ਪੰਜਾਬ ਦਾ AI-ਅਧਾਰਤ ਸਟ੍ਰੋਕ ਪ੍ਰੋਜੈਕਟ ਕੌਮੀ ਸਿਹਤ ਸੰਭਾਲ ਮਾਡਲ ਬਣ ਕੇ ਉੱਭਰਿਆ; 700 ਤੋਂ ਵੱਧ ਸਟ੍ਰੋਕ ਮਰੀਜ਼ਾਂ ਦੀ ਕੀਤੀ ਜਾਂਚ
ਬੀਤੇ ਕੁਝ ਮਹੀਨਿਆਂ ਵਿੱਚ ਸਫ਼ਲ ਢੰਗ ਨਾਲ ਛੇ ਮਕੈਨੀਕਲ ਥ੍ਰੋਮਬੈਕਟੋਮੀ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ: ਸਿਹਤ ਮੰਤਰੀ ਡਾ. ਬਲਬੀਰ ਸਿੰਘ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਟ੍ਰੋਕ ਪ੍ਰੋਜੈਕਟ ਦੀ ਸਫ਼ਲਤਾ ਦੀ ਸ਼ਲਾਘਾ
ਪੰਜਾਬ ਸਰਕਾਰ, ਸੀਐਮਸੀ ਲੁਧਿਆਣਾ, ਕਿਊਰ.ਏਆਈ ਅਤੇ ਮੈਡਟ੍ਰੋਨਿਕ ਨੇ ਆਪਸੀ ਸਹਿਯੋਗ ਨਾਲ ਲਾਗੂ ਕੀਤਾ ਪ੍ਰੋਜੈਕਟ
ਚੰਡੀਗੜ੍ਹ, 11 ਅਕਤੂਬਰ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਜਨਤਕ ਸਿਹਤ ਸੰਭਾਲ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਏਆਈ-ਅਧਾਰਤ ਸਟ੍ਰੋਕ ਪ੍ਰੋਜੈਕਟ ਨੇ ਪੰਜਾਬ ਨੂੰ ਜੀਵਨ-ਰੱਖਿਅਕ ਡਾਕਟਰੀ ਦੇਖਭਾਲ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਵਿੱਚ ਪੰਜਾਬ ਨੂੰ ਦੇਸ਼ ਦੇ ਮੋਹਰੀ ਸੂਬੇ ਵਜੋਂ ਸਥਾਪਤ ਕਰਦਿਆਂ ਵੱਡੀ ਸਫ਼ਲਤਾ ਦਰਜ ਕੀਤੀ ਹੈ। ਇਸ ਮਹੱਤਵਪੂਰਨ ਹੱਬ-ਐਂਡ-ਸਪੋਕ ਮਾਡਲ, ਜੋ ਪੰਜਾਬ ਸਰਕਾਰ, ਸੀਐਮਸੀ ਲੁਧਿਆਣਾ, ਕਿਊਰ.ਏਆਈ ਅਤੇ ਮੈਡਟ੍ਰੋਨਿਕ ਵੱਲੋਂ ਆਪਸੀ ਸਹਿਯੋਗ ਨਾਲ ਲਾਗੂ ਕੀਤਾ ਗਿਆ ਹੈ, ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਇਸਨੇ ਐਮਰਜੈਂਸੀ ਟ੍ਰੀਟਮੈਂਟ ਲਈ ਇੱਕ ਨਵਾਂ ਕੌਮੀ ਮਾਪਦੰਡ ਸਥਾਪਤ ਕੀਤਾ ਹੈ।
ਇਸ ਪ੍ਰੋਜੈਕਟ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਲਾਗੂ ਹੋਣ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਇਸ ਨਵੀਨਤਾਕਾਰੀ ਨੈੱਟਵਰਕ ਨੇ 700 ਤੋਂ ਵੱਧ ਸ਼ੱਕੀ ਸਟ੍ਰੋਕ ਦੇ ਮਰੀਜ਼ਾਂ ਦੀ ਜਾਂਚ ਕੀਤੀ ਹੈ। ਇਥੇ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਿਸਟਮ ਨੇ ਸਟ੍ਰੋਕ ਤੋਂ ਪੀੜਤ ਛੇ ਮਰੀਜ਼ਾਂ ਨੂੰ ਮਕੈਨੀਕਲ ਥ੍ਰੋਮਬੈਕਟੋਮੀ ਵਰਗੀ ਗੁੰਝਲਦਾਰ, ਬਰੇਨ ਕਲੌਟ ਰਿਮੂਵਿੰਗ ਪ੍ਰੋਸੀਜ਼ਰ ਦੀ ਸਹੂਲਤ ਪੂਰੀ ਤਰ੍ਹਾਂ ਮੁਫਤ ਪ੍ਰਦਾਨ ਕੀਤੀ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ਰਾਹੀਂ ਅਸੀਂ ਨਾ ਸਿਰਫ਼ ਜਾਨਾਂ ਬਚਾ ਰਹੇ ਹਾਂ ਸਗੋਂ ਗੰਭੀਰ ਅਪੰਗਤਾ ਦੇ ਮਾਮਲਿਆਂ ਦੀ ਰੋਕਥਾਮ ਵੀ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮਰੀਜ਼ਾਂ ਨੂੰ ਮਕੈਨੀਕਲ ਥ੍ਰੋਮਬੈਕਟੋਮੀ ਇਲਾਜ ਸਹੂਲਤ ਪੂਰੀ ਤਰ੍ਹਾਂ ਮੁਫਤ ਪ੍ਰਦਾਨ ਕਰ ਰਹੀ ਹੈ, ਜਿਸਦੀ ਕੀਮਤ ਨਿੱਜੀ ਹਸਪਤਾਲਾਂ ਵਿੱਚ ₹5 ਤੋਂ ₹6 ਲੱਖ ਦੇ ਵਿਚਕਾਰ ਹੈ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਵਿੱਤੀ ਤੰਗੀਆਂ ਮਰੀਜ਼ ਦੀ ਰਿਕਵਰੀ ਅਤੇ ਉਸਨੂੰ ਇੱਕ ਨਵੀਂ ਜ਼ਿੰਦਗੀ ਦੇਣ ਦੇ ਰਾਹ ਵਿੱਚ ਅੜਿੱਕਾ ਨਾ ਬਣਨ।
ਜ਼ਿਕਰਯੋਗ ਹੈ ਕਿ ਇਸ ਪ੍ਰੋਜੈਕਟ ਤਹਿਤ ਸਪੋਕ ਸੈਂਟਰਾਂ - ਹੁਸ਼ਿਆਰਪੁਰ, ਲੁਧਿਆਣਾ, ਸੰਗਰੂਰ ਅਤੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੇ ਜ਼ਿਲ੍ਹਾ ਹਸਪਤਾਲਾਂ - ਵਿੱਚ ਪਹੁੰਚਣ ਵਾਲੇ ਸ਼ੱਕੀ ਸਟ੍ਰੋਕ ਮਰੀਜ਼ ਦਾ ਤੁਰੰਤ ਸੀਟੀ ਸਕੈਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸਕੈਨ ਦਾ ਵਿਸ਼ਲੇਸ਼ਣ ਕਿਊਰ.ਏਆਈ ਦੀ ਆਧੁਨਿਕ ਏਆਈ ਤਕਨਾਲੋਜੀ ਦੁਆਰਾ ਮਿੰਟਾਂ ਵਿੱਚ ਕੀਤਾ ਜਾਂਦਾ ਹੈ, ਜਿਸਦੇ ਨਤੀਜੇ ਤੁਰੰਤ ਸੈਂਟਰਲ ਹੱਬ, ਕ੍ਰਿਸ਼ਚੀਅਨ ਮੈਡੀਕਲ ਕਾਲਜ (ਸੀਐਮਸੀ) ਲੁਧਿਆਣਾ ਵਿਖੇ ਮਾਹਰ ਨਿਊਰੋਲੋਜਿਸਟਾਂ ਦੀ ਟੀਮ ਨਾਲ ਸਾਂਝੇ ਕੀਤੇ ਜਾਂਦੇ ਹਨ।
ਡਾ. ਜੈਰਾਜ ਪਾਂਡਿਅਨ, ਡਾ. ਇਵੀ ਸੇਬੇਸਤੀਅਨ ਅਤੇ ਡਾ. ਰਾਜੇਸ਼ਵਰ ਸਹੋਤਾ ਦੀ ਅਗਵਾਈ ਹੇਠ ਇਹ ਮਾਹਰ ਸਪੋਕ ਸੈਂਟਰਾਂ ਵਿਖੇ ਡਾਕਟਰਾਂ ਨੂੰ ਰੀਅਲ-ਟਾਈਮ ਗਾਈਡੈਂਸ ਅਤੇ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਦੇ ਹਨ। ਜਿਨ੍ਹਾਂ ਮਰੀਜ਼ਾਂ ਨੂੰ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਜੀਵਨ ਰੱਖਿਅਕ ਸੇਵਾਵਾਂ ਪ੍ਰਦਾਨ ਕਰਨ ਲਈ ਤਰੁੰਤ ਅਤੇ ਸੁਚਾਰੂ ਢੰਗ ਨਾਲ ਸੀ.ਐਮ.ਸੀ. ਲੁਧਿਆਣਾ ਵਿਖੇ ਤਬਦੀਲ ਕਰ ਦਿੱਤਾ ਜਾਂਦਾ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਸ਼ੁਰੂਆਤੀ ਨਤੀਜੇ ਬਹੁਤ ਉਤਸ਼ਾਹਜਨਕ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਇੱਕ ਕ੍ਰਾਤੀਕਾਰੀ ਮਾਡਲ ਹੈ ਜੋ ਨਾਗਰਿਕਾਂ ਨੂੰ ਉਨ੍ਹਾਂ ਲੋੜ ਸਮੇਂ ਤੁਰੰਤ ਮਿਆਰੀ ਦੇਖਭਾਲ ਪ੍ਰਦਾਨ ਕਰਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਸਫਲ ਪਹਿਲਕਦਮੀ ਦਾ ਵਿਸਥਾਰ ਸੂਬੇ ਭਰ ਵਿੱਚ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਤਾਂ ਜੋ ਸਾਰਿਆਂ ਲਈ ਵਿਸ਼ਵ ਪੱਧਰੀ ਸਟ੍ਰੋਕ ਕੇਅਰ ਸੇਵਾਵਾਂ ਯਕੀਨੀ ਬਣਾਈਆਂ ਜਾ ਸਕਣ।"
ਡੱਬੀ: ਮਕੈਨੀਕਲ ਥ੍ਰੋਮਬੈਕਟੋਮੀ ਕੀ ਹੈ?
ਮਕੈਨੀਕਲ ਥ੍ਰੋਮਬੈਕਟੋਮੀ ਘੱਟ ਚੀਰਫਾੜ ਅਤੇ ਘੱਟ ਦਰਦ ਵਾਲੀ ਜੀਵਨ-ਰੱਖਿਅਕ ਇਲਾਜ ਪ੍ਰਕਿਰਿਆ ਹੈ ਜਿਸ ਦੀ ਵਰਤੋਂ ਗੰਭੀਰ ਇਸਕੇਮਿਕ ਸਟ੍ਰੋਕ ਦੌਰਾਨ ਦਿਮਾਗ ਦੀ ਧਮਣੀ ਤੋਂ ਖੂਨ ਦੇ ਥੱਕੇ ਨੂੰ ਹਟਾਉਣ ਲਈ ਕੀਤੀ ਜਾਂਦੀ ਹੈ। ਇਹ ਇੱਕ ਬਹੁਤ ਹੀ ਗੁੰਝਲਦਾਰ ਪ੍ਰਕਿਰਿਆ ਹੈ ਜੋ ਦਿਮਾਗ ਵਿੱਚ ਖੂਨ ਦੇ ਪ੍ਰਵਾਹ ਨੂੰ ਬਹਾਲ ਕਰਨ ਲਈ ਨਿਰਧਾਰਤ ਸਮੇਂ ਅੰਦਰ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਮੌਤ ਅਤੇ ਲੰਬੇ ਸਮੇਂ ਦੀ ਅਪੰਗਤਾ ਦੇ ਜੋਖਮ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ।