Babushahi Special ਕਰਵਾ ਚੌਥ: ਕਬਰਾਂ ਲੰਮ-ਸਲੰਮੀਆਂ ਉੱਪਰੋਂ ਕੱਖ ਪਏ, ਓਧਰੋਂ ਕੋਈ ਨਾ ਪਰਤਿਆ ਏਧਰੋਂ ਲੱਖ ਗਏ
ਅਸ਼ੋਕ ਵਰਮਾ
ਬਠਿੰਡਾ, 9 ਅਕਤੂਬਰ 2025: ਪੰਜਾਬ ’ਚ ਸੈਂਕੜੇ ਅਜਿਹੀਆਂ ਵਿਧਵਾਵਾਂ ਹਨ ਜੋ ਆਪਣੇ ‘ਸੁਹਾਗ’ ਤਾਂ ਬਚਾ ਨਹੀਂ ਸਕੀਆਂ ਪਰ ਉਹ ਹਮੇਸ਼ਾ ਖੇਤਾਂ ਦੀ ਸੁੱਖ ਮੰਗਦੀਆਂ ਹਨ। ਪਤੀਆਂ ਦੇ ਚਲੇ ਜਾਣ ਮਗਰੋਂ ਇੰਨ੍ਹਾਂ ਲਈ ‘ਕਰਵਾ ਚੌਥ’ ਦੇ ਕੋਈ ਮਾਇਨੇ ਨਹੀਂ ਰਹੇ ਹਨ। ਕਿਸੇ ਦਾ ਪਤੀ ਕਰਜ਼ਿਆਂ ਨੇ ਖੋਹ ਲਿਆ ਜਦੋਂਕਿ ਕਈਆਂ ਦੇ ਸਿਰਾਂ ਤੇ ਚੁੰਨੀ ਹੜ੍ਹਾਂ ਦੀ ਮਾਰ ਕਾਰਨ ਚਿੱਟੀ ਹੋਈ ਹੈ। ਜਦੋਂ ਵੀ ‘ਕਰਵਾ ਚੌਥ’ ਆਉਂਦਾ ਹੈ ਤਾਂ ਹਰ ਵਿਧਵਾ ਆਪਣੇ ਖੇਤਾਂ ਲਈ ਅਰਦਾਸ ਕਰਦੀ ਹੈ। ਪਤੀਆਂ ਦੀ ਲੰਮੀਂ ਉਮਰ ਲਈ ਰੱਖਿਆ ਜਾਣ ਵਾਲਾ ਵਕਤ ਸ਼ੁੱਕਰਵਾਰ ਦਾ ਹੈ ਪਰ ਇਹ ਵਿਧਵਾ ਆਖਦੀਆਂ ਹਨ ਕਿ ਹੁਣ ਚੰਨ ਦੀ ਉਡੀਕ ਕਾਹਦੇ ਅਤੇ ਕਿਸ ਲਈ। ਮਾਲਵਾ ਪੱਟੀ ’ਚ ਖੇਤੀ ਤੇ ਆਏ ਸੰਕਟ ਦੀ ਭੇਂਟ ਚੜ੍ਹੀਆਂ ਇੰਨ੍ਹਾਂ ਵਿਧਵਾ ਔਰਤਾਂ ਲਈ ਕਰਵਾ ਚੌਥ ਹੀ ਨਹੀਂ ਬਲਕਿ ਤਿੱਥ ਤਿਉਹਾਰਾਂ ਦਾ ਕੋਈ ਮਤਲਬ ਹੀ ਨਹੀਂ ਰਹਿ ਗਿਆ ਹੈ।
ਪਿੰਡ ਸ਼ੁਤਰਾਣਾ ਦੇ ਘੱਗਰ ਕਿਨਾਰੇ ਵੱਸਦੇ ਕਿਸਾਨ ਮੋਹਨ ਲਾਲ ਦੇ ਪ੍ਰੀਵਾਰ ਨਾਲ ਤਾਂ ਜੱਗੋਂ ਤੇਰ੍ਹਵੀਂ ਹੋਈ ਹੈ। ਮੋਹਨ ਲਾਲ (45) ਪੁੱਤਰ ਲਾਲ ਸਿੰਘ ਛੋਟਾ ਕਿਸਾਨ ਸੀ ਜਿਸ ਨੇ ਘੱਗਰ ਕਿਨਾਰੇ ਲਗਦੀ ਜ਼ਮੀਨ ਦੇ ਨਾਲ ਸੱਤ ਅੱਠ ਏਕੜ ਹੋਰ ਠੇਕੇ ’ਤੇ ਲੈ ਕੇ ਝੋਨਾ ਬੀਜਿਆ ਸੀ। ਜਦੋਂ ਪਾਣੀ ਦਾ ਪੱਧਰ ਵਧਣ ਲੱਗਿਆ ਤਾਂ ਉਹ ਰਾਖੀ ਲਈ ਸਾਰੀ-ਸਾਰੀ ਰਾਤ ਜਾਗਦਾ ਰਿਹਾ। ਪੰਜ ਸਿਤੰਬਰ ਨੂੰ ਉਸ ਨੇ ਜਦੋਂ ਘੱਗਰ ਵਿੱਚ ਪਾਣੀ ਵਧਣ ਨਾਲ ਕਿਨਾਰੇ ਨੂੰ ਖੋਰਾ ਲੱਗਿਆ ਦੇਖਿਆ ਤਾਂ ਦਹਿਲ ਜਾਣ ਕਰਨ ਉਸ ਦੀ ਮੌਤ ਹੋ ਗਈ। ਮੋਹਨ ਲਾਲ ਆਪਣੇ ਪਿਛੇ ਪਤਨੀ ਤੇ ਚਾਰ ਬੱਚੇ ਛੱਡ ਗਿਆ ਹੈ ਜਿੰਨ੍ਹਾਂ ਲਈ ਜਿੰਦਗੀ ਇੱਕ ਪ੍ਰੀਖਿਆ ਬਣ ਗਈ ਹੈ। ਮੋਹਨ ਲਾਲ ਦੀ ਪਤਨੀ ਆਖਦੀ ਹੈ ਕਿ ਸ਼ਾਲਾ ਕਿਸੇ ਦੇ ਖੇਤ ਨਾਂ ਰੁੱਸਣ। ਹੁਣ ਇਸ ਵਿਧਵਾ ਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਲਈ ਜੰਗ ਲੜਨੀ ਪੈ ਰਹੀ ਹੈ।
ਇਹੋ ਭਾਣਾ ਸੰਗਰੂਰ ਜਿਲ੍ਹੇ ਦੇ ਪਿੰਡ ਰਸੌਲੀ ’ਚ ਵਾਪਰਿਆ ਹੈ ਜਿੱਥੇ ਕਿਸਾਨ ਰਣ ਸਿੰਘ ਪਾਣੀ ਵਿੱਚ ਝੋਨਾ ਡੁੱਬਿਆ ਦੇਖਕੇ ਦਿਲ ਦਾ ਦੌਰਾ ਪੈਣ ਨਾਲ ਚੱਲ ਵੱਸਿਆ ਸੀ। ਜਾਣਕਾਰੀ ਅਨੁਸਾਰ ਕਿਸਾਨ ਰਣ ਸਿੰਘ (60) ਪੁੱਤਰ ਜੈ ਸਿੰਘ ਕੋਲ ਮਹਿਜ਼ ਇੱਕ ਕਿੱਲਾ ਜ਼ਮੀਨ ਸੀ। ਉਸ ਦੇ ਖੇਤ ਵਿੱਚ ਮੋਮੀਆਂ ਡਰੇਨ ਦਾ ਪਾਣੀ ਭਰ ਗਿਆ ਸੀ। ਜਦੋਂ ਰਣ ਸਿੰਘ ਖੇਤ ਗੇੜਾ ਮਾਰਨ ਪੁੱਜਿਆ ਤਾਂ ਝੋਨਾ ਡੁੱਬਿਆ ਦੇਖਕੇ ਉਸ ਦੇ ਦਿਲ ਨੂੰ ਡਾਢੀ ਸੱਟ ਲੱਗੀ ਅਤੇ ਇਲਾਜ ਲਈ ਲਿਜਾਣ ਤੋਂ ਪਹਿਲਾਂ ਹੀ ਅਭਾਗੇ ਕਿਸਾਨ ਰਣ ਸਿੰਘ ਨੇ ਫਾਨੀ ਜਹਾਨ ਨੂੰ ਅਲਵਿਦਾ ਆਖ ਦਿੱਤਾ। ਇਸ ਨੂੰ ਕੁਦਰਤ ਦੇ ਸਿਤਮ ਦੀ ਇੰਤਹਾ ਹੀ ਕਿਹਾ ਜਾ ਸਕਦਾ ਹੈ ਕਿ ਪੈਸੇ ਨਾਂ ਹੋਣ ਕਾਰਨ ਪ੍ਰੀਵਾਰ ਨੇ ਰਣ ਸਿੰਘ ਦਾ ਪੋਸਟਮਾਰਟਮ ਨਹੀਂ ਕਰਵਾਇਆ ਅਤੇ ਸ਼ਮਸ਼ਾਨਘਾਟ ਵਿੱਚ ਪਾਣੀ ਭਰਿਆ ਹੋਣ ਕਰਕੇ ਮ੍ਰਿਤਕ ਦਾ ਅੰਤਿਮ ਸਸਕਾਰ ਡਰੇਨ ਕੰਢੇ ਕਰਨਾ ਪਿਆ ਹੈ।
ਸੰਗਰੂਰ ਜਿਲ੍ਹੇ ਦੇ ਭਵਾਨੀਗੜ੍ਹ ਨੇੜਲੇ ਪਿੰਡ ਝਨੇੜੀ ਦੀ ਵਿਧਵਾ ਬਲਜਿੰਦਰ ਕੌਰ ਦੀ ਜਿੰਦਗੀ ਚੋਂ ਕਰਵਾ ਚੌਥ ਤਾਂ ਇੱਕ ਪਾਸੇ ਬਾਕੀ ਤਿਉਹਾਰ ਵੀ ਮਨਫੀ ਹੋ ਗਏ ਹਨ। ਬਲਜਿੰਦਰ ਕੌਰ ਦੇ ਕਰਜ਼ੇ ਤੋਂ ਪ੍ਰੇਸ਼ਾਨ ਪਤੀ ਕਿਸਾਨ ਬਲਵਿੰਦਰ ਸਿੰਘ (37) ਨੇ ਲੰਘੀ ਕੋਈ ਜ਼ਹਿਰੀਲਾ ਪਦਾਰਥ ਨਿਗਲ ਗਿਆ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਚਾਰ ਧੀਆਂ ਦੇ ਪਿਤਾ ਕਿਸਾਨ ਬਲਵਿੰਦਰ ਸਿੰਘ ਦੇ ਪ੍ਰੀਵਾਰ ਕੋਲ ਸਿਰਫ਼ 4 ਵਿੱਘੇ ਜ਼ਮੀਨ ਹੈ ਅਤੇ ਉਹ ਥੋਹੜੀ ਮੋਟੀ ਜ਼ਮੀਨ ਠੇਕੇ ’ਤੇ ਲੈਕੇ ਖੇਤੀ ਦੇ ਨਾਲ ਨਾਲ ਮੋਟਰਾਂ ਮੁਰੰਮਤ ਵੀ ਕਰਦਾ ਸੀ। ਕਈ ਸਾਲਾਂ ਤੋਂ ਫ਼ਸਲ ਵਿੱਚੋਂ ਕੋਈ ਬੱਚਤ ਨਹੀਂ ਹੋ ਰਹੀ ਸੀ ਜਿਸ ਕਰਕੇ ਪ੍ਰੀਵਾਰ ’ਤੇ ਸਰਕਾਰੀ ਅਤੇ ਗੈਰ-ਸਰਕਾਰੀ 5 ਲੱਖ ਰੁਪਏ ਦਾ ਕਰਜ਼ਾ ਚੜ੍ਹ ਗਿਆ ਜੋ ਪ੍ਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਸੀ। ਕਰਜੇ ਕਾਰਨ ਪ੍ਰੇਸ਼ਾਨ ਰਹਿੰਦੇ ਕਿਸਾਨ ਬਲਵਿੰਦਰ ਸਿੰਘ ਨੇ ਇਹ ਸਿਰੇ ਦਾ ਕਦਮ ਚੁੱਕ ਲਿਆ।
ਪਿੰਡ ਜਿਉਂਦ ਦੀ ਪਰਮਜੀਤ ਕੌਰ ਨੂੰ ਤਾਂ ਪਹਿਲਾ ਕਰਵਾ ਚੌਥ ਮਨਾਉਣਾ ਵੀ ਨਸੀਬ ਨਹੀਂ ਹੋਇਆ ਸੀ। ਵਿਆਹ ਤੋਂ ਸਿਰਫ ਛੇ ਮਹੀਨੇ ਬਾਅਦ ਉਸ ਦਾ ਦਾ ਪਤੀ ਜਸਪਾਲ ਸਿੰਘ 12 ਅਪਰੈਲ 1992 ਨੂੰ ਅੱਤਵਾਦੀ ਧਿਰਾਂ ਹੱਥੋਂ ਸ਼ਹੀਦ ਹੋ ਗਿਆ ਸੀ। ਪਰਮਜੀਤ ਕੌਰ ਬਲੱਡ ਕੈਂਸਰ ਦੀ ਮਰੀਜ ਹੈ ਅਤੇ ਪਤੀ ਦੀ ਮੌਤ ਤੋਂ ਸੱਤ ਮਹੀਨੇ ਪਿੱਛੋਂ ਉਸਦੇ ਘਰ ਜਨਮ ਲੈਣ ਵਾਲੀ ਧੀਅ ਗੂੰਗੀ ਬੋਲੀ ਹੈ। ਬਠਿੰਡਾ ਜਿਲ੍ਹੇ ਦੇ ਪਿੰਡ ਬੁਰਜ ਦੀ ਗਗਨਦੀਪ ਕੌਰ ਦੂਸਰਾ ਕਰਵਾ ਚੌਥ ਮਨਾਉਣ ਤੋਂ ਮਹਿਰੂਮ ਰਹੀ ਹੈ। ਉਹ ਆਖਦੀ ਹੈ ਕਿ ਜਦੋਂ ਕਰਜੇ ਨੇ ਸੁਹਾਗ ਦਾ ਸਾਹ ਘੁੱਟ ਦਿੱਤਾ ਹੋਵੇ ਤਾਂ ਚੰਨ ਨਾਲ ਕਾਹਦਾ ਗਿਲਾ । ਇਹ ਦਾਸਤਾਨ ਉਨ੍ਹਾਂ ਵਿਧਵਾਵਾਂ ਦੀ ਹੈ ਜਿਨ੍ਹਾਂ ਦੇ ਸਿਰਾਂ ਦੇ ਸਾਈਂ ਜ਼ਿੰਦਗੀ ਤਲਾਸ਼ਦੇ ਖਾਕ ਹੋ ਗਏ ਅਤੇ ਉਹ ਤੰਗੀ ਤੁਰਸ਼ੀ ਦੀ ਜਿੰਦਗੀ ਹੰਢਾ ਰਹੀਆਂ ਹਨ ਤਿਉਹਾਰਾਂ ਦੇ ਜਸ਼ਨ ਦੂਰ ਦੀ ਗੱਲ ਹੈ।
ਔਰਤਾਂ ਵੱਲੋਂ ਖੇਤਾਂ ਲਈ ਅਰਦਾਸ
ਅੱਜ ਸ਼ਹਿਰੀ ਖ਼ਿੱਤੇ ’ਚ ਤਾਂ ਇੱਕ ਦਿਨ ਪਹਿਲਾਂ ਹੀ ‘ਕਰਵਾ ਚੌਥ’ ਦੇ ਰੰਗ ਪੂਰੇ ਜਲੌਅ ’ਚ ਦਿਖੇ ਪਰ ਝੋਨੇ ਖਾਤਰ ਕਿਸਾਨਾਂ ਦੇ ਮੰਡੀਆਂ ਵਿੱਚ ਬੈਠੇ ਹੋਣ ਕਾਰਨ ਪਿੰਡਾਂ ’ਚ ਤਿਉਹਾਰ ਫਿੱਕਾ ਰਿਹਾ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਆਗੂ ਹਰਿੰਦਰ ਕੌਰ ਬਿੰਦੂ ਦਾ ਕਹਿਣਾ ਸੀ ਕਿ ਕਿਸਾਨਾਂ ਦੀਆਂ ਪਤਨੀਆਂ ਨੇ ਆਪਣੀਆਂ ਜਿਣਸਾਂ ਦੀ ਸੁੱਖ ਮੰਗੀ ਅਤੇ ਨਾਲ ਹੀ ਖੇਤਾਂ ਦੇ ਚੰਗੇ ਦਿਨ ਪਰਤਣ ਦੀ ਅਰਦਾਸ ਵੀ ਕੀਤੀ ਹੈ।