ਆਵਾਰਾ ਪਸ਼ੂਆਂ ਦਾ ਕਹਿਰ, ਖਰੀਦਦਾਰੀ ਕਰਨ ਆਏ ਵਿਅਕਤੀ ਨੂੰ ਮਾਰੀ ਟੱਕਰ
ਮਲਕੀਤ ਸਿੰਘ ਮਲਕਪੁਰ
ਲਾਲੜੂ 4 ਨਵੰਬਰ 2026:,ਲਾਲੜੂ ਵਿੱਚ ਦਿਨੋ ਦਿਨ ਆਵਾਰਾ ਪਸ਼ੂਆਂ ਦੀ ਵਧ ਰਹੀ ਸਮੱਸਿਆ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦੀ ਜਾ ਰਹੀ ਹੈ। ਲਾਲੜੂ ਬਜ਼ਾਰ ਵਿੱਚ ਖਰੀਦਦਾਰੀ ਕਰਨ ਆਏ ਰਾਮਗੜ੍ਹ ਰੁੜਕੀ ਦੇ ਵਸਨੀਕ ਪਰਵਿੰਦਰ ਸਿੰਘ ਨੂੰ ਇੱਕ ਆਵਾਰਾ ਪਸ਼ੂ ਨੇ ਪਿੱਛੋਂ ਅਚਾਨਕ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਕਰੀਬ 4 ਤੋਂ 5 ਫੁੱਟ ਹਵਾ ਵਿੱਚ ਉਛਲ ਕੇ ਥੱਲੇ ਡਿੱਗਿਆ ਅਤੇ ਉਨ੍ਹਾਂ ਦੀ ਪਿੱਠ ਵਿੱਚ ਸੱਟ ਲੱਗੀ, ਹਾਲਾਂਕਿ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇਸ ਘਟਨਾ ਨੇ ਮੰਡੀ ਵਿੱਚ ਆਵਾਰਾ ਪਸ਼ੂਆਂ ਕਾਰਨ ਬਣੇ ਖ਼ਤਰੇ ਨੂੰ ਮੁੜ ਉਜਾਗਰ ਕਰ ਦਿੱਤਾ ਹੈ। ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਲਾਲੜੂ ਮੰਡੀ ਵਿੱਚ ਖਰੀਦਦਾਰੀ ਕਰਨ ਆਏ ਸਨ, ਜਦੋਂ ਅਚਾਨਕ ਪਿੱਛੋਂ ਆਏ ਆਵਾਰਾ ਪਸ਼ੂ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪਿੰਡ ਦਾ ਇੱਕ ਨੌਜਵਾਨ ਡਿਊਟੀ ਕਰਕੇ ਘਰ ਵਾਪਸ ਆ ਰਿਹਾ ਸੀ, ਜਿਸ ਨੂੰ ਮੰਡੀ ਕੰਪਲੈਕਸ ਦੇ ਮੁਹਰੇ ਆਵਾਰਾ ਪਸ਼ੂ ਨੇ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ ਅਤੇ ਉਸ ਦਾ ਕੁੱਲਾ ਟੁੱਟ ਗਿਆ ਸੀ। ਉਨ੍ਹਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਲਾਲੜੂ ਮੰਡੀ ਵਿੱਚ ਹਰ ਰੋਜ਼ ਹਜ਼ਾਰਾਂ ਲੋਕ ਖਰੀਦਦਾਰੀ ਕਰਨ ਲਈ ਆਉਂਦੇ ਹਨ, ਜਿਨ੍ਹਾਂ ਵਿੱਚ ਬੱਚੇ, ਬਜ਼ੁਰਗ ਅਤੇ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ। ਅਜਿਹੇ ਵਿੱਚ ਆਵਾਰਾ ਪਸ਼ੂਆਂ ਦੀ ਮੌਜੂਦਗੀ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਪਰਵਿੰਦਰ ਸਿੰਘ ਨੇ ਹਲਕਾ ਵਿਧਾਇਕ ਅਤੇ ਨਗਰ ਕੌਂਸਲ ਲਾਲੜੂ ਨੂੰ ਅਪੀਲ ਕੀਤੀ ਕਿ ਇਸ ਗੰਭੀਰ ਸਮੱਸਿਆ ਦਾ ਤੁਰੰਤ ਨੋਟਿਸ ਲੈਂਦਿਆਂ ਆਵਾਰਾ ਪਸ਼ੂਆਂ ਨੂੰ ਮੰਡੀ ਵਿੱਚੋਂ ਹਟਾਉਣ ਅਤੇ ਉਨ੍ਹਾਂ ਦੇ ਸਥਾਈ ਪ੍ਰਬੰਧ ਲਈ ਠੋਸ ਕਦਮ ਚੁੱਕੇ ਜਾਣ, ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
- Download Babushahi App
-
-