ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਤਿਆਰੀਆਂ ਨੂੰ ਕੀਤਾ ਪੱਕੇ ਪੈਰੀਂ, ਇੰਗਲੈਂਡ ਦੀਆਂ ਸੰਸਥਾਵਾਂ ਵੱਲੋਂ ਲੰਗਰ ਦੀਆਂ ਸੇਵਾਵਾਂ
ਜਲੰਧਰ 11 ਅਕਤੂਬਰ 2025: ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸਭਿਆਚਾਰਕ ਵਿੰਗ ਵੱਲੋਂ ਕੁਇਜ਼, ਭਾਸ਼ਣ, ਗਾਇਨ, ਪੇਂਟਿੰਗ ਮੁਕਾਬਲੇ, ਗੀਤ-ਸੰਗੀਤ, ਰੰਗ ਮੰਚ, ਕਵੀ ਦਰਬਾਰ, ਫ਼ਿਲਮ ਸ਼ੋਅ, ਪੁਸਤਕ ਪ੍ਰਦਰਸ਼ਨੀ, ਲੰਗਰ, ਦੇਖ-ਰੇਖ, ਮੈਡੀਕਲ, ਤਿਆਰੀ ਮੁਹਿੰਮ, ਵਰਕਸ਼ਾਪ ਆਦਿ ਸਬੰਧੀ ਦਰਜਣ ਦੇ ਕਰੀਬ ਸਬ-ਕਮੇਟੀਆਂ ਦੇ ਅਹੁਦੇਦਾਰਾਂ ਅਤੇ ਸੰਗੀ ਸਾਥੀਆਂ ਦੀ ਭਰਵੀਂ ਮੀਟਿੰਗ ਨੇ ਗ਼ਦਰੀ ਬਾਬਿਆਂ ਦੇ 34ਵੇਂ ਮੇਲੇ ਦੀਆਂ ਸਭਨਾਂ ਤਿਆਰੀਆਂ ਨੂੰ ਪੱਕੇ ਪੈਰੀਂ ਕਰਨ 'ਤੇ ਜ਼ੋਰ ਦਿੱਤਾ।
ਮੀਟਿੰਗ 'ਚ ਹਾਜ਼ਰ ਮੈਂਬਰਾਂ ਨੇ ਸਿਲਸਿਲੇਵਾਰ ਸਭਨਾਂ ਮੁਕਾਬਲਿਆਂ ਅਤੇ ਪੇਸ਼ਕਾਰੀਆਂ ਉਪਰ ਆਪਣੇ ਵਿਚਾਰ ਪੇਸ਼ ਕਰਦਿਆਂ ਤਸੱਲੀ ਪ੍ਰਗਟ ਕੀਤੀ ਕਿ ਗ਼ਦਰ ਲਹਿਰ ਦੀ ਮਹਾਨ ਸੰਗਰਾਮਣ ਗ਼ਦਰੀ ਗੁਲਾਬ ਕੌਰ ਦੀ ਵਿਛੋੜਾ ਸ਼ਤਾਬਦੀ (1925-2025) ਨੂੰ ਸਮਰਪਤ 'ਮੇਲਾ ਗ਼ਦਰੀ ਬਾਬਿਆਂ ਦਾ' ਗ਼ਦਰ ਲਹਿਰ ਦੀ ਬੁਨਿਆਦੀ ਆਧਾਰਸ਼ਿਲਾ, ਉਦੇਸ਼ ਅਤੇ ਨਿਸ਼ਾਨਿਆਂ ਉਪਰ ਡਟਕੇ ਪਹਿਰਾ ਦਿੰਦਾ ਹੋਇਆ ਉਸਦੀ ਪ੍ਰਸੰਗਕਤਾ ਉਪਰ ਜ਼ੋਰ ਦੇਣ ਅਤੇ ਅਜੋਕੇ ਸਮੇਂ ਦੇ ਮਘਦੇ ਭਖ਼ਦੇ ਮੁੱਦਿਆਂ ਨੂੰ ਕੇਂਦਰ 'ਚ ਰੱਖਣ 'ਤੇ ਉਚੇਚਾ ਜ਼ੋਰ ਦੇਵੇਗਾ।
ਅੱਜ ਦੀ ਮੀਟਿੰਗ ਦਾ ਸਾਰ ਤੱਤ ਪ੍ਰੈਸ ਨਾਲ ਸਾਂਝਾ ਕਰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਵਿੱਤ ਸਕੱਤਰ ਸੀਤਲ ਸਿੰਘ ਸੰਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਅੱਜ ਤੋਂ ਹੀ ਜਲੰਧਰ ਸ਼ਹਿਰ, ਇਸਦੇ ਇਰਦ ਗਿਰਦ ਦੇ ਵਿੱਦਿਅਕ ਅਦਾਰਿਆਂ, ਜਨਤਕ ਸੰਸਥਾਵਾਂ ਅਤੇ ਲੋਕਾਂ ਤੱਕ ਵਿਸ਼ੇਸ਼ ਸੰਪਰਕ ਮੁਹਿੰਮ ਲਾਮਬੰਦ ਕਰਕੇ ਮੇਲੇ ਦੀ ਹਰ ਪੱਖੋਂ ਕਾਮਯਾਬੀ ਲਈ ਸੰਗ ਸਾਥ ਹਾਸਲ ਕਰਨ ਲਈ ਉੱਦਮ ਜੁਟਾਇਆ ਜਾਏਗਾ।
ਉਹਨਾਂ ਦੱਸਿਆ ਕਿ ਮੇਲੇ 'ਚ ਕਾਰਪੋਰੇਟ, ਫ਼ਿਰਕੂ ਫਾਸ਼ੀ ਹੱਲਾ, ਫ਼ਲਸਤੀਨ ਦੀ ਆਜ਼ਾਦੀ ਦਾ ਮੁੱਦਾ, ਆਦਿਵਾਸੀਆਂ ਅਤੇ ਕਮਿਊਨਿਸਟ ਇਨਕਲਾਬੀਆਂ ਦੇ ਕਤਲੇਆਮ, ਫ਼ਰੀ ਟਰੇਡ, ਪ੍ਰਵਾਸ ਦਾ ਦਰਦ, ਪੰਜਾਬ ਅੰਦਰ ਵੀ ਪ੍ਰਵਾਸੀ ਕਾਮਿਆਂ ਪ੍ਰਤੀ ਜ਼ਹਿਰੀਲਾ ਪ੍ਰਚਾਰ ਕਾਟ ਕਰਨ, ਬੇਜ਼ਮੀਨੇ ਲੋਕਾਂ ਅਤੇ ਜ਼ਮੀਨਾਂ ਖੋਹੇ ਜਾਣ, ਨਸ਼ਿਆਂ ਦੇ ਦਰਿਆ, ਮੁਲਕ ਦੇ ਕੌਮੀ ਮਾਲ ਖ਼ਜ਼ਾਨੇ ਦੇਸੀ ਬਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਲੁਟਾਏ ਜਾਣ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਅਤੇ ਗ਼ਦਰੀ ਦੇਸ਼ ਭਗਤਾਂ ਦੇ ਆਦਰਸ਼ਾਂ ਦਾ ਰਾਜ ਅਤੇ ਸਮਾਜ ਸਿਰਜਣ ਲਈ ਲੋਕਾਂ ਨੂੰ ਚੇਤਨਾ ਦਾ ਜਾਗ ਲਾਉਣ ਲਈ ਮੇਲਾ ਆਪਣੀਆਂ ਕਲਾ ਕਿਰਤਾਂ ਦੇ ਕਲਾਵੇ ਵਿੱਚ ਲਏਗਾ।
ਅੱਜ ਦੀ ਮੀਟਿੰਗ ਨੇ ਆਈ.ਡਬਲੀਯੂ.ਏ. (ਗ੍ਰੇਟ ਬ੍ਰਿਟੇਨ) ਅਤੇ ਸ਼ਹੀਦ ਊਧਮ ਸਿੰਘ ਟਰੱਸਟ ਬਰਮਿੰਘਮ (ਯੂ.ਕੇ.) ਵੱਲੋਂ ਲੋਕਾਂ ਕੋਲੋਂ ਇਕੱਤਰ ਕੀਤੀ ਸਾਢੇ ਅੱਠ ਲੱਖ ਰੁਪਏ ਦੀ ਰਾਸ਼ੀ ਵਿਸ਼ੇਸ਼ ਕਰਕੇ ਮੇਲੇ 'ਚ ਲੰਗਰ ਲਈ ਉਹਨਾਂ ਸੰਸਥਾਵਾਂ ਦੇ ਪ੍ਰਤੀਨਿੱਧ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਕੁਲਬੀਰ ਸਿੰਘ ਸੰਘੇੜਾ ਨੇ ਭੇਂਟ ਕੀਤੀ। ਮੀਟਿੰਗ ਨੇ ਉਚੇਚੇ ਤੌਰ 'ਤੇ ਝੰਡੇ ਦੇ ਗੀਤ ਦੀ ਮੇਲੇ ਤੋਂ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ 'ਚ ਲੱਗ ਰਹੀ ਵਰਕਸ਼ਾਪ 'ਚ ਕਲਾਕਾਰਾਂ ਨੂੰ ਪੁੱਜਣ ਅਤੇ 30, 31 ਅਕਤੂਬਰ ਅਤੇ ਪਹਿਲੀ ਨਵੰਬਰ ਗ਼ਦਰੀ ਬਾਬਿਆਂ ਦੇ ਮੇਲੇ ਦੀਆਂ ਹੁਣ ਤੋਂ ਹੀ ਜ਼ੋਰਦਾਰ ਤਿਆਰੀਆਂ ਲਈ ਕਮਰਕੱਸੇ ਕੱਸਣ ਅਤੇ ਮੇਲੇ 'ਚ ਪਰਿਵਾਰਾਂ ਸਮੇਤ ਹੁੰਮ ਹੁੰਮਾ ਕੇ ਸ਼ਾਮਲ ਹੋਣ ਲਈ ਸਮੂਹ ਲੋਕ-ਪੱਖੀ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ।