀਂ ਪਿਆ। ਆਮ ਤੌਰ ‘ਤੇ ਵੱਡੇ ਕਲਾਕਾਰਾਂ ਨਾਲ ਵਾਦ ਵਿਵਾਦ ਜੁੜਦੇ ਰਹਿੰਦੇ ਹਨ। ਇਤਨੀ ਛੋਟੀ ਉਮਰ ਵਿੱਚ ਹੀ ਨਾਮਣਾ ਖੱਟ ਗਿਆ, ਇਹੋ ਉਸਦੀ ਕਮਾਈ ਹੈ। ਰਾਜਵੀਰ ਸਿੰਘ ਜਵੰਦਾ ਦੀ ਹਰਮਨ ਪਿਆਰਤਾ ਅਤੇ ਕਲਾਕਾਰਾਂ ਤੇ ਗਾਇਕਾਂ ਨਾਲ ਪਿਆਰ ਦਾ ਪ੍ਰਗਟਾਵਾ ਉਸਦੇ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਪੰਜਾਬ ਦਾ ਹਰ ਵੱਡਾ ਗਾਇਕ ਤੇ ਕਲਾਕਾਰ ਤੁਰੰਤ ਹਸਪਤਾਲ ਅਤੇ ਉਸਦੇ ਪਿੰਡ ਪਹੁੰਚ ਗਿਆ ਹੈ। ਇਹ ਹੀ ਰਾਜਵੀਰ ਸਿੰਘ ਜਵੰਦਾ ਦੀ ਸ਼ੋਹਰਤ ਦੀ ਨਿਸ਼ਾਨੀ ਹੈ।
ਪੁਲਿਸ ਦੀ ਨੌਕਰੀ ਵੀ ਉਸਨੂੰ ਰਾਸ ਨਹੀਂ ਆਈ, ਹਾਲਾਂ ਕਿ ਪੁਲਿਸ ਵਿਭਾਗ ਦੇ ਅਧਿਕਾਰੀ ਉਸਨੂੰ ਨੌਕਰੀ ਛੱਡਣ ਤੋਂ ਰੋਕਦੇ ਰਹੇ। ਇਸੇ ਕਰਕੇ ਉਸਦਾ ਅਸਤੀਫ਼ਾ ਲੰਬਾ ਸਮਾਂ ਦਫ਼ਤਰੀ ਝਮੇਲਿਆਂ ਵਿੱਚ ਪਿਆ ਰਿਹਾ। ਰਾਜਵੀਰ ਸਿੰਘ ਜਵੰਦਾ 11 ਦਿਨ ਫੋਰਟੀਜ਼ ਹਸਪਤਾਲ ਵਿੱਚ ਦਾਖ਼ਲ ਰਿਹਾ, ਉਸਦੀ ਤੰਦਰੁਸਤੀ ਦੀ ਖ਼ਬਰ ਲੈਣ ਵਾਲੇ ਲੋਕਾਂ ਦਾ ਤਾਂਤਾ ਲੱਗਿਆ ਰਿਹਾ। ਇਕੱਲੇ ਸੰਗੀਤਕਾਰ ਹੀ ਨਹੀਂ ਸਗੋਂ ਸਮਾਜ ਦੇ ਹਰ ਵਰਗ ਦੇ ਲੋਕ ਹਸਪਤਾਲ ਪਹੁੰਚਦੇ ਰਹੇ। ਇਥੋਂ ਤੱਕ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਪ੍ਰਮੁੱਖ ਨੇਤਾ ਉਸਦੀ ਖ਼ਬਰ ਲੈਣ ਲਈ ਪਹੁੰਚੇ ਸਨ। ਪੰਜਾਬ ਦੇ ਮੁੱਖ ਮੰਤਰੀ ਜੋ ਖੁਦ ਕਲਾਕਾਰ ਹਨ, ਉਹ ਵੀ ਹਸਪਤਾਲ ਪਹੁੰਚੇ ਸਨ। ਜੇਕਰ ਸਿਆਸਤਦਾਨ ਇਤਨੇ ਹੀ ਚਿੰਤਾਤੁਰ ਹਨ ਤਾਂ ਉਹ ਅਵਾਰਾ ਪਸ਼ੂਆਂ ਦਾ ਕੋਈ ਸਾਰਥਿਕ ਪ੍ਰਬੰਧ ਕਿਉਂ ਨਹੀਂ ਕਰਦੇ। ਅਵਾਰਾ ਪਸ਼ੂਆਂ ਕਰਕੇ ਹਜ਼ਾਰਾਂ ਵਿਅਕਤੀ ਆਪਣੀਆਂ ਜਾਨਾ ਗੁਆ ਚੁੱਕੇ ਹਨ। ਇਸ ਲਈ ਸਾਰੀਆਂ ਪਾਰਟੀਆਂ ਦੇ ਸਿਆਸਤਦਾਨਾ ਨੂੰ ਮਿਲ ਬੈਠਕੇ ਕੋਈ ਅਜਿਹੀ ਨੀਤੀ ਬਣਾਉਣੀ ਚਾਹੀਦੀ ਤਾਂ ਜੋ ਅਵਾਰਾ ਪਸ਼ੂ ਸੜਕਾਂ ਤੇ ਨਾ ਆ ਸਕਣ। ਲਗਪਗ ਦੇਸ਼ ਦੀਆਂ ਸਾਰੀਆਂ ਸਰਕਾਰਾਂ ਗਊ ਸੈਸ ਲੋਕਾਂ ਤੋਂ ਲੈਂਦੀਆਂ ਹਨ, ਫਿਰ ਪਸ਼ੂਆਂ ਦਾ ਇੰਤਜ਼ਾਮ ਕਿਉਂ ਨਹੀਂ ਕਰਦੀਆਂ?
ਰਾਜਵੀਰ ਜਵੰਦਾ ਦਾ ਜਨਮ ਕਰਮ ਸਿੰਘ ਜਵੰਦਾ ਦੇ ਘਰ ਮਾਤਾ ਪਰਮਜੀਤ ਕੌਰ ਦੀ ਕੁੱਖੋਂ 20 ਮਈ 1987 ਨੂੰ ਲੁਧਿਆਣਾ ਜਿਲ੍ਹੇ ਵਿੱਚ ਜਗਰਾਉਂ ਦੇ ਨਜ਼ਦੀਕ ਪਿੰਡ ਪੋਨਾ ਵਿਖੇ ਹੋਇਆ ਸੀ। ਉਹ ਆਪਣੇ ਪਿੱਛੇ ਆਪਣੀ ਮਾਤਾ ਪਰਮਜੀਤ ਕੌਰ, ਪਤਨੀ ਅਸ਼ਵਿੰਦਰ ਕੌਰ, ਪੁੱਤਰੀ ਹੇਮੰਤ ਕੌਰ, ਪੁੱਤਰ ਦਿਲਾਵਰ ਸਿੰਘ ਤੇ ਭੈਣ ਕਮਲਜੀਤ ਕੌਰ ਤੋਂ ਇਲਾਵਾ ਬਜ਼ੁਰਗ ਦਾਦੀ ਨੂੰ ਛੱਡ ਗਿਆ ਹੈ। ਉਸਦਾ ਪਿਤਾ 2021 ਵਿੱਚ ਸਵਰਗਵਾਸ ਹੋ ਗਿਆ ਸੀ। ਸਕੂਲੀ ਪੜ੍ਹਾਈ ਉਸਨੇ ਸਨਮਤੀ ਵਿਮਲ ਜੈਨ ਸਕੂਲ ਜਗਰਾਉਂ ਤੋਂ ਕੀਤੀ। ਉਸਤੋਂ ਬਾਅਦ ਬੀ.ਏ ਲਾਲਾ ਲਾਜਪਤ ਰਾਇ ਕਾਲਜ ਜਗਰਾਉਂ ਤੋਂ ਪਾਸ ਕੀਤੀ। ਮਹਿਜ ਗਿਆਰਾਂ ਸਾਲ ਦੀ ਉਮਰ ਵਿੱਚ ਹੀ ਉਸਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸਕੂਲ ਦੀਆਂ ਸਭਿਅਚਾਰਕ ਸਰਗਰਮੀਆਂ ਵਿੱਚ ਮੋਹਰੀ ਦੀ ਭੂਮਿਕਾ ਨਿਭਾਉਂਦਾ ਰਿਹਾ। ਉਹ ਆਪਣੇ ਦਾਦਾ ਨਾਲ ਕਵੀਸ਼ਰੀ ਸੁਣਨ ਜਾਂਦਾ ਰਿਹਾ, ਨਗਰ ਕੀਰਤਨ ਅਤੇ ਗੁਰੂ ਘਰ ਦੇ ਪ੍ਰੋਗਰਾਮਾ ਵਿੱਚ ਰਾਗੀਆਂ ਦੇ ਕੋਲ ਬੈਠਕੇ ਕੀਰਤਨ ਸੁਣਦਾ ਹੁੰਦਾ ਸੀ। ਇਸ ਕਰਕੇ ਸਕੂਲ ਦੀ ਪੜ੍ਹਾਈ ਦੌਰਾਨ ਹੀ ਉਸਨੇ ਉਸਤਾਦ ਲਾਲੀ ਖ਼ਾਨ ਕੋਲੋਂ ਗਾਇਕੀ ਦੀ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ ਸੀ। 10 ਸਾਲ ਉਹ ਸੰਗੀਤਕ ਜਗਤ ਵਿੱਚ ਸਥਾਪਤ ਹੋਣ ਲਈ ਜਦੋਜਹਿਦ ਕਰਦਾ ਰਿਹਾ। 10 ਸਾਲ ਤੋਂ ਬਾਅਦ ਉਹ ਐਸਾ ਸਥਾਪਤ ਹੋਇਆ ਕਿ ਲੋਕਾਂ ਨੇ ਉਸਦੀ ਗਾਇਕੀ ਨੂੰ ਪ੍ਰਵਾਨ ਕਰਕੇ ਉਸਨੂੰ ਆਪਣੀਆਂ ਅੱਖਾਂ ਦਾ ਤਾਰਾ ਬਣਾ ਲਿਆ। ਲਾਲ ਚੰਦ ਯਮਲਾ ਜੱਟ ਦੀ ਗਾਇਕੀ ਦਾ ਕਾਇਲ ਹੋਣ ਕਰਕੇ ਉਸਨੇ ਤੂੰਬੀ ਵਜਾਉਣੀ ਅਤੇ ਪੱਗ ਬੰਨਣੀ ਆਪਣੇ ਪਿਤਾ ਤੋਂ ਸਿੱਖੀ ਸੀ। ਕਾਲਜ ਸਮੇਂ ਇੰਟਰ ਕਾਲਜ ਯੂਥ ਫ਼ੈਸਟੀਵਲਾਂ ਦਾ ਸ਼ਿੰਗਾਰ ਹੁੰਦਾ ਸੀ। ਸੁਭਾਆ ਦਾ ਬਹੁਤ ਨਰਮ ਅਤੇ ਮਹੁੱਬਤੀ ਵਿਦਿਆਰਥੀ ਸੀ। ਯੂਥ ਫ਼ੈਸਟੀਵਲਾਂ ਵਿੱਚ ਰਾਜਵੀਰ ਸਿੰਘ ਜਵੰਦਾ ਨੇ ਵੱਖੋ ਵੱਖਰੇ ਈਵੈਂਟਸ ਵਿੱਚੋਂ 11 ਟਰਾਫੀਆਂ ਜਿੱਤੀਆਂ ਸਨ। ਪੋਸਟ ਗ੍ਰੈਜੂਏਸ਼ਨ ਲਈ 2007 ਵਿੱਚ ਰਾਜਵੀਰ ਜਵੰਦਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਦਾਖ਼ਲਾ ਲਿਆ ਸੀ। ਇਥੇ ਉਸਨੇ ਥੇਟਰ ਤੇ ਟੀ.ਵੀ ਦੀ ਪੋਸਟ ਗ੍ਰੈਜੂਏਸ਼ਨ ਕੀਤੀ। ਉਸਤੋਂ ਬਾਅਦ ਫਿਰ 2011 ਵਿੱਚ ਉਹ ਪੰਜਾਬ ਪੁਲਿਸ ਵਿੱਚ ਭਰਤੀ ਹੋ ਗਿਆ। ਲਗਪਗ 9 ਸਾਲ ਉਸਨੇ ਪੁਲਿਸ ਵਿੱਚ ਨੌਕਰੀ ਕੀਤੀ। ਉਹ ਭਾਂਤ ਸੁਭਾਂਤ ਦੇ ਮੋਟਰ ਸਾਈਕਲਾਂ ਅਤੇ ਟ੍ਰੈਕਿੰਗ ਦਾ ਸ਼ੌਕੀਨ ਸੀ। ਪਹਿਲੀ ਵਾਰ ਉਸਦਾ ਗਾਣਾ 2007 ਵਿੱਚ ਯੂ ਟਿਊਬ ਤੇ ਆਇਆ ਸੀ। 2016 ਵਿੱਚ ਮੁਕਾਬਲਾ ਅਤੇ 2017 ਵਿੱਚ ਕੰਗਣੀ ਗੀਤ ਨਾਲ ਉਸਦੀ ਮਕਬੂਲੀਅਤ ਵੱਧ ਗਈ। ਰਾਜਵੀਰ ਜਵੰਦਾ ਦੇ ਮੁੰਡਾ ਲਾਈਕ ਸੀ, ਕਲੀ ਜਵੰਦਾ ਦੀ, ਦੁੱਗ ਦੁੱਗ ਵਾਲੇ ਯਾਰ, ਮੁਕਾਬਲਾ, ਪਟਿਆਲਾ ਸ਼ਾਹੀ ਪੱਗ, ਕੇਸਰੀ ਝੰਡੇ, ਸ਼ਾਨਦਾਰ, ਸ਼ੌਕੀਨ, ਲੈਂਡ ਲਾਰਡ, ਸਰਨੇਮ, ਅਤੇ ਕੰਗਣੀ ਗਾਣੇ ਹਿੱਟ ਹੋ ਗਏ। ਰਾਜਵੀਰ ਜਵੰਦਾ ਨੇ ਸੂਬੇਦਾਰ ਜੋਗਿੰਦਰ ਸਿੰਘ, ਮਿੰਦੋ ਤਹਿਸੀਲਦਾਰਨੀ, ਜ਼ਿੰਦ ਜਾਨ, ਸਿਪਾਹੀ ਬਹਾਦਰ ਸਿੰਘ, ਕਾਕਾ ਜੀ, ਸਿਕੰਦਰ 2 ਸਮੇਤ ਕਈ ਫ਼ਿਲਮਾ ਵਿੱਚ ਵੀ ਹੱਥ ਅਜਮਾਇਆ ਸੀ। ਉਸਤੋਂ ਬਾਅਦ ਤਾਂ ਉਹ ਸੰਗੀਤ ਪ੍ਰੇਮੀਆਂ ਦਾ ਚਹੇਤਾ ਬਣ ਗਿਆ। ਇਸ ਸਮੇਂ ਉਸਦੇ ਲੱਖਾਂ ਪ੍ਰਸ਼ੰਸ਼ਕ ਸਨ। ਸੜਕ ਹਾਦਸੇ ਤੋਂ 7 ਦਿਨ ਪਹਿਲਾਂ ਆਖ਼ਰੀ ਗੀਤ ਉਸਨੇ 20 ਸਤੰਬਰ 2025 ਨੂੰ ‘ਜਦ ਤੂੰ ਦਿਸ ਪੈਂਦਾ’ ਗਾਇਆ ਸੀ। ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਰਾਜਵੀਰ ਸਿੰਘ ਜਵੰਦਾ ਐਡਵੈਂਚਰਸ ਸੀ। ਉਹ ਪਹਾੜਾਂ ਦੀ ਮੋਟਰ ਸਾਈਕਲ ਤੇ ਸੈਰ ਕਰਨ ਦਾ ਸ਼ੌਕੀਨ ਸੀ। ਕਈ ਤਰ੍ਹਾਂ ਦੇ ਮੋਟਰ ਸਾਈਕਲ ਉਹ ਖ੍ਰੀਦਦਾ ਰਹਿੰਦਾ ਸੀ। ਉਸਦਾ ਜ਼ਿੰਦਗੀ ਨੂੰ ਮਾਨਣ ਦਾ ਸੁਭਾਅ ਸੀ, ਉਹ ਕਹਿੰਦਾ ਹੁੰਦਾ ਸੀ ਕਿ ਜ਼ਿੰਦਗੀ ਜਿਉਣੀ ਚਾਹੀਦੀ ਹੈ, ਆਨੰਦ ਲੈਣਾ ਚਾਹੀਦਾ ਹੈ। ਉਹ ਜ਼ਿੰਦਗੀ ਦਾ ਆਨੰਦ ਮਾਣਦਾ ਵੀ ਰਿਹਾ ਹੈ। ਉਹ ਮਨਮਰਜੀ ਵਾਲਾ ਅਲਬੇਲਾ ਵਿਅਕਤੀ ਸੀ। ਪ੍ਰੰਤੂ ਉਸਨੂੰ ਇਹ ਪਤਾ ਨਹੀਂ ਸੀ ਕਿ ਉਸਦੇ ਸ਼ੌਕ ਹੀ ਉਸਦੀ ਜਾਨ ਲੈ ਕੇ ਜਾਣਗੇ। ਰਾਜਵੀਰ ਸਿੰਘ ਜਵੰਦਾ ਨੂੰ ਲੋਕ ਇਤਨਾ ਪਿਆਰ ਕਰਦੇ ਸਨ ਕਿ ਇਸ ਗੱਲ ਦਾ ਪਤਾ ਉਸਦੀ ਮੌਤ ਤੋਂ ਬਾਅਦ ਪਤਾ ਲੱਗਿਆ ਹੈ। ਉਸਦੇ ਪਿੰਡ ਦਾ ਬੱਚਾ, ਬੁੱਢਾ ਅਤੇ ਇਸਤਰੀਆਂ ਖੂਨ ਦੇ ਅਥਰੂ ਵਹਾ ਰਹੀਆਂ ਹਨ। ਪਿੰਡ ਵਿੱਚ ਮਾਤਮ ਛਾਇਆ ਪਿਆ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com

-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.