ਰਾਜਨ ਮਾਨ ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਕਾਰਜਕਾਰਨੀ ਮੈਂਬਰ ਨਿਯੁਕਤ
ਪੱਤਰਕਾਰੀ ਦੇ ਖੇਤਰ ਵਿੱਚ ਕਾਲੀਆਂ ਭੇਡਾਂ ਤੋਂ ਸੁਚੇਤ ਰਹਿਣ ਦੀ ਲੋੜ- ਮਾਨ
ਅਸ਼ੋਕ ਵਰਮਾ
ਅੰਮ੍ਰਿਤਸਰ,11 ਅਕਤੂਬਰ 2025:ਇੰਡੀਅਨ ਜਰਨਲਿਸਟਸ ਯੂਨੀਅਨ ਦੀ ਹੋਈ ਰਾਸ਼ਟਰੀ ਕਾਰਜਕਾਰਣੀ ਦੀ ਮੀਟਿੰਗ ਵਿੱਚ ਸੀਨੀਅਰ ਪੱਤਰਕਾਰ ਅਤੇ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਰਾਜਨ ਮਾਨ ਨੂੰ ਲਗਾਤਾਰ ਦੂਸਰੀ ਵਾਰ ਯੂਨੀਅਨ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਚੁਣਿਆਂ ਗਿਆ ਹੈ।ਪਿਛਲੇ ਤਿੰਨ ਦਹਾਕਿਆਂ ਤੋਂ ਪੱਤਰਕਾਰੀ ਦੇ ਖੇਤਰ ਵਿਚ ਸਰਗਰਮ ਰਾਜਨ ਮਾਨ ਵਲੋਂ ਸਮੇਂ ਸਮੇਂ ਤੇ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਂਵਾਂ ਦੇ ਨਾਲ ਨਾਲ ਲੋਕ ਹਿੱਤਾਂ ਦੀ ਆਵਾਜ਼ ਵੀ ਬੁਲੰਦ ਕੀਤੀ ਜਾਂਦੀ ਆ ਰਹੀ ਹੈ। ਪੱਤਰਕਾਰੀ ਦੇ ਖੇਤਰ ਵਿੱਚ ਪਾਏ ਜਾ ਰਹੇ ਵੱਡੇ ਯੋਗਦਾਨ ਨੂੰ ਮੱਦੇਨਜ਼ਰ ਰੱਖਦਿਆਂ ਮਾਨ ਨੂੰ ਕੌਮੀ ਪੱਧਰ ਤੇ ਚੁਣਿਆਂ ਗਿਆ ਹੈ।
ਇੰਡੀਅਨ ਜਰਨਲਿਸਟਸ ਯੂਨੀਅਨ ਦੇਸ਼ ਦੀ ਇਕੋ ਇਕ ਵੱਡੀ ਜਥੇਬੰਦੀ ਹੈ ਜੋ ਪੱਤਰਕਾਰਾਂ ਦੇ ਹੱਕਾਂ ਲਈ ਦੇਸ਼ ਭਰ ਵਿਚ ਸੰਘਰਸ਼ ਕਰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪੱਤਰਕਾਰਾਂ ਦੇ ਮਸਲੇ ਉਹ ਕੌਮੀ ਪੱਧਰ ਤੇ ਉਠਾਉਣਗੇ। ਉਹਨਾਂ ਕਿਹਾ ਕਿ ਲੋਕ ਹਿੱਤਾਂ ਦੀ ਗੱਲ ਕਰਨਾ ਹੀ ਅਸਲੀ ਪੱਤਰਕਾਰਤਾ ਹੈ ਅਤੇ ਸਾਨੂੰ ਹਾਕਮ ਧਿਰਾਂ ਵਲੋਂ ਲੋਕਾਂ ਨਾਲ ਕੀਤੇ ਜਾ ਰਹੇ ਧੱਕਿਆਂ ਨੂੰ ਵੱਧ ਤੋਂ ਵੱਧ ਉਜਾਗਰ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮੀਡੀਆ ਦੇ ਖੇਤਰ ਵਿਚ ਕੁਝ ਕਾਲੀਆਂ ਭੇਡਾਂ ਦਾਖਲ ਹੋ ਚੁੱਕੀਆਂ ਹਨ ਅਤੇ ਉਹ ਇਸ ਪਾਕ ਪਵਿੱਤਰ ਪੇਸ਼ੇ ਨੂੰ ਬਦਨਾਮ ਕਰ ਰਹੀਆਂ ਹਨ।
ਸ੍ਰੀ ਮਾਨ ਨੇ ਕਿਹਾ ਕਿ ਅੱਜ ਜਦੋਂ ਹਾਕਮ ਧਿਰਾਂ ਵਲੋਂ ਪੱਤਰਕਾਰਤਾ ਨੂੰ ਖਤਮ ਕਰਨ ਲਈ ਕਮਲਕੱਸੇ ਕੀਤੇ ਗਏ ਹਨ ਅਜਿਹੇ ਦੌਰ ਵਿਚ ਸਾਨੂੰ ਇਕਜੁੱਟ ਹੋ ਕੇ ਆਪਣੇ ਅਤੇ ਖਾਸ ਕਰਕੇ ਲੋਕਾਂ ਦੇ ਹੱਕਾਂ ਲਈ ਤਕੜੇ ਹੋ ਕੇ ਲੜਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਪੱਤਰਕਾਰਾਂ ਉਪਰ ਵੱਧ ਰਹੇ ਹਮਲੇ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਇਕਜੁੱਟ ਹੋ ਕੇ ਲੜਾਈ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਕਿਹਾ ਕਿ ਇੰਡੀਅਨ ਜਰਨਲਿਸਟ ਯੂਨੀਅਨ ਨੇ ਪੱਤਰਕਾਰਾਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਅਤੇ ਮੀਡੀਆ ਵਿੱਚ ਆਈਆਂ ਤਬਦੀਲੀਆਂ ਦੀ ਤਹਿ ਤਕ ਜਾਣ ਲਈ ਮੀਡੀਆ ਕਮਿਸ਼ਨ ਬਣਾਉਣ ਦੀ ਮੰਗ ਕੀਤੀ ਹੈ। ਇੰਡੀਅਨ ਜਰਨਲਿਸਟਸ ਯੂਨੀਅਨ ਦੇ ਕੌਮੀ ਪ੍ਰਧਾਨ ਕੇ. ਸ੍ਰੀਨਿਵਾਸ ਰੈਡੀ ਦੀ ਪ੍ਰਧਾਨਗੀ ਹੇਠ ਜੈਪੁਰ ਵਿੱਚ ਯੂਨੀਅਨ ਦੀ ਦੋ ਰੋਜ਼ਾ ਕੌਮੀ ਕਾਰਜਕਾਰਨੀ ਮੀਟਿੰਗ ਵਿੱਚ ਸੂਬਾ ਸਰਕਾਰਾਂ ਨੂੰ ਜ਼ੋਰ ਦੇ ਕੇ ਕਿਹਾ ਗਿਆ ਕਿ ਪੱਤਰਕਾਰਾਂ ਦੀ ਰਾਖੀ ਲਈ ਕਾਨੂੰਨ ਬਣਾਏ ਜਾਣ। ਭਾਰਤੀ ਰੇਲਵੇ ਵੱਲੋਂ ਕੋਰੋਨਾ ਕਾਲ ਦੌਰਾਨ ਪੱਤਰਕਾਰਾਂ ਲਈ ਰਿਆਇਤੀ ਸਫ਼ਰ ਦੀ ਸਹੂਲਤ ਬੰਦ ਕਰ ਦਿੱਤੀ ਗਈ ਸੀ,ਇਸ ਸਹੂਲਤ ਨੂੰ ਮੁੜ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਯੂਨੀਅਨ ਨੇ ਪ੍ਰਿੰਟ ਮੀਡੀਆ ਦੇ ਨਾਲ ਹੀ ਇਲੈਕਟ੍ਰਾਨਿਕਸ ਮੀਡੀਆ ਅਤੇ ਸੋਸ਼ਲ ਮੀਡੀਆ ਨੂੰ ਪ੍ਰਤੀਨਿਧਤਾ ਦੇਣ ਲਈ ਪ੍ਰੈੱਸ ਕੌਂਸਲ ਆਫ਼ ਇੰਡੀਆ ਦੀ ਥਾਂ ਕੌਮੀ ਮੀਡੀਆ ਕੌਂਸਲ ਦੇ ਗਠਨ ਦੀ ਵੀ ਮੰਗ ਕੀਤੀ ਹੈ।
ਉਹਨਾਂ ਦੱਸਿਆ ਕਿ ਸਾਥੀ ਬਲਵਿੰਦਰ ਜੰਮੂ ਅਤੇ ਡੀ.ਸੋਮਾਸੁੰਦਰ ਕ੍ਰਮਵਾਰ ਇੰਡੀਅਨ ਜਰਨਲਿਸਟ ਯੂਨੀਅਨ ਦੇ ਨਿਰਵਿਰੋਧ ਕੌਮੀ ਪ੍ਰਧਾਨ ਅਤੇ ਸਕੱਤਰ ਜਨਰਲ ਚੁਣੇ ਗਏ ਹਨ। ਉਨ੍ਹਾਂ ਇਹ ਵੀ ਦੱਸਿਆ ਯੂਨੀਅਨ ਦੀ ਕੌਮੀ ਕੌਂਸਲ ਲਈ 150 ਮੈਂਬਰਾਂ ਦੀ ਚੋਣ ਕੀਤੀ ਗਈ ਹੈ। ਜਿਸ ਵਿੱਚ ਪੰਜਾਬ ਦੇ ਚਾਰ ਸਾਥੀਆਂ ਨੂੰ ਵੀ ਥਾਂ ਮਿਲੀ ਹੈ, ਜਿਸ ਵਿੱਚ ਮੇਰੇ ਤੋਂ ਇਲਾਵਾ, ਸ਼੍ਰੀ ਫ਼ਤਿਹਗੜ੍ਹ ਸਾਹਿਬ ਤੋਂ ਸ੍ਰੀ ਭੂਸ਼ਨ ਸੂਦ ਅਤੇ ਬਠਿੰਡਾ ਤੋਂ ਸ੍ਰੀ ਸੁਖਨੈਬ ਸਿੰਘ ਸਿੱਧੂ ਚੁਣੇ ਗਏ ਹਨ, ਜਦਕਿ ਇਕ ਸੀਟ ਬਾਅਦ ਵਿਚ ਭਰੀ ਜਾਵੇਗੀ। ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਜਨਵਰੀ ਦੇ ਆਖ਼ਰੀ ਹਫ਼ਤੇ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿੱਚ ਹੋਣ ਵਾਲੀ ਕੌਮੀ ਕਾਨਫ਼ਰੰਸ ਵਿੱਚ ਨਵੇਂ ਚੁਣੇ ਕੌਮੀ ਪ੍ਰਧਾਨ ਬਲਵਿੰਦਰ ਜੰਮੂ, ਕੌਮੀ ਸਕੱਤਰ ਜਨਰਲ ਡੀ.ਸੋਮਾਸੁੰਦਰ ਸਮੇਤ ਦੇਸ਼ ਭਰ ਵਿੱਚੋਂ ਚੁਣੇ ਗਏ ਕੌਮੀ ਕੌਂਸਲ ਮੈਂਬਰ ਆਪਣਾ ਕਾਰਜ ਭਾਰ ਸੰਭਾਲਣਗੇ ਅਤੇ ਦੇਸ਼ ਭਰ ਦੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੌਮੀ ਪੱਧਰ 'ਤੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ।