150 ਵਿਦਿਆਰਥੀਆਂ ਦਾ ਗਰੁੱਪ ਪਹੁੰਚਿਆ ਖੇਤਰੀ ਖੋਜ ਕੇਂਦਰ ਗੁਰਦਾਸਪੁਰ, ਖੇਤੀ ਵਿਗਿਆਨ ਵੱਲ ਵਧਿਆ ਰੁਝਾਨ
ਰੋਹਿਤ ਗੁਪਤਾ
ਗੁਰਦਾਸਪੁਰ, 4 ਨਵੰਬਰ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲ ਆਫ਼ ਐਮੀਨੈਂਸ ਅਤੇ ਮੈਰੀਟੋਰੀਅਸ ਸਕੂਲ ਬਟਾਲਾ ਦੇ 11ਵੀਂ ਅਤੇ 12ਵੀਂ ਸ਼੍ਰੇਣੀ ਦੇ 150 ਵਿਦਿਆਰਥੀਆਂ ਦੇ ਇੱਕ ਵੱਡੇ ਜਥੇ ਨੇ ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰ (ਰਿਜ਼ਨਲ ਰਿਸਰਚ ਸਟੇਸ਼ਨ), ਗੁਰਦਾਸਪੁਰ ਦਾ ਵਿਦਿਅਕ ਦੌਰਾ ਕੀਤਾ। ਖੋਜ ਕੇਂਦਰ ਦੇ ਵਿਗਿਆਨੀਆਂ ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ, ਜਿਸ ਦੌਰਾਨ ਕੀਟ ਵਿਗਿਆਨੀ ਨੇ 'ਖੁਰਾਕ ਸੁਰੱਖਿਆ ਵਿੱਚ ਪੀ.ਏ.ਯੂ. ਦਾ ਯੋਗਦਾਨ ਅਤੇ ਖੇਤੀ ਵਿੱਚ ਰੁਜ਼ਗਾਰ ਦੇ ਮੌਕੇ' ਵਿਸ਼ੇ ’ਤੇ ਲੈਕਚਰ ਦਿੰਦਿਆਂ ਕਿਹਾ ਕਿ 150 ਵਿਦਿਆਰਥੀਆਂ ਦੇ ਚਿਹਰਿਆਂ ’ਤੇ ਖੇਤੀ ਨੂੰ ਜਾਣਨ ਦੀ ਜਗਿਆਸਾ ਦੇਖ ਕੇ ਪੰਜਾਬ ਦੇ ਭਵਿੱਖ ਲਈ ਉਮੀਦ ਜਾਗਦੀ ਹੈ ਅਤੇ ਇਹ ਵਿਦਿਆਰਥੀ ਹੀ ਕੱਲ੍ਹ ਦੇ ਖੇਤੀ ਵਿਗਿਆਨੀ ਅਤੇ ਪ੍ਰਗਤੀਸ਼ੀਲ ਕਿਸਾਨ ਹਨ।
ਇਸ ਮੌਕੇ ਵਿਦਿਆਰਥੀਆਂ ਨੂੰ ਵੱਖ-ਵੱਖ ਬੈਚਾਂ ਵਿੱਚ ਖੋਜ ਫਾਰਮ, ਕੀਟ ਲੈਬ ਅਤੇ ਫਸਲੀ ਪ੍ਰਦਰਸ਼ਨੀਆਂ ਦਿਖਾਈਆਂ ਗਈਆਂ।
ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਡਾ. ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਕੇਂਦਰ ਵਿਖੇ ਫਸਲਾਂ ਅਤੇ ਫਲਦਾਰ ਬੂਟਿਆਂ ਦੀਆਂ ਨਵੀਆਂ ਕਿਸਮਾਂ ਅਤੇ ਖੇਤੀ ਤਕਨੀਕਾਂ 'ਤੇ ਖੋਜਾਂ ਕੀਤੀਆਂ ਜਾਂਦੀਆਂ ਹਨ।
ਉਨ੍ਹਾਂ ਖੇਤੀ ਨਾਲ ਸਬੰਧਿਤ ਸਹਾਇਕ ਧੰਦਿਆਂ ਜਿਵੇਂ ਡੇਅਰੀ, ਪੋਲਟਰੀ, ਸੂਰ/ਬਕਰੀ ਪਾਲਣ, ਸ਼ਹਿਦ ਦੀਆਂ ਮੱਖੀਆਂ, ਖੂੰਬਾਂ ਦੀ ਕਾਸ਼ਤ, ਘਰੇਲੂ ਬੀਬੀਆਂ ਲਈ ਅਚਾਰ, ਚਟਨੀਆਂ ਅਤੇ ਸਿਲਾਈ-ਕਢਾਈ ਦੀ ਟ੍ਰੇਨਿੰਗ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਡਾ. ਰੰਧਾਵਾ ਨੇ ਬਾਇਓਕੰਟ੍ਰੋਲ ਪ੍ਰਯੋਗਸ਼ਾਲਾ ਵਿੱਚ ਮਿੱਤਰ ਕੀੜੇ ਤਿਆਰ ਕਰਕੇ ਫਸਲਾਂ ਦੇ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਕਰਨ, ਵਾਤਾਵਰਣ ਦੀ ਸਾਂਭ-ਸੰਭਾਲ, ਘਰੇਲੂ ਬਗੀਚੀ ਲਗਾਉਣ ਅਤੇ ਨੈਤਿਕ ਵਿਦਿਆ ਬਾਰੇ ਵੀ ਪ੍ਰੇਰਿਤ ਕੀਤਾ।
ਦੌਰੇ ਦੌਰਾਨ ਵਿਗਿਆਨੀਆਂ ਵਿੱਚੋਂ ਡਾ. ਜਗਦੀਸ਼ ਸਿੰਘ ਨੇ ਫਸਲਾਂ ਲਈ ਮਿੱਟੀ ਅਤੇ ਪਾਣੀ ਦੀ ਪਰਖ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ, ਡਾ. ਨਵਨੀਤ ਕੌਰ ਨੇ ਮੌਸਮੀ ਪ੍ਰਯੋਗਸ਼ਾਲਾ ਬਾਰੇ ਦੱਸਦਿਆਂ ਖੇਤੀ ਫਸਲਾਂ ਉਪਰ ਮੌਸਮ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ, ਅਤੇ ਡਾ. ਜੌਹਰ ਸਿੰਘ ਨੇ ਫ਼ਸਲਾਂ ਦੀ ਕਾਸ਼ਤ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਇਸ ਦੇ ਨਾਲ ਹੀ ਪੀ.ਏ.ਯੂ. ਖੇਤੀਬਾੜੀ ਇੰਸਟੀਚਿਊਟ ਗੁਰਦਾਸਪੁਰ ਵਿੱਚ ਬੀ ਐਸ ਸੀ ਖੇਤੀਬਾੜੀ ਅਤੇ ਡਿਪਲੋਮਾ ਇਨ ਐਗਰੀਕਲਚਰ ਦੇ ਦਾਖਲੇ ਅਤੇ ਹੋਣਹਾਰ ਵਿਦਿਆਰਥੀਆਂ ਦੇ ਨੰਬਰਾਂ ਦੇ ਆਧਾਰ 'ਤੇ ਲਾਗੂ ਸਕੀਮਾਂ ਤਹਿਤ ਫੀਸਾਂ ਵਿੱਚ ਭਾਰੀ ਕਟੌਤੀ ਬਾਰੇ ਵਿਸਥਾਰ ਵਿੱਚ ਦੱਸਿਆ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਵਿਦਿਆਰਥੀਆਂ ਅਤੇ ਸਕੂਲ ਦੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।
- Download Babushahi App
-
-