ਮਾਈ ਭਾਰਤ ਵੱਲੋਂ ਸੀ.ਜੀ.ਸੀ. ਲਾਂਡਰਾਂ ਵਿਖੇ ‘ਯੁਵਾ ਸੰਵਾਦ: ਆਪਣੇ ਵੋਟ ਦੇ ਅਧਿਕਾਰ ਨੂੰ ਜਾਣੋ’ ਪ੍ਰੋਗਰਾਮ ਕਰਵਾਇਆ ਗਿਆ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਨਵੰਬਰ: ਨੌਜਵਾਨਾਂ ਵਿੱਚ ਚੋਣਾਂ ਪ੍ਰਤੀ ਜਾਗਰੂਕਤਾ ਅਤੇ ਜ਼ਿੰਮੇਵਾਰ ਨਾਗਰਿਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਾਈ ਭਾਰਤ, ਐੱਸ.ਏ.ਐੱਸ. ਨਗਰ ਵੱਲੋਂ ਚੰਡੀਗੜ੍ਹ ਕਾਲਜ ਆਫ਼ ਟੈਕਨਾਲੋਜੀ (ਸੀ.ਸੀ.ਟੀ.), ਸੀ.ਜੀ.ਸੀ. ਲਾਂਡਰਾਂ ਦੇ ਐੱਨ.ਐੱਸ.ਐੱਸ. ਵਿੰਗ ਦੇ ਸਹਿਯੋਗ ਨਾਲ ‘ਯੁਵਾ ਸੰਵਾਦ: ਆਪਣੇ ਵੋਟ ਦੇ ਅਧਿਕਾਰ ਨੂੰ ਜਾਣੋ’ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਦੇਸ਼-ਵਿਆਪੀ ‘ਵਿਕਸਿਤ ਭਾਰਤ ਯੁਵਾ ਸੰਵਾਦ’ ਪਹਿਲਕਦਮੀ ਦਾ ਹਿੱਸਾ ਸੀ।
ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ। ਇਸ ਮੌਕੇ ਮਾਈ ਭਾਰਤ ਪੰਜਾਬ ਦੇ ਡਾਇਰੈਕਟਰ ਸ੍ਰੀਮਤੀ ਰਸ਼ਮੀਤ ਕੌਰ, ਮਾਈ ਭਾਰਤ ਦੇ ਸਹਾਇਕ ਡਾਇਰੈਕਟਰ ਸ੍ਰੀ ਵਿਕਰਮ, ਯੂਥ ਆਈਕਨ ਸ੍ਰੀਮਤੀ ਸਾਕਸ਼ੀ ਸ਼ਰਮਾ ਅਤੇ ਸੀ.ਸੀ.ਟੀ. ਦੇ ਬਾਇਓਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਗੁਰਪ੍ਰੀਤ ਮੌਜੂਦ ਸਨ।
ਪ੍ਰੋਗਰਾਮ ਦਾ ਮੁੱਖ ਆਕਰਸ਼ਣ ਯੂਥ ਆਈਕਨ ਸ੍ਰੀਮਤੀ ਸਾਕਸ਼ੀ ਸ਼ਰਮਾ ਵੱਲੋਂ ‘ਮੇਰਾ ਵੋਟ, ਮੇਰਾ ਅਧਿਕਾਰ’ ਵਿਸ਼ੇ ’ਤੇ ਦਿੱਤਾ ਗਿਆ ਜਾਣਕਾਰੀ ਭਰਪੂਰ ਸੰਬੋਧਨ ਰਿਹਾ। ਉਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਵੋਟ ਦੇ ਅਧਿਕਾਰ ਦੀ ਮਹੱਤਤਾ, ਸੋਚ-ਸਮਝ ਕੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੀ ਲੋੜ ਅਤੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਵੋਟ ਦੇ ਮੁੱਲ ਨੂੰ ਸਮਝਣ ਅਤੇ ਚੋਣ ਪ੍ਰਕਿਰਿਆ ਵਿੱਚ ਜਾਗਰੂਕ ਤੇ ਜ਼ਿੰਮੇਵਾਰ ਨਾਗਰਿਕ ਵਜੋਂ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਇਹ ਪਹਿਲਕਦਮੀ ਲੋਕਤੰਤਰੀ ਪ੍ਰਕਿਰਿਆ ਅਤੇ ਨਾਗਰਿਕ ਜ਼ਿੰਮੇਵਾਰੀਆਂ ਬਾਰੇ ਨੌਜਵਾਨਾਂ ਨੂੰ ਸਾਰਥਕ ਸੰਵਾਦ ਨਾਲ ਜੋੜਨ ਲਈ ਮਾਈ ਭਾਰਤ ਵੱਲੋਂ ਦੇਸ਼ ਭਰ ਵਿੱਚ ਕੀਤੇ ਜਾ ਰਹੇ ਯਤਨਾਂ ਦਾ ਹਿੱਸਾ ਹੈ। ਦੇਸ਼ ਭਰ ਦੀਆਂ ਵਿੱਦਿਅਕ ਸੰਸਥਾਵਾਂ ਵਿੱਚ ਕਰਵਾਏ ਜਾ ਰਹੇ ‘ਵਿਕਸਿਤ ਭਾਰਤ ਯੁਵਾ ਸੰਵਾਦ’ ਦਾ ਉਦੇਸ਼ ਵਿਦਿਆਰਥੀਆਂ, ਖ਼ਾਸ ਕਰਕੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਬਾਰੇ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਲੋਕਤੰਤਰੀ ਪ੍ਰਣਾਲੀ ਵਿੱਚ ਜਾਗਰੂਕ ਤੇ ਸਰਗਰਮ ਭੂਮਿਕਾ ਨਿਭਾਉਣ ਲਈ ਉਤਸ਼ਾਹਿਤ ਕਰਨਾ ਹੈ। ਇਹ ਪਹਿਲਕਦਮੀ ਸਾਲ 2047 ਤੱਕ ਵਿਕਸਿਤ ਭਾਰਤ ਦੇ ਵਿਸ਼ਾਲ ਟੀਚੇ ਨਾਲ ਵੀ ਜੁੜੀ ਹੋਈ ਹੈ, ਜਿਸ ਵਿੱਚ ਦੇਸ਼ ਦੇ ਭਵਿੱਖ ਦੇ ਨਿਰਮਾਣ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਗਈ ਹੈ।
- Download Babushahi App
-
-