ਬੇਕਰੀ ਤੇ ਮਿਠਾਈਆਂ ਦੇ ਉਤਪਾਦ ਤਿਆਰ ਕਰਨ ਸਬੰਧੀ ਸਿਖਲਾਈ ਕੋਰਸ ਕਰਵਾਇਆ
ਹੁਨਰ ਵਿਕਾਸ ਰਾਹੀਂ ਸਵੈ-ਰੁਜ਼ਗਾਰ ਤੇ ਉੱਦਮਤਾ ਦੇ ਨਵੇਂ ਮੌਕੇ ਸਿਰਜਣ ’ਤੇ ਜ਼ੋਰ
ਪਰਮੋਦ ਭਾਰਤੀ
ਨਵਾਂਸ਼ਹਿਰ, 6 ਨਵੰਬਰ,2026
ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ, ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨ ਅਤੇ ਉੱਦਮਤਾ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.), ਸ਼ਹੀਦ ਭਗਤ ਸਿੰਘ ਨਗਰ ਵੱਲੋਂ 2 ਤੋਂ 6 ਨਵੰਬਰ ਤੱਕ ‘ਬੇਕਰੀ ਅਤੇ ਕਨਫੈਕਸ਼ਨਰੀ ਉਤਪਾਦਾਂ ਦੀ ਤਿਆਰੀ’ ਵਿਸ਼ੇ ’ਤੇ ਪੰਜ ਰੋਜ਼ਾ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ 24 ਸਿਖਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ।
ਇਹ ਸਿਖਲਾਈ ਪ੍ਰੋਗਰਾਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਡਾਇਰੈਕਟੋਰੇਟ ਆਫ਼ ਐਕਸਟੈਂਸ਼ਨ ਐਜੂਕੇਸ਼ਨ ਅਤੇ ਆਈ.ਸੀ.ਏ.ਆਰ.-ਅਟਾਰੀ, ਜ਼ੋਨ-1, ਲੁਧਿਆਣਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।
ਸਿਖਿਆਰਥੀਆਂ ਨਾਲ ਗੱਲਬਾਤ ਕਰਦਿਆਂ ਡਾ. ਪ੍ਰਦੀਪ ਕੁਮਾਰ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਨੇ ਕਿਹਾ ਕਿ ਸਿਖਲਾਈ ਦੌਰਾਨ ਹਾਸਲ ਕੀਤੇ ਗਿਆਨ ਅਤੇ ਵਿਹਾਰਕ ਹੁਨਰਾਂ ਨੂੰ ਆਪਣੇ ਕਿੱਤਿਆਂ ਵਿੱਚ ਲਾਗੂ ਕਰਕੇ ਆਮਦਨ ਦੇ ਨਵੇਂ ਸਰੋਤ ਵਿਕਸਿਤ ਕੀਤੇ ਜਾਣ। ਉਨ੍ਹਾਂ ਸਿਖਿਆਰਥੀਆਂ ਨੂੰ ਬੇਕਰੀ ਅਤੇ ਕਨਫੈਕਸ਼ਨਰੀ ਦੇ ਖੇਤਰ ਵਿੱਚ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਅਤੇ ਭਵਿੱਖ ਵਿੱਚ ਵੀ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਇਸ ਮੌਕੇ ਡਾ. ਰਾਜਿੰਦਰ ਕੌਰ, ਸਹਾਇਕ ਪ੍ਰੋਫੈਸਰ (ਹੋਮ ਸਾਇੰਸ) ਨੇ ਬੇਕਰੀ ਅਤੇ ਕਨਫੈਕਸ਼ਨਰੀ ਦੇ ਵੱਖ-ਵੱਖ ਉਤਪਾਦ ਤਿਆਰ ਕਰਨ ਦੀ ਵਿਧੀ ਦਾ ਪ੍ਰਦਰਸ਼ਨ ਕੀਤਾ ਅਤੇ ਸਿਖਿਆਰਥੀਆਂ ਨੂੰ ਪ੍ਰੈਕਟੀਕਲ ਸਿਖਲਾਈ ਦਿੱਤੀ। ਉਨ੍ਹਾਂ ਗੁੜ ਨਾਲ ਤਿਆਰ ਕੀਤੇ ਜਾਣ ਵਾਲੇ ਕੇਕ, ਬਿਨਾਂ ਅੰਡੇ ਤੋਂ ਬਾਜਰਾ, ਜਵਾਰ ਅਤੇ ਕਣਕ ਦੇ ਆਟੇ ਦੇ ਕੇਕ, ਕੱਪ ਕੇਕ, ਮਫ਼ਿਨ, ਡਾਰਕ ਤੇ ਬਟਰ ਚਾਕਲੇਟ ਅਤੇ ਕਣਕ, ਮੱਕੀ, ਬਾਜਰੇ, ਜਵਾਰ ਅਤੇ ਨਾਰੀਅਲ ਤੋਂ ਬਣਨ ਵਾਲੀਆਂ ਵੱਖ-ਵੱਖ ਕਿਸਮਾਂ ਦੀਆਂ ਕੁਕੀਜ਼ ਤਿਆਰ ਕਰਨ ਦੇ ਗੁਰ ਸਿਖਾਏ।
ਉਨ੍ਹਾਂ ਉਤਪਾਦਾਂ ਦੀ ਸੁੰਦਰ ਪੇਸ਼ਕਾਰੀ, ਸਜਾਵਟ (ਗਾਰਨਿਸ਼ਿੰਗ) ਅਤੇ ਰਵਾਇਤੀ ਵਿਧੀਆਂ ਵਿੱਚ ਸਿਹਤਮੰਦ ਸਮੱਗਰੀ ਦੀ ਵਰਤੋਂ ਕਰਕੇ ਉਨ੍ਹਾਂ ਦੇ ਪੌਸ਼ਟਿਕ ਗੁਣ ਵਧਾਉਣ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਡਾ. ਰਾਜਿੰਦਰ ਕੌਰ ਨੇ ਸਿਖਿਆਰਥੀਆਂ ਨੂੰ ਇਸ ਸਿਖਲਾਈ ਨੂੰ ਸਿਰਫ਼ ਗਿਆਨ ਪ੍ਰਾਪਤੀ ਤੱਕ ਸੀਮਤ ਨਾ ਰੱਖਣ ਦੀ ਅਪੀਲ ਕਰਦਿਆਂ ਇਸ ਨੂੰ ਪੇਸ਼ੇ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਘਰ ਤੋਂ ਹੀ ਬੇਕਰੀ ਉਤਪਾਦਾਂ ਦਾ ਕਾਰੋਬਾਰ ਸ਼ੁਰੂ ਕਰਕੇ ਸਵੈ-ਰੁਜ਼ਗਾਰ ਅਤੇ ਆਰਥਿਕ ਆਤਮ-ਨਿਰਭਰਤਾ ਵੱਲ ਕਦਮ ਵਧਾਇਆ ਜਾ ਸਕਦਾ ਹੈ।
ਇਹ ਸਿਖਲਾਈ ਪ੍ਰੋਗਰਾਮ ਭਾਗੀਦਾਰਾਂ ਲਈ ਨਵੇਂ ਹੁਨਰ ਸਿੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਅਤੇ ਹੁਨਰ ਨੂੰ ਸਫ਼ਲ ਕਾਰੋਬਾਰ ਵਿੱਚ ਬਦਲਣ ਲਈ ਇੱਕ ਸਾਰਥਕ ਉਪਰਾਲਾ ਸਾਬਤ ਹੋਇਆ।
- Download Babushahi App
-
-