ਪੰਜਾਬੀ ਗੀਤਕਾਰੀ ਦੇ ਸਿਰਮੌਰ ਬੁਰਜਃ ਬਾਬੂ ਸਿੰਘ ਮਾਨ ਦਾ ਅੱਜ ਜਨਮ ਦਿਨ ਹੈ ਦੋਸਤੋ
ਗੁਰਭਜਨ ਗਿੱਲ
ਪੰਜਾਬੀ ਗੀਤਕਾਰੀ ਵਿੱਚ ਬਾਬੂ ਸਿੰਘ ਮਾਨ ਦਾ ਨਾਂ ਬਹੁਤ ਉਚੇਰਾ ਹੈ। ਅਦਬੀ ਮਹੱਤਵ ਵਾਲੇ ਗੀਤਾਂ ਦੀ ਥਾਂ ਉਨ੍ਹਾਂ ਦੇ ਪ੍ਰਚੱਲਤ ਤੇ ਲੋਕ ਪ੍ਰਵਾਨ ਗੀਤ ਵਧੇਰੇ ਸਾਹਮਣੇ ਆਏ ਹਨ। ਮੁਹਾਵਰੇਦਾਰ ਪੰਜਾਬੀ ਗੀਤਕਾਰੀ ਵਿੱਚ ਉਹ ਗੁਰਦੇਵ ਸਿੰਘ ਮਾਨ ਤੇ ਦੀਦਾਰ ਸੰਧੂ ਵਾਂਗ ਪੰਜਾਬ ਦੇ ਪੇਂਡੂ ਮੁਹਾਵਰੇ ਦੇ ਸਫ਼ਲ ਪੇਸ਼ਕਾਰ ਹਨ। ਮੇਰੀ ਉਮਰ ਤੋਂ ਲੈ ਕੇ ਹੁਣ ਤੀਕ ਦੇ ਗੱਭਰੂਆਂ ਨੂੰ ਉਹ ਪਿਛਲੇ ਸੱਠ ਸਾਲ ਤੋਂ ਲੋਕ ਗੀਤਾਂ ਵਰਗੇ ਗੀਤ ਲਿਖ ਲਿਖ ਜਵਾਨ ਰੱਖਦੇ ਰਹੇ ਹਨ।
ਬਾਬੂ ਸਿੰਘ ਮਾਨ ਨੂੰ ਔਖੀ ਸ਼ਬਦਾਵਲੀ ਵਾਲੀ ਕਵਿਤਾ ਦੀ ਜਿੱਲ੍ਹਣ ਚੋਂ ਕੱਢ ਕੇ ਲੋਕ ਸੰਗੀਤ ਦੇ ਅੰਬਰ ਵਿੱਚ ਤਾਰੀਆਂ ਲਾਉਣ ਦੇ ਰਾਹ ਪਾਉਣ ਵਾਲੇ ਪ੍ਰਸਿੱਧ ਪੰਜਾਬੀ ਨਾਵਲਕਾਰ ਤੇ ਬਰਜਿੰਦਰਾ ਕਾਲਿਜ ਫ਼ਰੀਦਕੋਟ ਵਿੱਚ ਸ. ਬਾਬੂ ਸਿੰਘ ਮਾਨ ਦੇ ਅੰਗਰੇਜ਼ੀ ਅਧਿਆਪਕ ਪ੍ਰੋ. ਸੁਰਿੰਦਰ ਸਿੰਘ ਨਰੂਲਾ ਸਨ। ਉਨ੍ਹਾਂ ਹੀ ਮਾਨ ਸਾਹਿਬ ਨੂੰ ਪ੍ਰੇਰਿਆ ਕਿ ਜੇ ਤੁਸੀਂ ਪੇਂਡੂ ਮੁੰਡੇ ਵੀ ਪੰਡਤਾਊ ਕਿਤਾਬੀ ਕਵਿਤਾ ਲਿਖਣ ਲੱਗ ਪਏ ਤਾਂ ਪਿੰਡ ਦੀ ਜ਼ਬਾਨ ਕੌਣ ਸੰਭਾਲੇਗਾ।
10 ਅਕਤੂਬਰ 1942 ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਮਰ੍ਹਾੜ ਵਿੱਚ ਸ. ਇੰਦਰ ਸਿੰਘ ਤੇ ਮਾਤਾ ਜੀ ਆਸ ਕੌਰ ਦੇ ਘਰ ਪੈਦਾ ਹੋਏ ਬਾਬੂ ਸਿੰਘ ਮਾਨ ਨੇ ਨੇੜਲੇ ਪਿੰਡ ਜੰਡ ਸਾਹਿਬ ਤੋਂ ਮੁੱਢਲੀ ਸਿੱਖਿਆ ਹਾਸਲ ਕਰਕੇ ਉਚੇਰੀ ਸਿੱਖਿਆ ਬਰਜਿੰਦਰਾ ਕਾਲਿਜ ਫ਼ਰੀਦਕੋਟ ਤੋਂ ਹਾਸਲ ਕੀਤੀ। ਕਰਤਾਰ ਸਿੰਘ ਬਲੱਗਣ ਦੇ ਸਾਹਿੱਤਕ ਮੈਗਜ਼ੀਨ “ਕਵਿਤਾ” ਵਿੱਚ ਬਾਬੂ ਸਿੰਘ ਮਾਨ ਦਾ ਪਹਿਲਾ ਗੀਤ” ਦੁੱਧ ਕਾੜ੍ਹ ਕੇ ਜਾਗ ਨਾ ਲਾਵਾਂ, ਤੇਰੀਆਂ ਉਡੀਕਾਂ ਹਾਣੀਆਂ “ ਛਪਿਆ। ਉਨ੍ਹਾਂ ਦਾ ਪਹਿਲਾ ਗੀਤ ਸੰਗ੍ਰਹਿ “ ਗੀਤਾਂ ਦਾ ਵਣਜਾਰਾ “ 1963 ਵਿੱਚ ਛਪਿਆ।
ਹੁਣ ਤੀਕ ਪੁਸਤਕਾਂ,ਰੀਕਾਰਡਜ਼, ਸੀ ਡੀਜ਼ ਤੇ ਹੋਰ ਮਾਧਿਅਮਾਂ ਵਿੱਚ ਆਪ ਦੇ ਹਜ਼ਾਰਾਂ ਗੀਤ ਰੀਕਾਰਡ ਹੋ ਚੁਕੇ ਹਨ। ਪੰਜਾਬੀ ਫ਼ਿਲਮ ਸਾਜ਼ ਤੇ ਕਹਾਣੀਕਾਰ ਵਜੋਂ ਵੀ ਆਪ ਨੇ ਮਹੱਤਵਪੂਰਨ ਪਛਾਣ ਬਣਾਈ ਹੈ।
ਸ. ਬਾਬੂ ਸਿੰਘ ਮਾਨ ਨੂੰ ਇਸ ਗੱਲ ਦਾ ਬਹੁਤ ਹਿਰਖ ਹੈ ਕਿ ਉਨ੍ਹਾਂ ਦੇ ਗੀਤਾਂ ਦੇ ਸ਼ਬਦਾਂ ਨਾਲ ਅਰਥੋਂ ਅਨਰਥ ਕਈ ਲੋਕ ਗੀਤ ਦਾ ਹੁਲੀਆ ਤੇ ਅਰਥ ਵਿਗਾੜ ਦੇਂਦੇ ਹਨ। ਉਨ੍ਹਾਂ ਦਾ ਬਹੁਤ ਹੀ ਖ਼ੂਬਸੂਰਤ ਗੀਤ ਹੈ,-
ਪਿੱਛੇ ਪਿੱਛੇ ਆਉਂਦਾ ਮੇਰੀ ਪੈੜ ਵੇਂਹਦਾ ਆਈਂ,
ਚੀਰੇ ਵਾਲਿਆ ਢੂੰਡ ਕੇ ਲਿਆਈਂ ਵੇ।
ਮੇਰਾ ਲੌਂਗ ਗੁਆਚਾ, ਨਿਗ੍ਹਾ ਮਾਹਦਾ ਆਈਂ ਵੇ।
ਇਸ ਗੀਤ ਨੂੰ ਪਾਕਿਸਤਾਨ ਮੂਲ ਦੀ ਵਲਾਇਤ ਵੱਸਦੀ ਗਾਇਕਾ ਮੁਸੱਰਤ ਨਜ਼ੀਰ ਨੇ ਇੰਜ ਗਾ ਕੇ ਸਦਾ ਲਈ ਸਰੋਤੇ ਕੁਰਾਹੇ ਪਾ ਦਿੱਤੇ।
ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਂਹਦਾ ਆਈਂ,
ਚੀਰੇ ਵਾਲਿਆ ਢੂੰਡ ਕੇ ਲਿਆਈਂ ਵੇ।
ਮੇਰਾ ਲੌਂਗ ਗਵਾਚਾ ਨਿਗ੍ਹਾ ਮਾਰਦਾ ਆਈਂ ਵੇ।
ਮਾਨ ਸਾਹਿਬ ਪੁੱਛਦੇ ਹਨ ਕਿ ਭਾਈ ਬੀਬੀ! “ਪੈੜ”ਵੇਖਿਆਂ ਤਾਂ ਲੌਂਗ ਲੱਭ ਸਕਦੈ ਪਰ “ਚਾਲ” ਵੇਖਿਆਂ ਕਿਵੇਂ ਲੱਭੂ?
ਬਾਬੂ ਸਿੰਘ ਮਾਨ ਇਸ ਵਕਤ ਮੋਹਾਲੀ ਤੇ ਆਪਣੇ ਜੱਦੀ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਵਧੇਰਾ ਵਕਤ ਗੁਜ਼ਾਰਦੇ ਹਨ। ਮੇਰੇ ਵਰਗੇ ਅਨੇਕਾਂ ਲਿਖਣ ਵਾਲਿਆਂ ਲਈ ਉਹ ਜ਼ਬਾਨ ਦਾਨੀ ਪੱਖੋਂ ਰੌਸ਼ਨ ਮੀਨਾਰ ਹਨ। ਲੰਮੀ ਤੇ ਸਿਹਤਯਾਬ ਉਮਰ ਦੀ ਅਰਦਾਸ ਹੈ। ਉਨ੍ਹਾਂ ਦੇ ਲਿਖੇ ਮੇਰੇ ਮਨ ਪਸੰਦ ਕੁਝ ਗੀਤ ਤੁਹਾਡਾ ਲਈ ਹਾਜ਼ਰ ਨੇ।
ਮੈਂ ਪੰਜਾਬ ਬੋਲਦਾ ਹਾਂ
ਬਾਬੂ ਸਿੰਘ ਮਾਨ
ਹਿੰਦੂ ਮੁਸਲਿਮ ਸਿੰਘ ਸਰਦਾਰੋ
ਭੈਣ ਭਰਾਵੋ ਬਰਖੁਰਦਾਰੋ
ਮੇਰੀ ਸੁਣੋ ਕਹਾਣੀ ਯਾਰੋ
ਮੈਂ ਪੰਜਾਬ ਬੋਲਦਾ ਹਾਂ
ਮੇਰੀ ਗਹੁ ਨਾਲ ਗੱਲ ਵਿਚਾਰੋ
ਮੈਂ ਪੰਜਾਬ ਬੋਲਦਾ ਹਾਂ
ਇੱਕ ਵਾਰੀ ਮੈਂ ਉੱਨੀ ਸੌ ਸੰਤਾਲੀ ਵਿੱਚ ਸਾਂ ਰੋਇਆ
ਦੂਜੀ ਵਾਰੀ ਫੇਰ ਜਦੋਂ ਮੇਰੀ ਹੋਂਦ ਤੇ ਹਮਲਾ ਹੋਇਆ
ਤੀਜੀ ਵਾਰੀ ਅਖ਼ਬਾਰਾਂ ਵਿੱਚ ਪੜ੍ਹ ਪੜ੍ਹ ਅੱਖੀਆਂ ਰੋਈਆਂ
ਕਿੰਨੇ ਪੁੱਤ ਮਰੇ ਅੱਜ ਕਿੰਨੀਆਂ ਧੀਆਂ ਵਿਧਵਾ ਹੋਈਆਂ
ਪਹਿਲਾਂ ਚੀਰ ਦਿੱਤੇ ਪੰਜ-ਪਾਣੀ
ਦੂਜੀ ਵਾਰ ਹੋਈ ਵੰਡ ਕਾਣੀ
ਮੇਰੀ ਪੀੜ ਕਿਸੇ ਨਾ ਜਾਣੀ
ਮੈਂ ਪੰਜਾਬ ਬੋਲਦਾ ਹਾਂ
ਦਿਲ ਵਿਚ ਦਰਦ ਅੱਖਾਂ ਵਿੱਚ ਪਾਣੀ
ਮੈਂ ਪੰਜਾਬ ਬੋਲਦਾ ਹਾਂ
ਭਾਰਤ ਮਾਂ ਦੀ ਖੜਗ-ਭੁਜਾ ਹਾਂ ਜਾਣੇ ਕੁੱਲ ਲੋਕਾਈ
ਪਰ ਇਹ ਵਤਨ-ਪ੍ਰਸਤੀ ਮੇਰੀ ਕੰਮ ਕਿਸੇ ਨਾ ਆਈ
ਵੱਡੇ ਵੱਡੇ ਨਿੱਤ ਦਾਅਵੇ ਕਰਦੇ ਦੇਸ਼ ਦੇ ਭਾਗ ਵਿਧਾਤੇ
ਐਧਰ ਆਤਮ-ਹੱਤਿਆ ਕਰ ਕਰ ਮਰੀ ਜਾਣ ਅੰਨਦਾਤੇ
ਹੋਈਆਂ ਖ਼ਤਮ ਕੀਮਤੀ ਜਾਨਾਂ
ਯਾਰ ਮਰਾੜ੍ਹਾਂ ਵਾਲਿਆ ਮਾਨਾਂ
ਮੇਰਾ ਕੌਣ ਸੁਣੂ ਅਫਸਾਨਾ
ਮੈਂ ਪੰਜਾਬ ਬੋਲਦਾ ਹਾਂ
ਭਾਰਤ ਮਾਂ ਦਾ ਪੁੱਤ ਬੇਗਾਨਾ
ਮੈਂ ਪੰਜਾਬ ਬੋਲਦਾ ਹਾਂ
ਪੀਰ ਪੈਗੰਬਰ ਰਿਸ਼ੀ ਮੁਨੀ ਅਵਤਾਰਾਂ ਦੀ ਇਹ ਧਰਤੀ
ਹਿੰਦੂ, ਮੁਸਲਿਮ, ਯੋਧੇ ਸਿੰਘ ਸਰਦਾਰਾਂ ਦੀ ਇਹ ਧਰਤੀ
ਕਹਿੰਦੇ ਜਿਹੜੀ ਕੌਮ ਆਪਣੇ ਵਿਰਸੇ ਨੂੰ ਭੁੱਲ ਜਾਂਦੀ
ਇੱਜ਼ਤ ਅਣਖ ਆਬਰੂ ਉਹਦੀ ਮਿੱਟੀ ਵਿਚ ਰੁਲ ਜਾਂਦੀ
ਮੇਰੇ ਗੱਭਰੂ ਛੈਲ-ਛਬੀਲੇ
ਯੋਧੇ ਸੂਰਬੀਰ ਅਣਖੀਲੇ
ਵੇਖੋ ਨਸ਼ਿਆਂ ਕਰੇ ਨਸ਼ੀਲੇ
ਮੈਂ ਪੰਜਾਬ ਬੋਲਦਾ ਹਾਂ
ਸਾਰੇ ਸੁੱਕ ਸੁੱਕ ਹੋਏ ਤੀਲੇ
ਮੈਂ ਪੰਜਾਬ ਬੋਲਦਾ ਹਾਂ
ਇਹ ਪੰਜਾਬ ਦੀ ਨਵੀਂ ਜਵਾਨੀ ਵਹਿਣ ਕਿਹੜੇ ਵਿੱਚ ਵਹਿ ਗਈ
ਨਾ ਕੋਈ ਲੱਜਿਆ ਨਾ ਮਰਯਾਦਾ ਸ਼ਰਮ ਹਯਾ ਨਾ ਰਹਿ ਗਈ
ਸਾਂਝਾ ਸਭਿਆਚਾਰ ਸੀ ਸਾਡਾ ਸਾਂਝੀਆਂ ਧੀਆਂ ਭੈਣਾਂ
ਜੇਕਰ ਸ਼ਰਮ ਹਯਾ ਨਹੀਂ ਫਿਰ ਅਸੀਂ ਜੀ ਕੇ ਵੀ ਕੀ ਲੈਣਾ
ਮੈਨੂੰ ਸਮਝ ਕੋਈ ਨਾ ਆਏ
ਮੇਰੀ ਅੰਦਰੋਂ ਰੂਹ ਕੁਰਲਾਏ
ਕੋਈ ਜਵਾਨੀ ਨੂੰ ਸਮਝਾਏ
ਮੈਂ ਪੰਜਾਬ ਬੋਲਦਾ ਹਾਂ
ਕਿਧਰੋਂ ਤੁਰੀ ਕਿਧਰ ਨੂੰ ਜਾਏ
ਮੈਂ ਪੰਜਾਬ ਬੋਲਦਾ ਹਾਂ।
ਵੇ ਪੁੰਨਣਾ
ਵੇ ਪੁੰਨਣਾ, ਵੇ ਜ਼ਾਲਮਾ
ਮੇਰੇ ਦਿਲਾਂ ਦਿਆ ਮਹਿਰਮਾ
ਵੇ ਮਹਿਰਮਾਂ, ਵੇ ਬੱਦਲਾ
ਕਿੰਨਾ ਚਿਰ ਹੋਰ ਤੇਰੀ ਛਾਂ
ਕਹਿਰ ਦੀ ਦੁਪੈਹਰ ਭੈੜੀ ਮੌਤ ਨਾਲੋਂ ਚੁੱਪ
ਹੋਇਆ ਟਿੱਬਿਆਂ ਦਾ ਭੂਰਾ ਭੂਰਾ ਰੰਗ ਵੇ
ਦਾ ਸ਼ਾਲਾ ! ਡੁੱਬ ਜਾਣ ਤੇਰੀ ਬੇੜੀ ਦੇ ਮੁਹਾਣੇ
ਗਿਉਂ ਅੱਗ ਦੇ ਸਮੁੰਦਰਾਂ ਨੂੰ ਲੰਘ ਵੇ
ਕੱਚਾ ਘੜਾ ਜ਼ਿੰਦਗੀ ਦਾ ਲੋਕਾਂ ਦੇ ਤੂਫਾਨ
ਠਾਠਾਂ ਮਾਰੇ ਬਾਲੂ ਰੇਤ ਦਾ ਝਨਾਂਅ...
ਵੇ ਪੁੰਨਣਾਂ...
ਮਲ੍ਹਿਆਂ ਕਰੀਰਾਂ ਗਲ ਲੱਗ ਲੱਗ ਰੁੰਨੀ
ਤਿੱਖੇ ਕੰਡਿਆਂ ਨੇ ਪੁੱਛਿਆ ਸਰੀਰ ਨੂੰ
ਆਪਣੇ ਹੀ ਜਦੋਂ ਮੁੱਖ ਫੇਰ ਜਾਣ ਦੱਸ
ਕੀ ਮਨਾਵਾਂ ਰੁੱਸੀ ਹੋਈ ਤਕਦੀਰ ਨੂੰ
ਮਿਟ ਚੱਲੇ ਡਾਚੀ ਦੀਆਂ ਪੈੜਾਂ ਦੇ ਨਿਸ਼ਾਨ
ਕੱਕੇ ਰੇਤਿਆਂ ਨੂੰ ਚੁੰਮਦੀ ਫਿਰਾਂ...
ਵੇ ਪੁੰਨਣਾਂ...
ਫਿਰਦੀ ਭਟਕਦੀ ਉਜਾੜਾਂ 'ਚ ਇਕੱਲੀ
ਜਿਵੇਂ ਦੋਜ਼ਕਾਂ 'ਚ ਰਿਸ਼ੀਆਂ ਦੀ ਆਤਮਾ
ਸੁੱਤਿਆਂ ਯਸ਼ੋਧਰਾ ਨੂੰ ਛੱਡ ਜਾਣ ਵਾਲਿਆ
ਵੇ ਧੰਨ ਤੇਰਾ ਜਿਗਰਾ ਮਹਾਤਮਾ
ਹੰਝੂਆਂ ਦੀ ਆਰਤੀ ਉਤਾਰਾਂ ਡਾਚੀ ਵਾਲਿਆ
ਮੈਂ ਹਾਉਕਿਆਂ ਦਾ ਜਾਪ ਕਰਾਂ...
ਵੇ ਪੁੰਨਣਾਂ...
ਮਹਿੰਦੀ ਰੰਗੇ ਪੈਰਾਂ ਵਿਚੋਂ ਰਿਸਦਾ ਏ ਖ਼ੂਨ
ਮੋਹਰਾਂ ਰੱਤੀਆਂ ਥਲਾਂ ਦੇ ਵਿਚ ਲੱਗੀਆਂ
ਹੰਭ ਗਏ ਵਰੋਲੇ ਪਰ ਮਿਟੇ ਨਾ ਕਲੰਕ
ਲੱਖਾਂ ਪੌਣਾਂ ਕਹਿਰਵਾਨ ਹੋ ਹੋ ਵੱਗੀਆਂ
ਠਹਿਰ ਜ਼ਰਾ ਮੌਤੇ ਪੁੱਜ ਲੈਣ ਤਾਂ ਦੇ ਪਾਪਣੇ ਨੀ
ਚੰਦਰੇ ਬਲੋਚ ਦੇ ਗਿਰਾਂ ...
ਵੇ ਪੁੰਨਣਾਂ...
ਮਾਂ ਦੀ ਬੋਲੀ
ਮੈਂ ਪੰਜਾਬੀ ਗੁਰੂਆਂ ਪੀਰਾਂ ਅਵਤਾਰਾਂ ਦੀ ਬੋਲੀ
ਮਾਂ ਦੀ ਮਮਤਾ ਵਰਗੀ ਮਿੱਠੀ
ਦੁੱਧ ਵਿੱਚ ਮਿਸ਼ਰੀ ਘੋਲੀ
ਰੱਜ ਰੱਜ ਲਾਡ ਲਡਾਇਆ ਤੈਨੂੰ
ਲੋਰੀਆਂ ਨਾਲ ਖਿਡਾਇਆ ਤੈਨੂੰ
ਮੈਂ ਹੀ ਬੋਲਣ ਲਾਇਆ ਤੈਨੂੰ
ਭੁੱਲ ਗਿਉਂ ਮੇਰਾ ਪਿਆਰ
ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ
ਮੈਨੂੰ ਇਉਂ ਨਾ ਮਨੋਂ ਵਿਸਾਰ
ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ
ਦੁਨੀਆਂ ਵਾਲੇ ਕਹਿੰਦੇ ਸਨ ਮੈਨੂੰ
ਪੰਜ ਨਦੀਆਂ ਦੀ ਰਾਣੀ
ਪਾਣੀ ਵਿੱਚ ਲਾਕੀਰਾਂ ਵਾਹ ਕੇ
ਚੀਰ ਦਿੱਤੇ ਗਏ ਪਾਣੀ
ਖਿੰਡ ਗਏ ਮੋਤੀ ਮੈਂ ਤੱਤੜੀ ਦੇ
ਟੁੱਟ ਗਿਆ ਰਾਣੀ ਹਾਰ...
ਵੇ ਮੈਂ ਤੇਰੀ...
ਕਲਮ ਤੇਰੀ ਤੋਂ ਏ. ਬੀ. ਸੀ. ਨੇ
ਖੋਹ ਲਿਆ ਊੜਾ ਐੜਾ
ਸੁਣ ਪੁੱਤਰਾ ਮੇਰੇ ਦਿਲ 'ਚੋਂ ਨਿਕਲਿਆ
ਹਾਉਕੇ ਵਰਗਾ ਹਾੜ੍ਹਾ
ਕਈ ਵਰ੍ਹਿਆਂ ਤੋਂ ਵਿਲਕ ਰਹੀ
ਮਾਂ ਖੜ੍ਹੀ ਦਫਤਰੋਂ ਬਾਹਰ
ਵੇ ਮੈਂ ਤੇਰੀ...
ਜੰਮੇ-ਜਾਏ ਗੋਦ ਖਿਡਾਏ।
ਰੀਝਾਂ ਨਾਲ ਪੜ੍ਹਾਏ।
ਜਿਉਂ ਜਿਉਂ ਵੱਡੇ ਬਣਦੇ ਗਏ।
ਮੈਥੋਂ ਹੁੰਦੇ ਗਏ ਪਰਾਏ।
ਵੇ ‘ਮਾਨਾਂ’ ਨਾ ਹੋਈਂ ਬੇਗਾਨਾ
ਤੂੰ ਤੇ ਸੋਚ ਵਿਚਾਰ
ਵੇ ਮੈਂ ਤੇਰੀ ਮਾਂ ਦੀ ਬੋਲੀ ਹਾਂ
ਬੁੱਝ ਮੇਰੀ ਮੁੱਠੀ ਵਿੱਚ
ਮੇਰੀਏ ਨੀ ਮਾਏ
ਮੇਰੇ ਮਨ ਦੀਏ ਮਹਿਰਮੇ ਨੀ
ਬੁੱਝ ਮੇਰੀ ਮੁੱਠੀ ਵਿੱਚ ਕੀ
ਹੁਣ ਮੈਨੂੰ ਗੁੱਡੀਆਂ ਪਟੋਲਿਆਂ ਦੀ ਖੇਡ ਉੱਤੇ
ਕਦੇ ਕਦੇ ਹਾਸਾ ਜਿਹਾ ਆਏ
ਚੌਦਾਂ ਦਿਨ ਹੋਏ ਪੂਰੇ, ਚੰਦ ਦੇ ਆਕਾਰ ਨੂੰ ਮੈਂ
ਨਿੱਤ ਵਿੰਹਦੀ ਰਹਿਨੀ ਆਂ ਨੀ ਮਾਏ
ਚਿੱਤ ਕਰੇ ਰਿਸ਼ਮਾ ਦੇ ਨੂਰ ਦਾ ਸੁਨੈਹਰੀ ਕਾਸਾ
ਡੀਕ ਲਾ ਕੇ ਜਾਵਾਂ ਸਾਰਾ ਪੀ
ਬੁੱਝ ਮੇਰੀ ਮੁੱਠੀ ਵਿੱਚ ਕੀ...
ਨਿੱਕੇ ਜੇਹੇ ਮੂੰਹ 'ਚੋ ਪਹਾੜ ਜਿੱਡੀ ਗੱਲ
ਤੈਥੋਂ ਦੱਸ ਮਾਏ ਪੁੱਛਾਂ ਕਿ ਮੈਂ ਨਾ
ਫੇਰ ਕੀ ਤੂੰ ਦੇਵੇਂਗੀ ਜਵਾਬ ਮਾਏ ਮੇਰੀਏ ਨੀ
ਜੇ ਮੈਂ ਭਲਾ ਪੁੱਛ ਵੀ ਲਵਾਂ
ਗਿੱਠ ਗਿੱਠ ਲਾਲੀਆਂ ਕੁਆਰੇ ਅੰਗਾਂ ਉੱਤੇ ਆਈਆਂ
ਕੋਠੇ ਜਿੱਡੀ ਹੋਈ ਤੇਰੀ ਧੀ
ਬੁੱਝ ਮੇਰੀ ਮੁੱਠੀ ਵਿੱਚ ਕੀ...
ਕੂਲੇ ਕੂਲੇ ਸੁੱਚੇ ਸੁੱਚੇ ਮਹਿਕ-ਭਿੰਨੇ ਖਿਆਲ
ਮੇਰੇ ਸਿਰ ਉੱਤੇ ਹੋਏ ਅਸਵਾਰ
ਅੱਸੂ ਦੇ ਮਹੀਨੇ ਜਿਵੇਂ ਬਾਜਰੇ ਦੇ ਸਿੱਟਿਆਂ ਤੇ
ਹਰੇ ਹਰੇ ਤੋਤਿਆਂ ਦੀ ਡਾਰ
ਮਿੱਠੀ ਮਿੱਠੀ ਨਿੱਘੀ ਨਿੱਘੀ ਅੱਸੂ ਦੀ ਦੁਪੈਹਰ ਵਿੱਚ
ਉਡੂੰ ਉਡੂੰ ਕਰੇ ਮੇਰਾ ਜੀ
ਬੁੱਝ ਮੇਰੀ ਮੁੱਠੀ ਵਿੱਚ ਕੀ...
ਚਿੱਟੀ ਚਿੱਟੀ ਪੱਗ ਮੇਰੇ ਬਾਬਲੇ ਦੇ ਸਿਰ ਉੱਤੇ
ਜੁੱਗ ਜੁੱਗ ਜੀਣ ਮੇਰੇ ਵੀਰ
ਮਾਏ ਤੇਰੇ ਮੱਥੇ ਦੀ ਤਿਓੜੀ ਵੇਖ ਵੇਖ
ਮੇਰਾ ਪਾਣੀ ਪਾਣੀ ਹੋ ਗਿਆ ਸਰੀਰ
ਵਾਸਤਾ ਈ ਮਾਏ ਸਾਡਾ ਸੁੱਚੀਆਂ ਸੁਗੰਧੀਆਂ ਦਾ
ਕਲ੍ਹੀਆਂ ਦੇ ਬੁੱਲ੍ਹਾਂ ਨੂੰ ਨਾ ਸੀ
ਬੁੱਝ ਮੇਰੀ ਮੁੱਠੀ ਵਿੱਚ ਕੀ..
ਟੈਲੀਫੂਨ ਲੱਗਿਆ
ਤੁਸੀਂ ਚਿੱਠੀਆਂ ਪੌਣੀਆਂ ਭੁੱਲ ਗਏ
ਜਦੋਂ ਦਾ ਟੈਲੀਫੂਨ ਲੱਗਿਆ
ਲਾ ਕੇ ਲੱਗੀਆਂ ਨਿਭਾਉਣੀਆਂ ਭੁੱਲ ਗਏ
ਜਦੋਂ ਦਾ ਟੈਲੀਫੂਨ ਲੱਗਿਆ
ਇੱਕ ਇੱਕ ਚਿੱਠੀ ਨੂੰ ਅਨੇਕ ਵਾਰ ਵਾਚਣਾ
ਫੇਰ ਇਕ ਦੂਜੇ ਦੇ ਖਿਆਲਾਂ 'ਚ ਗੁਆਚਣਾ
ਕਿੱਥੇ ਮੁਲਾਕਾਤਾਂ ਦੀਆਂ ਮਹਿੰਗੀਆਂ ਸੁਗਾਤਾਂ
ਛੱਲੇ ਮੁੰਦੀਆਂ ਵਟਾਉਣੀਆਂ ਭੁੱਲ ਗਏ
ਜਦੋਂ ਦਾ ਟੈਲੀਫੂਨ ਲੱਗਿਆ...
ਤੇਰਾ ਨਾਮ ਲਿਖ ਕੇ ਪਤੰਗ ਮੈਂ ਉਡਾਇਆ ਸੀ
ਤੂੰ ਵੀ ਦੂਰੋਂ ਵੇਖ ਕੇ ਅੰਦਾਜਾ ਬੜਾ ਲਾਇਆ ਸੀ
ਮਾਰ ਮਾਰ ਤੁਣਕੇ ਲੜਾਉਣੇ ਪੇਚੇ ਪਾਉਣੇ
ਗੁੱਡੇ ਗੁੱਡੀਆਂ ਉਡਾਉਣੀਆਂ ਭੁੱਲ ਗਏ
ਜਦੋਂ ਦਾ ਟੈਲੀਫੂਨ ਲੱਗਿਆ...
ਅੱਖਾਂ ਅੱਗੇ ਰਹਿਣਾ ਹੋਣਾ ਇਕ ਪਲ ਦੂਰ ਨੀ
ਟੈਲੀਫੂਨ ਮਾਰਕਾ ਰੋਮਾਂਸ ਮਨਜ਼ੂਰ ਨੀ
ਇਕ ਰੁੱਸ ਜਾਣਾ ਦੂਜੇ ਰੁੱਸੇ ਨੂੰ ਮਨਾਣਾ
ਗੱਲਾਂ ਰੁੱਸਕੇ ਮੰਨਾਉਣੀਆਂ ਭੁੱਲ ਗਏ
ਜਦੋਂ ਟੈਲੀਫੂਨ ਲੱਗਿਆ...
ਆਸ਼ਕ ਮਾਸ਼ੂਕ ਜਿਹੜੇ ਸਮੇਂ ਦੇ ਪਾਬੰਦ ਨੲ੍ਹੀਂ
ਅੱਜ ਕਲ ਬਹੁਤੀ ਦੇਰ ਚਲਦੇ ਸਬੰਧ ਨੲ੍ਹੀਂ
ਵਿੰਹਦੇ ਰਹਿੰਦੇ ਹੀਰ ਕਦੋਂ ਰੋਟੀ ਲੈ ਕੇ ਆਵੇ
ਰਾਂਝੇ ਮੱਝੀਆਂ ਚਰਾਉਣੀਆਂ ਭੁੱਲ ਗਏ
ਜਦੋਂ ਦਾ ਟੈਲੀਫੂਨ ਲੱਗਿਆ...
ਗੱਲ ਮੁੱਕੀ ਨਾ
ਗੱਲ ਮੁੱਕੀ ਨਾ ਸੱਜਣ ਨਾਲ ਮੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈ
ਕੀ ਕਰਨੀ ਖੁਦਾਈ ਅਸੀਂ ਤੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈ
ਤੇਰਾ ਕੀ ਸੀ ਜਾਂਦਾ ਸਾਡਾ ਲੱਥ ਜਾਂਦਾ ਚਾਅ ਵੇ
ਅੱਜ ਦੀ ਜੇ ਰਾਤ ਦੇਂਦਾ ਥੋੜੀ ਜਿਹੀ ਵਧਾ ਵੇ
ਤੈਥੋਂ ਨਿੱਕੀ ਜਿੰਨੀ ਹੋਈ ਨਾ ਦਲੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈ
ਗੱਲ ਮੁੱਕੀ ਨਾ...
ਪਹਿਲਾਂ ਜਿਹੜੀ ਹੁੰਦੀ ਸੀ ਪਹਾੜ ਜਿੱਡੀ ਰਾਤ ਵੇ
ਪਲਾਂ ਵਿੱਚ ਬੀਤੀ ਜਦੋਂ ਹੋਈ ਮੁਲਾਕਾਤ ਵੇ
ਕੀ ਹੋਵਾਂ ਮੈਂ ਅਹਿਸਾਨਮੰਦ ਤੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈ
ਗੱਲ ਮੁੱਕੀ ਨਾ...
ਮਿੱਠੀ-ਮਿੱਠੀ ਆਉਂਦੀ ਸੀ ਹਵਾਵਾਂ 'ਚੋਂ ਸੁਗੰਧ ਵੇ
ਚੰਗਾ ਚੰਗਾ ਲਗਦਾ ਸੀ ਪੁੰਨਿਆਂ ਦਾ ਚੰਦ ਵੇ
ਰਹਿ ਗਈ ਰਾਹਾਂ ਵਿੱਚ ਚਾਨਣੀ ਖਲੇਰੀ
ਰੱਬਾ ਵੇ ਤੇਰੀ ਰਾਤ ਮੁੱਕ ਗਈ
ਗੱਲ ਮੁੱਕੀ ਨਾ...


-
ਗੁਰਭਜਨ ਗਿੱਲ, ਲੇਖਕ
gurbhajangill@gmail.com
...
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.