← ਪਿਛੇ ਪਰਤੋ
Big News ਭਾਜਪਾ ਆਗੂ ਕੰਗਣਾ ਰਣੌਤ ਲਈ ਮੂਸਾ ਭੱਜਿਆ ਮੌਤ ਤੋਂ ਅੱਗੇ ਮੌਤ ਖੜ੍ਹੀ ਬਣਿਆ ਮਾਣਹਾਨੀ ਮਾਮਲਾ ਅਸ਼ੋਕ ਵਰਮਾ ਬਠਿੰਡਾ,11ਅਕਤੂਬਰ2025:ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਭਾਰਤੀ ਜੰਤਾ ਪਾਰਟੀ ਦੀ ਸੰਸਦ ਮੈਂਬਰ ਕੰਗਣਾ ਰਣੌਤ ਮਾਣਹਾਨੀ ਮਾਮਲੇ ’ਚ 27 ਅਕਤੂਬਰ ਨੂੰ ਬਠਿੰਡਾ ਦੀ ਜਿਲ੍ਹਾ ਅਦਾਲਤ ’ਚ ਪੇਸ਼ ਹੋਵੇਗੀ। ਸ਼ੁੱਕਰਵਾਰ ਨੂੰ ਕੰਗਣਾ ਦੇ ਵਕੀਲਾਂ ਨੇ ਅਦਾਲਤ ’ਚ ਪੇਸ਼ ਹੋ ਕੇ ਇਸ ਸਬੰਧ ’ਚ ਪ੍ਰਵਾਨਗੀ ਮੰਗੀ ਸੀ ਜਿਸ ਨੂੰ ਅਦਾਲਤ ਨੇ ਪ੍ਰਵਾਨ ਕਰ ਲਿਆ ਹੈ। ਕੰਗਨਾ ਰਣੌਤ ਇਸ ਦਿਨ ਦੋ ਵਜੇ ਨਿੱਜੀ ਤੌਰ ਤੇ ਅਦਾਲਤ ਵਿੱਚ ਪੇਸ਼ ਹੋਣ ਜਾ ਰਹੀ ਹੈ। ਹਾਲਾਂਕਿ ਸਿਆਸੀ ਤੌਰ ਤੇ ਕਾਫੀ ਰਸੂਖਵਾਨ ਮੰਨੀ ਜਾਂਦੀ ਕੰਗਣਾ ਰਣੌਤ ਨੇ ਇਸ ਮਾਮਲੇ ਨੂੰ ਲੰਮਾਂ ਸਮਾਂ ਕਾਨੂੂੰਨੀ ਚੱਕਰਵਿਊ ’ਚ ਉਲਝਾਈ ਰੱਖਿਆ ਫਿਰ ਵੀ ਉਹ ਕਾਨੂੰਨ ਦੇ ਸ਼ਿਕੰਜੇ ਤੋਂ ਬਚਣ ਵਿੱਚ ਅਸਫਲ ਰਹੀ ਹੈ। ਇਸ ਮਾਮਲੇ ਦਾ ਕੀ ਨਿਬੇੜਾ ਹੁੰਦਾ ਹੈ ਇਹ ਤਾਂ ਸਮਾਂ ਦੱਸੇਗਾ ਪਰ ਅਦਾਲਤੀ ਝਟਕਿਆਂ ਪਿੱਛੋਂ ਕੰਗਣਾ ਨੂੰ ਅਦਾਲਤ ’ਚ ਪੇਸ਼ ਹੋਣ ਦਾ ਫੈਸਲਾ ਲੈਣਾ ਹੀ ਪਿਆ ਹੈ। ਬਠਿੰਡਾ ਜਿਲ੍ਹੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਜ਼ਰਗ ਮਹਿੰਦਰ ਕੌਰ ਪਤਨੀ ਲਾਭ ਸਿੰਘ ਨੇ 4 ਜਨਵਰੀ 2021 ਨੂੂੰ ਭਾਜਪਾ ਆਗੂ ਅਦਾਕਾਰਾ ਕੰਗਣਾ ਰਣੌਤ ਖਿਲਾਫ ਆਪਣੇ ਵਕੀਲ ਰਾਹੀਂ ਅਦਾਲਤ ’ਚ ਮਾਣਹਾਨੀ ਸਬੰਧੀ ਮੁਕੱਦਮਾ ਦਰਜ ਕਰਵਾਇਆ ਸੀ। ਇਸ ਮਾਮਲੇ ਦੀ ਜਿਲ੍ਹਾ ਅਦਾਲਤ ’ਚ ਤਕਰੀਬਨ 13 ਮਹੀਨੇ ਸੁਣਵਾਈ ਚੱਲੀ ਅਤੇ ਬਠਿੰਡਾ ਅਦਾਲਤ ਨੇ ਕੰਗਣਾ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਵੀ ਕਰ ਦਿੱਤੇ ਸਨ। ਇਸ ਤੋਂ ਬਾਅਦ ਕੰਗਣਾ ਨੇ ਇਸ ਮਾਣਹਾਨੀ ਮਾਮਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕਰ ਦਿੱਤੀ ਸੀ। ਹਾਈਕੋਰਟ ਨੇ ਇਸ ਮਾਮਲੇ ਸਬੰਧੀ ਸਟੇਅ ਜਾਰੀ ਕਰ ਦਿੱਤਾ ਸੀ। ਅਗਸਤ ਮਹੀਨੇ ਦੌਰਾਨ ਹਾਈਕੋਰਟ ਨੇ ਅਦਾਕਾਰਾ ਕੰਗਣਾ ਰਣੌਤ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ । ਮੰਨਿਆ ਜਾ ਰਿਹਾ ਸੀ ਕਿ ਹੁਣ ਬਠਿੰਡਾ ਅਦਾਲਤ ’ਚ ਸੁਣਵਾਈ ਸ਼ੁਰੂ ਹੋਵੇਗੀ ਕੰਗਣਾ ਰਣੌਤ ਹਾਈਕੋਰਟ ਦੇ ਆਦੇਸ਼ਾਂ ਖਿਲਾਫ ਸੁਪਰੀਮ ਕੋਰਟ ਚਲੀ ਗਈ। ਮਹਿੰਦਰ ਕੌਰ ਖਿਲਾਫ ਭੱਦਾ ਟਵੀਟ ਕਰਕੇ ਕਸੂਤੀ ਫਸੀ ਕੰਗਣਾ ਨੂੰ ਸੁਪਰੀਮ ਕੋਰਟ ਨੇ ਕੋਈ ਰਾਹਤ ਨਾਂ ਦਿੱਤੀ ਉਲਟਾ ਅਦਾਲਤ ਨੇ ਇਸ ਮਾਮਲੇ ਨੂੰ ਲੈਕੇ ਕਾਫੀ ਤਲਖ ਟਿੱਪਣੀਆਂ ਕੀਤੀਆਂ ਸਨ। ਜਦੋਂ ਬਠਿੰਡਾ ਅਦਾਲਤ ਨੇ ਕੰਗਣਾ ਰਣੌਤ ਨੂੰ ਪੇਸ਼ ਹੋਣ ਲਈ ਸੰਮਣ ਜਾਰੀ ਕੀਤੇ ਤਾਂ ਉਸ ਨੇ ਆਪਣੇ ਵਕੀਲਾਂ ਰਾਹੀਂ ਪਹਿਲੇ ਦਿਨ ਤੋਂ ਹੀ ਪੇਸ਼ੀ ਤੋਂ ਛੋਟ ਦੇਣ ਦੀ ਮੰਗ ਕਰਦਿਆਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ’ਚ ਸ਼ਾਮਲ ਹੋਣ ਦੀ ਇਜਾਜਤ ਦੇਣ ਦੀ ਅਪੀਲ ਕੀਤੀ ਸੀ। ਅਦਾਲਤ ਨੇ ਇਹ ਮੰਗ ਰੱਦ ਕਰ ਦਿੱਤੀ ਅਤੇ ਕੰਗਣਾ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਹੁਣ ਜਦੋਂ ਕੋਈ ਕਾਨੂੰਨੀ ਰਾਹ ਨਾਂ ਬਚਿਆ ਤਾਂ ਕੰਗਣਾ ਦੇ ਵਕੀਲ ਸ਼ੁੱਕਰਵਾਰ ਨੂੰ ਅਦਾਲਤ ’ਚ ਪੇਸ਼ ਹੋਏ ਸਨ ਅਤੇ 27 ਅਕਤੂਬਰ ਨੂੰ ਜਿਲ੍ਹਾ ਅਦਾਲਤ ’ਚ ਪੇਸ਼ ਹੋਣ ਦੀ ਮੰਗ ਕੀਤੀ ਸੀ ਜਿਸ ਨੂੰ ਮਨਜੂਰ ਕਰ ਲਿਆ ਗਿਆ ਹੈ। ਕੰਗਣਾ ਰਣੌਤ ਟਿੱਪਣੀਆਂ ਮਾਮਲਾ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਤਿੰਨ ਖੇਤੀ ਕਾਨੂੰਨਾਂ ( ਹੁਣ ਰੱਦ) ਨੂੰ ਲੈਕੇ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਅੰਦੋਲਨ ਮੌਕੇ ਕੰਗਨਾ ਰਣੌਤ ਨੇ ਬਜ਼ੁਰਗ ਮਾਈ ਮਹਿੰਦਰ ਕੌਰ ’ਤੇ ਕਾਫੀ ਤਿੱਖੀਆਂ ਅਤੇ ਭੱਦੀਆਂ ਟਿਪਣੀਆਂ ਕੀਤੀਆਂ ਸਨ। ਕੰਗਣਾ ਨੇ ਇੱਕ ਟਵੀਟ ਰਾਹੀਂ ਮਹਿੰਦਰ ਕੌਰ ਨੂੰ 100 ਰੁਪਏ ਭਾੜਾ ਲੈ ਕੇ ਕਿਸਾਨ ਅੰਦੋਲਨ ਵਿੱਚ ਕੁੱਦਣ ਵਾਲੀ ਔਰਤ ਦੱਸਿਆ ਸੀ। ਇਸ ਮਾਈ ਦੀ ਫੋਟੋ ਵੀ ਕੰਗਨਾ ਨੇ ਸਾਂਝੀ ਕੀਤੀ ਸੀ। ਮਹਿੰਦਰ ਕੌਰ ਦੀ ਉਮਰ ਉਦੋਂ 81 ਸਾਲ ਦੀ ਸੀ ਅਤੇ ਏਨੀ ਉਮਰ ਦੇ ਬਾਵਜੂਦ ਉਹ ਕਿਸਾਨੀ ਅੰਦੋਲਨ ਦਾ ਹਿੱਸਾ ਬਣਨ ਲਈ ਦਿੱਲੀ ਗਈ ਸੀ। ਹੁਣ 85 ਸਾਲ ਦੀ ਉਮਰ ਵਿੱਚ ਬਜ਼ੁਰਗ ਮਹਿੰਦਰ ਕੌਰ ਦੇ ਹੌਂਸਲੇ ਬੁਲੰਦ ਹਨ। ਖੇਤਾਂ ਦੇ ਅੰਗ ਸੰਗ ਰਹੀ ਬਜ਼ੁਰਗ ਯਾਦ ਰਹੇ ਕਿ ਕੰਗਣਾ ਰਣੌਤ ਵੱਲੋਂ ਉਂਗਲ ਉਠਾਏ ਜਾਣ ਪਿੱਛੋਂ ਮਹਿੰਦਰ ਕੌਰ ਨੇ ਉਸ ਨੂੰ ਕਰੜਾ ਜੁਆਬ ਦਿੱਤਾ ਤਾਂ ਇਹ ਮਾਈ ਸੁਰਖ਼ੀਆਂ ਵਿੱਚ ਆਈ ਸੀ। ਵੱਡੀ ਗਿਣਤੀ ਵਿੱਚ ਸੰਸਥਾਵਾਂ ਤੇ ਲੋਕਾਂ ਨੇ ਉਸਦਾ ਸਨਮਾਨ ਵੀ ਕੀਤਾ ਸੀ। ਇਹ ਮਾਈ ਖੁਦ ਖੇਤੀ ਕਰਦੀ ਰਹੀ ਹੈ ਅਤੇ ਪੂਰੀ ਜ਼ਿੰਦਗੀ ਖੇਤਾਂ ਦੇ ਅੰਗ ਸੰਗ ਗੁਜ਼ਾਰੀ ਹੈ। ਕਿਸਾਨ ਘੋਲਾਂ ਵਿਚ ਖੁਦ ਵੀ ਜਾਂਦੀ ਰਹੀ ਅਤੇ ਹੁਣ ਵੀ ਕਿਸਾਨੀ ਘੋਲ ਦੀ ਹਰ ਗਤੀਵਿਧੀ ਤੋਂ ਜਾਣੂ ਰਹਿੰਦੀ ਹੈ। ਜਦੋਂ ਕੰਗਨਾ ਨੇ ਇਸ ਬੇਬੇ ’ਤੇ ਟਿੱਪਣੀ ਕੀਤੀ ਸੀ ਤਾਂ ਉਦੋਂ ਦਲਜੀਤ ਦੁਸਾਂਝ ਆਦਿ ਨੇ ਵੀ ਕੰਗਨਾ ਦੀ ਸੋਸ਼ਲ ਮੀਡੀਆ ’ਤੇ ਚੰਗੀ ਝਾੜ ਝੰਬ ਕੀਤੀ ਸੀ। ਵਿਵਾਦਾਂ ਕਾਰਨ ਥੱਪੜ ਵੱਜਿਆ ਆਪਣੇ ਵਿਵਾਦਿਤ ਬੋਲਾਂ ਕਾਰਨ ਚੰਡੀਗੜ੍ਹ ਹਵਾਈ ਅੱਡੇ ਤੇ ਸੀਆਈਐਸਐਫ ਦੀ ਸਿਪਾਹੀ ਕੁਲਵਿੰਦਰ ਕੌਰ ਨੇ ਕੰਗਣਾ ਰਣੌਤ ਨੂੰ ਥੱਪੜ ਜੜ ਦਿੱਤਾ ਸੀ। ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਦਿੱਲੀ ਜਾਣ ਲਈ ਜਦੋਂ ਕੰਗਣਾ ਚੰਡੀਗੜ੍ਹ ਹਵਾਈ ਅੱਡੇ ਤੇ ਪੁੱਜੀ ਤਾਂ ਉਦੋਂ ਇਹ ਘਟਨਾ ਵਾਪਰੀ ਸੀ। ਕੁਲਵਿੰਦਰ ਕੌਰ ਨੇ ਥੱਪੜ ਮਾਰਨ ਦਾ ਕਾਰਨ ਵੀ ਕੰਗਣਾ ਵੱਲੋਂ ਸੌ ਸੌ ਰੁਪਿਆ ਲੈਕੇ ਅੰਦੋਲਨ ’ਚ ਸ਼ਾਮਲ ਹੋਣ ਸਬੰਧੀ ਟਿੱਪਣੀ ਦੱਸਿਆ ਸੀ। ਉਸ ਨੇ ਕਿਹਾ ਸੀ ਕਿ ਦਿੱਲੀ ਧਰਨੇ ’ਚ ਉਸ ਦੀ ਮਾਂ ਵੀ ਸ਼ਾਮਲ ਸੀ ਜਿਸ ਕਰਕੇ ਥੱਪੜ ਮਾਰਨਾ ਪਿਆ ਹੈ। ਜਿਕਰਯੋਗ ਹੈ ਕਿ ਕੰਗਣਾ ਰਣੌਤ ਕਿਸਾਨੀ ਖਿਲਾਫ ਕਥਿਤ ਤੌਰ ਤੇ ਵਿਵਾਦਿਤ ਬਿਆਨਾਂ ਕਾਰਨ ਚਰਚਾ ’ਚ ਰਹਿੰਦੀ ਹੈ ਜਿਨ੍ਹਾਂ ਦਾ ਤਿੱਖਾ ਵਿਰੋਧ ਵੀ ਹੁੰਦਾ ਰਹਿੰਦਾ ਹੈ।
Total Responses : 1245