ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ 15ਵੀਂ ਬਰਸੀ ਮੌਕੇ ਵਿਸ਼ੇਸ਼
ਕਿੰਨੀ ਕੁ ਦੇਰ ਆਖ਼ਰ, ਧਰਤੀ ਹਨ੍ਹੇਰ ਜਰਦੀ
ਕਿੰਨੀ ਕੁ ਦੇਰ ਰਹਿੰਦਾ, ਖਾਮੋਸ਼ ਖ਼ੂਨ ਮੇਰਾ।
ਜਦੋਂ ਗ਼ਰੀਬਾਂ ਨਾਲ ਪੈਰ ਪੈਰ ਤੇ ਧੱਕਾ ਹੋਵੇ, ਜਰਵਾਣੇ ਮਨ ਮਰਜ਼ੀਆਂ ਕਰਦੇ ਹੋਣ, ਦੋ ਲੱਖ ਰੁਪਏ ਦੇ ਕਰਜ਼ੇ ਪਿੱਛੇ ਦਸ ਕਨਾਲਾਂ ਜ਼ਮੀਨ ਦੀ ਕੁਰਕੀ ਆ ਜਾਵੇ ਤਾਂ ਇਸ ਨੂੰ ਧਰਤੀ ਤੇ ਹਨੇਰਾ ਹੀ ਕਿਹਾ ਜਾਵੇਗਾ। ਅਜਿਹੇ ਸਮਿਆਂ ਵਿੱਚ ਵੀ ਕੁੱਝ ਯੋਧੇ ਹੁੰਦੇ ਹਨ, ਜਿਨ੍ਹਾਂ ਦਾ ਖ਼ੂਨ ਇਸ ਤਰਾਂ ਦੇ ਹਨ੍ਹੇਰ ਨੂੰ ਦੇਖ ਕੇ ਖਾਮੋਸ਼ ਨਹੀਂ ਰਹਿੰਦਾ ਅਤੇ ਉਹ ਆਪਣੀ ਜਾਨ ਦੀ ਬਾਜ਼ੀ ਲਾ ਕੇ ਇਤਿਹਾਸ ਦੇ ਪੰਨਿਆਂ ਨੂੰ ਸੂਹਾ ਰੰਗ ਚਾੜ੍ਹ ਦਿੰਦੇ ਹਨ। ਇਸੇ ਤਰ੍ਹਾਂ ਦੇ ਇੱਕ ਯੋਧੇ ਨੇ 11 ਅਕਤੂਬਰ 2010 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋਕੇ ਖੁਰਦ ਦੀ ਧਰਤੀ ਨੂੰ ਆਪਣੇ ਖ਼ੂਨ ਨਾਲ ਰੰਗ ਕੇ ਸਮੇਂ ਦੀ ਹਿੱਕ ਤੇ ਆਪਣੀ ਮੁਹਰ ਛਾਪ ਲਾਈ, ਉਸ ਦਾ ਨਾਂ ਹੈ ਪ੍ਰਿਥੀਪਾਲ ਸਿੰਘ ਪਿੰਡ ਚੱਕ ਅਲੀ ਸ਼ੇਰ।
ਦੋ ਦਹਾਕੇ ਪਹਿਲਾਂ ਪੰਜਾਬ ਵਿੱਚ ਇਹ ਆਮ ਵਰਤਾਰਾ ਸੀ ਕਿ ਧਨਾਢ ਸ਼ਾਹੂਕਾਰ, ਨਿਗੂਣੇ ਕਰਜ਼ੇ ਪਿੱਛੇ ਜ਼ਮੀਨਾਂ ਦੀ ਕੁਰਕੀ ਕਰਵਾ ਲੈਂਦੇ ਸਨ। ਖ਼ਾਲੀ ਪਰਨੋਟ ਲੈ ਕੇ ਅਤੇ ਕਿਸਾਨਾਂ ਦੀ ਜ਼ਮੀਨ ਦੀ ਆਪਣੇ ਨਾਮ ਰਜਿਸਟਰੀ ਕਰਵਾ ਕੇ ਬੈਂਕਾਂ ਵਾਂਗ ਲਿਮਿਟ ਬੰਨ੍ਹ ਦਿੰਦੇ ਅਤੇ ਇਸ ਤਰ੍ਹਾਂ ਮਜ਼ਬੂਰ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰ ਲਿਆ ਜਾਂਦਾ ਸੀ। ਅਜਿਹੇ ਹਾਲਾਤਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਆਪਣੇ ਸੂਬਾ ਜਥੇਬੰਦਕ ਇਜਲਾਸ ਵਿੱਚ ਫ਼ੈਸਲਾ ਕੀਤਾ ਕਿ "ਜਥੇਬੰਦੀ ਕਰਜ਼ਾ ਨਾ ਮੋੜ ਸਕਣ ਵਾਲੇ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਕੁਰਕੀ ਨਹੀਂ ਹੋਣ ਦੇਵੇਗੀ ਤੇ ਉਸ ਲਈ ਕੋਈ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹਟੇਗੀ।" ਇਸ ਫ਼ੈਸਲੇ ਅਧੀਨ ਜਦੋਂ ਵੀ ਕਿਸੇ ਕਿਸਾਨ ਦੀ ਜ਼ਮੀਨ ਦੀ ਕੁਰਕੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਉਸ ਦਾ ਜਥੇਬੰਦਕ ਢੰਗ ਨਾਲ ਸਾਰਥਿਕ ਵਿਰੋਧ ਕੀਤਾ ਜਾਂਦਾ। ਜਥੇਬੰਦੀ ਨੇ ਬਹੁਤ ਥਾਵਾਂ ਤੇ ਕੁਰਕੀਆਂ ਰੋਕਣ ਵਿੱਚ ਸਫ਼ਲਤਾ ਹਾਸਿਲ ਕੀਤੀ।
ਇਸੇ ਦੌਰਾਨ ਬੁਢਲਾਡਾ ਮੰਡੀ ਦੇ ਆੜ੍ਹਤੀਏ ਰਾਮ ਕਿਸ਼ਨ ਅਤੇ ਵਿਜੈ ਕੁਮਾਰ ਨੇ ਪਿੰਡ ਬੀਰੋਕੇ ਖੁਰਦ ਦੇ ਇੱਕ ਗ਼ਰੀਬ ਕਿਸਾਨ ਭੋਲਾ ਸਿੰਘ ਦੀ ਸਿਰਫ਼ ਸਵਾ ਲੱਖ ਰੁਪਏ ਦੇ ਕਰਜ਼ੇ ਬਦਲੇ 10 ਕਨਾਲ ਜ਼ਮੀਨ ਦੀ ਕੁਰਕੀ ਕਰਵਾਉਣ ਦੇ ਅਦਾਲਤ ਵਿੱਚੋਂ ਆਰਡਰ ਪ੍ਰਾਪਤ ਕਰ ਲਏ। 11 ਅਕਤੂਬਰ 2010 ਨੂੰ ਪਟਵਾਰੀ ਅਤੇ ਕਾਨੂੰਗੋ ਨੇ ਪਿੰਡ ਵਿੱਚ ਨਿਲਾਮੀ ਕਰਵਾਉਣ ਦਾ ਐਲਾਨ ਕਰ ਦਿੱਤਾ। ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ, ਬੀਕੇਯੂ ਏਕਤਾ-ਡਕੌਂਦਾ ਦਾ ਬਲਾਕ ਕਮੇਟੀ ਦਾ ਆਗੂ ਹੋਣ ਦੇ ਨਾਤੇ ਆਪਣੇ ਸਾਥੀਆਂ ਨਾਲ ਸਵੇਰ ਤੋਂ ਹੀ ਪਿੰਡ ਦੀ ਧਰਮਸ਼ਾਲਾ ਵਿਖੇ ਪਹੁੰਚ ਗਿਆ। ਇਕੱਠੇ ਹੋਏ ਕਿਸਾਨਾਂ ਨੂੰ ਦੇਖ ਕੇ ਪਟਵਾਰੀ ਨੇ ਐਲਾਨ ਕੀਤਾ ਕਿ ਉਹ 'ਹਾਲਾਤ ਵਿਗੜਨ ਦੇ ਮੱਦੇਨਜ਼ਰ ਨਿਲਾਮੀ ਦੀ ਕਾਰਵਾਈ ਮੁਲਤਵੀ ਕਰ ਕੇ ਵਾਪਸ ਜਾ ਰਹੇ ਹਨ।' ਇਸ ਲਈ ਵੱਡੀ ਗਿਣਤੀ ਵਿੱਚ ਕਿਸਾਨ ਕਾਰਕੁਨ ਵਾਪਸ ਆਪਣੇ ਪਿੰਡਾਂ ਨੂੰ ਚਲੇ ਗਏ। ਦਰਜਨ ਦੇ ਲੱਗਭਗ ਕਿਸਾਨ ਆਗੂ ਹਾਲੇ ਪਿੰਡ ਵਿੱਚ ਹੀ ਚਾਹ ਪਾਣੀ ਪੀ ਰਹੇ ਸਨ ਸਨ ਤਾਂ ਆੜ੍ਹਤੀਏ ਰਾਮ ਕਿਸ਼ਨ ਅਤੇ ਵਿਜੈ ਕੁਮਾਰ, ਉਨ੍ਹਾਂ ਦੇ ਪੁੱਤਰ, ਗੁੰਡੇ, ਨਾਇਬ ਤਹਿਸੀਲਦਾਰ ਸੁਭਾਸ਼ ਮਿੱਤਲ ਅਤੇ ਹੋਰ ਸਰਕਾਰੀ ਲਾਮ ਲਸ਼ਕਰ, ਜ਼ਮੀਨ ਦੀ ਨਿਲਾਮੀ ਕਰਵਾਉਣ ਲਈ ਪਿੰਡ ਦੀ ਧਰਮਸ਼ਾਲਾ ਦੇ ਸਾਹਮਣੇ ਪਹੁੰਚ ਗਏ।
ਖ਼ਬਰ ਮਿਲਣ 'ਤੇ ਪਿੰਡ 'ਚ ਮੌਜੂਦ ਬਾਕੀ ਕਿਸਾਨ ਜਥੇ ਨੇ ਕੁਰਕੀ ਖਿਲਾਫ਼ ਮੋਰਚਾ ਸੰਭਾਲ ਲਿਆ ਅਤੇ ਤਹਿਸੀਲਦਾਰ ਦਾ ਘਿਰਾਓ ਕਰਕੇ ਆੜ੍ਹਤੀਆਂ ਤੇ ਗੁੰਡਿਆਂ ਨੂੰ ਧਰਮਸ਼ਾਲਾ ਅੰਦਰ ਵੜਨ ਤੋਂ ਰੋਕ ਦਿੱਤਾ। ਆੜ੍ਹਤੀਆਂ ਤੇ ਗੁੰਡਿਆਂ ਨੇ ਨਿਲਾਮੀ ਦੀ ਕਾਰਵਾਈ ਨੂੰ ਅੰਜਾਮ ਦੇਣ ਲਈ ਜ਼ਬਰਦਸਤੀ ਧਰਮਸ਼ਾਲਾ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਹਿੱਕ ਠੋਕ ਕੇ ਖੜ੍ਹ ਗਏ। ਆਪਣੀ ਨਾਕਾਮੀ ਤੋਂ ਤੈਸ਼ ਵਿੱਚ ਆ ਕੇ ਆੜ੍ਹਤੀਏ ਰਾਮ ਕ੍ਰਿਸ਼ਨ, ਉਸ ਦੇ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਵੱਲੋਂ ਲਿਆਂਦੇ ਹੋਏ ਹਥਿਆਰਬੰਦ ਗੁੰਡਿਆਂ ਨੇ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਹੀ ਕਿਸਾਨ ਆਗੂਆਂ ਅਤੇ ਵਰਕਰਾਂ ਉੱਤੇ ਹਮਲਾ ਬੋਲ ਦਿੱਤਾ ਪਰ ਕਿਸਾਨਾਂ ਦੇ ਘੇਸਲਿਆਂ ਨੇ ਆੜ੍ਹਤੀਆਂ ਅਤੇ ਗੁੰਡਿਆਂ ਨੂੰ ਮੂਹਰੇ ਲਾ ਲਿਆ। ਇੱਕ ਗਲ਼ੀ ਵਿੱਚ ਬੁਰੀ ਤਰ੍ਹਾਂ ਘਿਰ ਗਏ ਗੁੰਡਾ ਟੋਲੇ ਨੇ ਬਾਜ਼ੀ ਪੁੱਠੀ ਪੈਂਦੀ ਦੇਖ ਕੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਇੱਕ ਗੋਲੀ ਪ੍ਰਿਥੀਪਾਲ ਦੀ ਛਾਤੀ 'ਚ ਵੱਜੀ, ਇੱਕ ਗੋਲ਼ੀ ਤਰਸੇਮ ਸਿੰਘ ਦੀ ਬਾਂਹ ਵਿੱਚ ਅਤੇ ਇੱਕ ਲਛਮਣ ਸਿੰਘ ਚੱਕ ਅਲੀਸ਼ੇਰ ਦੇ ਪੈਰ ਵਿੱਚ ਲੱਗੀ। ਪ੍ਰਿਥੀਪਾਲ ਚੱਕ ਅਲੀਸ਼ੇਰ ਮੌਕੇ ਤੇ ਹੀ ਸ਼ਹੀਦ ਹੋ ਗਿਆ ਪਰ ਜ਼ੰਗ ਦਾ ਮੈਦਾਨ ਬਣੀਆਂ ਪਿੰਡ ਦੀਆਂ ਗਲੀਆਂ 'ਚ ਆੜ੍ਹਤੀਆਂ ਅਤੇ ਗੁੰਡਿਆਂ ਦਾ ਕਿਸਾਨਾਂ ਨੇ ਰੱਜ ਕੇ ਕੁਟਾਪਾ ਕੀਤਾ ਗਿਆ।
ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਸ਼ਹਾਦਤ ਨੇ ਪੰਜਾਬ ਭਰ ਵਿੱਚ ਕਿਸਾਨਾਂ ਦੇ ਰੋਹ ਨੂੰ ਪ੍ਰਚੰਡ ਕਰ ਦਿੱਤਾ। ਆੜ੍ਹਤੀਆਂ ਅਤੇ ਗੁੰਡਿਆਂ ਨੂੰ ਸਿਆਸੀ ਸ਼ਹਿ ਦੇ ਬਾਵਜੂਦ ਉਹ ਸਜ਼ਾਵਾਂ ਤੋਂ ਬਚ ਨਾ ਸਕੇ। ਪ੍ਰਿਥੀਪਾਲ ਦੇ ਕਤਲ ਦੇ ਲੰਮੇ ਅਤੇ ਗੁੰਝਲਦਾਰ ਮੁਕੱਦਮੇ ਵਿੱਚ ਪੈਸੇ ਅਤੇ ਪਹੁੰਚ ਦੇ ਬਾਵਜੂਦ ਨਾ ਆੜ੍ਹਤੀਏ ਬਚ ਸਕੇ, ਨਾ ਗੁੰਡੇ ਅਤੇ ਨਾ ਹੀ ਭ੍ਰਿਸ਼ਟ ਨਾਇਬ ਤਹਿਸੀਲਦਾਰ ਬਚ ਸਕਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਬਲਾਕ ਤੇ ਜ਼ਿਲ੍ਹਾ ਇਕਾਈ ਨੇ ਸੂਬਾ ਕਮੇਟੀ ਦੇ ਸਹਿਯੋਗ ਨਾਲ ਡਟ ਕੇ ਪੈਰਵਾਈ ਕੀਤੀ ਅਤੇ ਬੇਖੌਫ਼ ਹੋ ਕੇ ਗਵਾਹੀਆਂ ਦਿੱਤੀਆਂ। ਇਸ ਤਰ੍ਹਾਂ ਦੋ ਆੜ੍ਹਤੀਆਂ, ਉਨ੍ਹਾਂ ਦੇ ਦੋ ਪੁੱਤਰਾਂ ਅਤੇ ਦੋ ਗੁੰਡਿਆਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਕਰਵਾਈਆਂ ਗਈਆਂ। ਭ੍ਰਿਸ਼ਟ ਨਾਇਬ ਤਹਿਸੀਲਦਾਰ ਸੁਭਾਸ਼ ਮਿੱਤਲ ਵੀ ਹਰ ਹੀਲਾ ਵਸੀਲਾ ਵਰਤਣ ਦੇ ਬਾਵਜੂਦ ਸਜ਼ਾ ਤੋਂ ਨਾ ਬਚ ਸਕਿਆ। ਕਿਸਾਨ ਲਹਿਰ ਵਿੱਚ ਇਹ ਸ਼ਾਇਦ ਪਹਿਲਾ ਮਿਸਾਲੀ ਕੇਸ ਹੈ ਜਿਸ ਵਿੱਚ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਭਾਗੀ ਬਣਾਇਆ ਅਤੇ ਆਪਣੇ ਸਾਰੇ ਆਗੂਆਂ ਨੂੰ ਇਸਤਗਾਸੇ ਵਿੱਚੋਂ ਬਾਇੱਜ਼ਤ ਬਰੀ ਕਰਵਾਇਆ। ਇਨ੍ਹਾਂ ਦੋਸ਼ੀਆਂ ਦੀ ਬੁਢਲਾਡਾ ਅਦਾਲਤ ਵਿੱਚ ਪੇਸ਼ੀ ਮੌਕੇ ਜਿਹੜੀ ਕੁੱਟਮਾਰ ਹੋਈ ਸੀ ਉਸ ਕੇਸ ਵਿੱਚ ਫਤਿਆਬਾਦ ਸ਼ੈਸ਼ਨ ਕੋਰਟ ਵੱਲੋਂ ਜਥੇਬੰਦੀਆਂ ਦੇ 13 ਸਾਥੀਆਂ ਨੂੰ ਤਿੰਨ-ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਸੀ ਉਹ ਵੀ ਹਾਈਕੋਰਟ ਵਿੱਚ ਸੁਣਵਾਈ ਅਧੀਨ ਹੈ। ਇਨ੍ਹਾਂ 13 ਸਾਥੀਆਂ ਵਿੱਚੋਂ ਅੱਠ ਸਾਥੀ ਬੀਕੇਯੂ ਏਕਤਾ-ਡਕੌਂਦਾ ਅਤੇ ਪੰਜ ਸਾਥੀ ਪੰਜਾਬ ਕਿਸਾਨ ਯੂਨੀਅਨ ਦੇ ਹਨ।
ਜ਼ਮੀਨ ਬਚਾਓ ਮੋਰਚੇ ਵਿੱਚ ਸ਼ਹਾਦਤ ਦੇਣ ਵਾਲਾ ਪ੍ਰਿਥੀਪਾਲ ਕੋਈ ਸਾਧਾਰਨ ਕਿਸਾਨ ਵਰਕਰ ਨਹੀਂ ਸੀ। ਉਹ ਜਮਾਤੀ ਤੌਰ 'ਤੇ ਸੁਚੇਤ ਇੱਕ ਸੁਲਝਿਆ ਕਿਸਾਨ ਕਾਰਕੁੰਨ ਸੀ। ਜਿੱਥੇ ਉਹ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਇਲਾਕਾਈ ਆਗੂ ਸੀ, ਉੱਥੇ ਉਹ ਇਨਕਲਾਬੀ ਕੇਂਦਰ, ਪੰਜਾਬ ਨਾਲ ਜੁੜਿਆ ਹੋਣ ਕਰਕੇ ਇਨਕਲਾਬੀ ਲਹਿਰ ਨਾਲ ਬਾਵਾਸਤਾ ਕਾਰਕੁੰਨ ਸੀ। ਉਹ ਇੱਕ ਅਜਿਹੀ ਸਮਾਜਿਕ ਤਬਦੀਲੀ ਦਾ ਚਾਹਵਾਨ ਸੀ ਜਿਹੜੀ ਭਗਤ-ਸਰਾਭੇ ਵਾਲੀ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਵਾਲਾ ਸਮਾਜ ਸਿਰਜਣ ਵੱਲ ਸੇਧਤ ਹੋਵੇ।
ਪ੍ਰਿਥੀਪਾਲ ਦੀ ਸ਼ਹਾਦਤ ਤੋਂ 15 ਸਾਲ ਬਾਅਦ ਵੀ ਕਿਸਾਨਾਂ ਮਜ਼ਦੂਰਾਂ ਦੀ ਜ਼ਿੰਦਗੀ ਦੇ ਹਾਲਾਤ ਨਹੀਂ ਬਦਲੇ। ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਪੰਜਾਬ ਦੇ ਹਰ ਕਿਸਾਨ ਪ੍ਰੀਵਾਰ ਸਿਰ 2 ਲੱਖ ਚਾਰ ਹਜ਼ਾਰ ਰੁਪਏ ਦੀ ਕਰਜ਼ੇ ਦੀ ਪੰਡ ਹੈ।ਜਰਵਾਣਿਆਂ ਵੱਲੋਂ ਜ਼ਮੀਨਾਂ ਖੋਹਣ ਅਤੇ ਕਿਸਾਨਾਂ ਵੱਲੋਂ ਆਪਣੀਆਂ ਜ਼ਮੀਨਾਂ ਬਚਾਉਣ ਦੀ ਲੜਾਈ ਦੁੱਲੇ ਭੱਟੀ ਦੇ ਸਮੇਂ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ, ਪੈਪਸੂ ਮੁਜ਼ਾਰਾ ਲਹਿਰ, ਨਕਸਲਬਾੜੀ ਲਹਿਰ, ਸੰਯੁਕਤ ਕਿਸਾਨ ਮੋਰਚੇ ਦਾ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਇਤਿਹਾਸਿਕ ਦਿੱਲੀ ਘੋਲ ਅਤੇ ਲੈਂਡ ਪੂਲਿੰਗ ਵਿਰੋਧੀ ਘੋਲ ਰਾਹੀਂ ਹੁੰਦੀ ਹੋਈ ਅੱਜ ਵੀ ਜਾਰੀ ਹੈ। ਵਿਸ਼ਵ ਵਪਾਰ ਸੰਸਥਾ ਵਰਗੀਆਂ ਲੁਟੇਰੀਆਂ ਸਾਮਰਾਜੀ ਸੰਸਥਾਵਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਿਆਂਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਰਾਹੀਂ ਜ਼ਮੀਨਾਂ ਤੇ ਕਬਜ਼ੇ ਕਰਨ ਦੀ ਸਾਜਿਸ਼ ਦੇ ਵਕਤੀ ਤੌਰ 'ਤੇ ਫੇਲ੍ਹ ਹੋ ਜਾਣ ਤੋਂ ਬਾਅਦ ਵੀ ਹਾਕਮ ਜਮਾਤਾਂ ਨੇ ਜ਼ਮੀਨਾਂ ਖੋਹਣ ਦੀਆਂ ਸਾਜਿਸ਼ਾਂ ਅਸਿੱਧੇ ਰੂਪ ਵਿੱਚ ਜਾਰੀ ਰੱਖੀਆਂ ਹੋਈਆਂ ਹਨ। ਸਾਰੇ ਦੇਸ਼ ਦੇ ਕਿਸਾਨ ਆਪਣੀਆਂ ਫ਼ਸਲਾਂ ਦੀ ਘੱਟੋ ਘੱਟ ਸਮਰਥਨ ਮੁੱਲ ਤੇ ਖ੍ਰੀਦ ਲਈ ਕਾਨੂੰਨੀ ਗਰੰਟੀ ਮੰਗ ਰਹੇ ਹਨ। ਕਿਸਾਨ ਮਜ਼ਦੂਰ ਮੰਗ ਕਰ ਰਹੇ ਹਨ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਉਨ੍ਹਾਂ ਸਿਰ ਚੜ੍ਹੇ ਕਰਜ਼ੇ ਨੂੰ ਖ਼ਤਮ ਕੀਤਾ ਜਾਵੇ। ਇਸ ਕਰਜ਼ੇ ਕਾਰਨ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਇਹ ਖ਼ਤਰਾ ਪੇਂਡੂ ਸੱਭਿਆਚਾਰ ਦੇ ਸੰਕਟ ਵਜੋਂ ਸਾਹਮਣੇ ਹੈ।
ਹੁਣ ਵੀ ਚੱਕ ਅਲੀਸ਼ੇਰ ਦੀ ਧਰਤੀ ਦੇ ਵੰਨੇ ਲਗਦੀ ਪਿੰਡ ਕੁੱਲਰੀਆਂ ਦੀ ਜ਼ਮੀਨ ਤੇ 60 ਸਾਲ ਤੋਂ ਕਾਬਜ਼ ਮਾਲਕ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਇਨਕਲਾਬੀ ਬਦਲ ਦੇ ਨਾਹਰੇ ਮਾਰਕੇ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਨਾਲ ਭੂ ਮਾਫ਼ੀਆ ਕਿਸਾਨਾਂ ਤੇ ਹਮਲੇ ਕਰ ਰਿਹਾ ਹੈ ਅਤੇ ਸਰਕਾਰ ਪੂਰੀ ਬੇਸ਼ਰਮੀ ਨਾਲ ਹਮਲਾਵਰਾਂ ਅਤੇ ਭੂ ਮਾਫ਼ੀਆ ਦੀ ਮੱਦਦ ਕਰ ਰਹੀ ਹੈ। ਇਹ ਅਮਲ ਸਿਰਫ਼ ਕੁੱਲਰੀਆਂ ਪਿੰਡ ਦਾ ਨਾਂ ਹੋ ਕੇ ਨਾਲ ਲਗਦੇ ਦਰਜਨਾਂ ਪਿੰਡਾਂ ਦੀ ਸੈਂਕੜੇ ਹਜਾਰਾਂ ਏਕੜ ਜ਼ਮੀਨ ਖੋਹਣ ਦੇ ਅਮਲ ਦੀ ਸ਼ੁਰੂਆਤ ਦਾ ਹੈ। ਇਸ ਸਮੇਂ ਸ਼ਹੀਦ ਪ੍ਰਿਥੀਪਾਲ ਵਰਗੇ ਚੇਤੰਨ ਜੁਝਾਰੂ ਆਗੂਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।
ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਦੀ ਸ਼ਹਾਦਤ ਸਦਕਾ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਮਾਮੂਲੀ ਕਰਜ਼ੇ ਪਿੱਛੇ ਕੁਰਕ ਕਰਨ ਦੇ ਅਮਲ ਤੇ ਰੋਕ ਲੱਗੀ ਅਤੇ ਹਜ਼ਾਰਾਂ ਗਰੀਬ ਕਿਸਾਨਾਂ ਦੀ ਜ਼ਮੀਨ ਆੜ੍ਹਤੀਆਂ, ਸ਼ਾਹੂਕਾਰਾਂ, ਬੈਂਕਾਂ ਅਤੇ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਵਿੱਚ ਸਫ਼ਲਤਾ ਹਾਸਲ ਕੀਤੀ। ਅੱਜ ਦੇ ਇਸ ਚੁਣੌਤੀਆਂ ਭਰੇ ਦੌਰ ਅੰਦਰ ਸ਼ਹੀਦ ਪ੍ਰਿਥੀਪਾਲ ਸਿੰਘ ਚੱਕ ਅਲੀਸ਼ੇਰ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਤਬਕਿਆਂ ਦੀ ਲੁੱਟ ਨੂੰ ਰੋਕਣ ਲਈ ਸਿਆਸੀ ਤੌਰ ਤੇ ਚੇਤਨ ਕਿਸਾਨ ਆਗੂਆਂ ਦੇ ਪੂਰ ਅੱਗੇ ਆਉਣ ਅਤੇ ਜਥੇਬੰਦੀਆਂ ਦੀ ਵਾਂਗਡੋਰ ਸੰਭਾਲਣ। ਇਨ੍ਹਾਂ ਅਲਾਮਤਾਂ ਦੀ ਜੜ੍ਹ, ਇਸ ਲੁੱਟ, ਜ਼ਬਰ ਅਤੇ ਦਾਬੇ ਅਧਾਰਤ ਲੋਕ ਦੋਖੀ ਨਿਜ਼ਾਮ ਦੀ ਥਾਂ ਖਰਾ ਜਮਹੂਰੀ ਗਣਰਾਜ ਸਥਾਪਿਤ ਕਰਨ ਦੇ ਰਾਹ ਸਾਬਤ ਕਦਮੀਂ ਅੱਗੇ ਵਧਿਆ ਜਾਵੇ। 11 ਅਕਤੂਬਰ ਨੂੰ 15ਵੇਂ ਬਰਸੀ ਸਮਾਗਮ ਸਮੇਂ ਸ਼ਹੀਦ ਪ੍ਰਿਥੀਪਾਲ ਦੇ ਵਾਰਸ ਚੱਕ ਅਲੀਸ਼ੇਰ ਪਹੁੰਚ ਕੇ ਸ਼ਰਧਾਂਜਲੀ ਭੇਂਟ ਕਰਦੇ ਹੋਏ ਉਸ ਦੇ ਅਧੂਰੇ ਕਾਰਜ ਤੇ ਪਹਿਰਾ ਦੇਣ ਦਾ ਅਹਿਦ ਕਰਨਗੇ।
ਅੰਗਰੇਜ਼ ਸਿੰਘ ਭਦੌੜ
ਸੂਬਾ ਪ੍ਰੈੱਸ ਸਕੱਤਰ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ
9501754051

-
ਅੰਗਰੇਜ਼ ਸਿੰਘ ਭਦੌੜ , ਸੂਬਾ ਪ੍ਰੈੱਸ ਸਕੱਤਰ
ashokbti34@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.