84 ਕਤਲੇਆਮ ਦੀ ਸਾਜ਼ਿਸ਼ ਦਿੱਲੀ ਵਿੱਚ ਕਾਂਗਰਸ ਦੀ ਬੈਠਕ ਦੌਰਾਨ ਘੜੀ ਗਈ: ਤਰਲੋਚਨ ਸਿੰਘ
ਜੀਬੀਐੱਸ ਸਿੱਧੂ ਦਾ ਦਾਅਵਾ: ਗ੍ਰਹਿ ਮੰਤਰੀ ਤੋਂ ਪੁਲਿਸ ਦਾ ਕੰਟਰੋਲ ਖੋਹ ਲਿਆ ਗਿਆ ਸੀ
ਵਾਜਪਈ ਅਤੇ ਮੋਦੀ ਸਰਕਾਰਾਂ ਨੇ ਕੀਤਾ ਨਿਆਂ – ਆਤਮਾ ਸਿੰਘ ਲੁਬਾਣਾ
ਚੰਡੀਗੜ੍ਹ, 4 ਅਕਤੂਬਰ 2026- ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਚੰਡੀਗੜ੍ਹ ਵਿੱਚ ਕਰਵਾਏ ਜਾ ਰਹੇ 1984 ਸਿੱਖ ਕਤਲੇਆਮ ਨਾਲ ਸਬੰਧਤ ‘ਜਖਮ 84 ਦੇ’ ਸੰਮੇਲਨ ਦੇ ਤੀਜੇ ਸੈਸ਼ਨ ‘ਕੀ 1984 ਦੀ ਸਿੱਖ ਕਤਲੇਆਮ ਇੱਕ ਸਾਜਿਸ਼ ਸੀ ?’ ਦੌਰਾਨ ਬੋਲਦਿਆ ਬੁਲਾਰਿਆ ਨੇ ਕਿਹਾ ਨਵੰਬਰ 1984 ਦਾ ਸਿੱਖ ਕਤਲੇਆਮ ਇਕ ਸੋਚੀ ਸਮਝੀ ਸਾਜਿਸ਼ ਸੀ ।ਉਨ੍ਹਾਂ 1984 ਦੇ ਸਿੱਖ ਕਤਲੇਆਮ ਬਾਰੇ ਕਈ ਅਹਿਮ ਅਤੇ ਅਣਸੁਣੇ ਪਹਿਲੂ ਸਾਂਝੇ ਕਰਦਿਆਂ ਕਿਹਾ ਕਿ ਇਹ ਭਾਰਤ ਦੇ ਇਤਿਹਾਸ ਦੀ ਅਜਿਹੀ ਦੁਖਦਾਈ ਤਰਾਸਦੀ ਹੈ, ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
1984 ਕਤਲੇਆਮ ਨੂੰ ਰੋਕਣ ਲਈ ਸਮੇਂ ਸਿਰ ਕਦਮ ਨਹੀਂ ਚੁੱਕੇ ਗਏ : ਤਰਲੋਚਨ ਸਿੰਘ
ਇਸ ਸੈਸ਼ਨ ਨੂੰ ਵਰਚੁਅਲੀ ਸੰਬੋਧਨ ਕਰਦਿਆ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਕਿਹਾ ਕਿ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਨੂੰ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਸਨ। ਇੰਦਰਾ ਗਾਂਧੀ ਦੀ ਮੌਤ ਲਗਭਗ ਉਸੇ ਸਮੇਂ ਹੋ ਗਈ ਸੀ, ਪਰ ਨਵੇਂ ਪ੍ਰਧਾਨ ਮੰਤਰੀ ਦੇ ਸਹੁੰ ਚੁੱਕਣ ਤੱਕ ਇਸ ਦਾ ਅਧਿਕਾਰਤ ਐਲਾਨ ਦੇਰੀ ਨਾਲ ਕੀਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਦੌਰਾਨ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ ਅਤੇ 'ਖੂਨ ਦਾ ਬਦਲਾ ਖੂਨ' ਵਰਗੇ ਨਾਅਰੇ ਲਗਾਉਣ ਦੀ ਗੱਲ ਸਾਹਮਣੇ ਆਈ, ਜਿਸ ਤੋਂ ਬਾਅਦ ਦਿੱਲੀ ਵਿੱਚ ਸਿੱਖਾਂ ਵਿਰੁੱਧ ਹਿੰਸਾ ਫੈਲ ਗਈ।
ਗ੍ਰਹਿ ਮੰਤਰੀ ਪੀ. ਵੀ. ਨਰਸਿਮਹਾ ਰਾਓ ਤੋਂ ਪੁਲਿਸ ਦਾ ਕੰਟਰੋਲ ਖੋਹ ਲਿਆ ਸੀ: ਜੀਬੀਐਸ ਸਿੱਧੂ
ਇਸ ਮੌਕੇ ‘ਤੇ ਇਕ ਵੀਡੀਓ ਪੇਸ਼ਕਾਰੀ ਰਾਹੀਂ ਰਾਅ ਦੇ ਸਾਬਕਾ ਸਪੈਸ਼ਲ ਡਾਇਰੈਕਟਰ ਜੀਬੀਐਸ ਸਿੱਧੂ ਨੇ ਕਿਹਾ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ 31 ਅਕਤੂਬਰ 1984 ਨੂੰ ਗ੍ਰਹਿ ਮੰਤਰੀ ਪੀ. ਵੀ. ਨਰਸਿਮਹਾ ਰਾਓ ਤੋਂ ਪੁਲਿਸ ਦਾ ਕੰਟਰੋਲ ਵਾਪਸ ਲੈ ਲਿਆ ਗਿਆ । ਉਨ੍ਹਾਂ ਕਿਹਾ ਕਿ ਪੀ. ਵੀ. ਨਰਸਿਮਹਾ ਰਾਓ ਦੀ ਬਾਇਓਗ੍ਰਾਫੀ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਦੋਂ ਦੇਸ਼ ਦੇ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਦੰਗਿਆਂ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਗ੍ਰਹਿ ਮੰਤਰੀ ਨੂੰ ਫੋਨ ਕੀਤਾ ਪਰ ਗ੍ਰਹਿ ਮੰਤਰੀ ਨੇ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ । ਸਿੱਧੂ ਨੇ ਦੱਸਿਆ ਕਿ ਗ੍ਰਹਿ ਮੰਤਰੀ ਇੰਨਾ ਲਾਚਾਰ ਹੋ ਗਿਆ ਕਿ ਹੈਦਰਾਬਾਦ ਤੋਂ ਆਏ ਆਪਣੇ ਇਕ ਦੋਸਤ ਨੂੰ ਦੰਗਾਕਾਰੀਆਂ ਤੋਂ ਬਚਾ ਨਹੀਂ ਸਕਿਆ । ਉਨ੍ਹਾਂ ਕਿਹਾ ਰਾਜੀਵ ਗਾਂਧੀ ਨੇ ਚੋਣਾਂ ਜਿੱਤਣ ਅਤੇ ਆਪਣੀ ਮਾਂ ਇੰਦਰਾ ਗਾਂਧੀ ਦੇ ਕਤਲ ਦਾ ਬਦਲਾ ਲੈਣ ਲਈ ਹਜ਼ਾਰਾਂ ਸਿੱਖਾਂ ਦਾ ਕਤਲ ਕਰਵਾ ਦਿੱਤਾ।
ਪੰਜਾਬ ਵਿੱਚ ਹਿੰਦੂ-ਸਿੱਖ ਭਾਈਚਾਰਕ ਸਾਂਝ ਬਰਕਰਾਰ ਰਹੀ: ਸਾਹਨੀ
ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕਿਹਾ ਕਿ ਉਸ ਦੌਰਾਨ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ, ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਹਿੰਦੂ-ਸਿੱਖ ਭਾਈਚਾਰੇ ਨੇ ਆਪਸੀ ਸਾਂਝ ਅਤੇ ਸ਼ਾਂਤੀ ਨੂੰ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਸਾਂਝੀਵਾਲਤਾ ਅਤੇ ਭਾਈਚਾਰਕ ਏਕਤਾ ਦੀ ਵੱਡੀ ਮਿਸਾਲ ਹੈ।
ਸਾਹਨੀ ਨੇ ਕਿਹਾ ਕਿ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਜੋ ਘਟਨਾਵਾਂ ਵਾਪਰੀਆਂ, ਉਹ ਦੇਸ਼ ਦੇ ਇਤਿਹਾਸ ਦਾ ਬੇਹੱਦ ਦਰਦਨਾਕ ਅਧਿਆਇ ਹਨ। ਅਗਲੇ ਤਿੰਨ-ਚਾਰ ਦਿਨਾਂ ਦੌਰਾਨ ਸਿੱਖਾਂ ਦੇ ਘਰਾਂ, ਦੁਕਾਨਾਂ ਅਤੇ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਕਈ ਥਾਵਾਂ ’ਤੇ ਸਿੱਖਾਂ ਨੂੰ ਰੇਲਗੱਡੀਆਂ ਵਿੱਚੋਂ ਉਤਾਰ ਕੇ ਕਤਲ ਕੀਤਾ ਗਿਆ।
ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਫੌਜੀ ਛਾਉਣੀਆਂ ਮੌਜੂਦ ਸਨ ਤਾਂ ਸਮੇਂ ਸਿਰ ਫੌਜ ਦੀ ਤਾਇਨਾਤੀ ਕਿਉਂ ਨਹੀਂ ਕੀਤੀ।
ਆਤਮਾ ਸਿੰਘ ਲੁਬਾਣਾ ਨੇ ਸੁਣਾਈ ਆਪਣੀ ਹੱਡਬੀਤੀ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਆਤਮਾ ਸਿੰਘ ਲੁਬਾਣਾ ਨੇ 1984 ਦੇ ਸਿੱਖ ਕਤਲੇਆਮ ਦੌਰਾਨ ਆਪਣੇ ਪਰਿਵਾਰ ਨਾਲ ਵਾਪਰੀ ਦਰਦਨਾਕ ਘਟਨਾ ਬਿਆਨ ਕਰਦਿਆਂ ਕਿਹਾ ਕਿ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਨਾਨਾਵਤੀ ਕਮਿਸ਼ਨ ਦਾ ਗਠਨ ਕੀਤਾ ਸੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਐੱਚ.ਐੱਸ. ਫੂਲਕਾ ਦੀ ਅਗਵਾਈ ਹੇਠ ਵਕੀਲਾਂ ਦਾ ਪੈਨਲ ਬਣਾਇਆ ਗਿਆ ਸੀ। ਉਨ੍ਹਾਂ ਇੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇਨਸਾਫ਼ ਦਾ ਭਰੋਸਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ 10 ਅਗਸਤ 2005 ਨੂੰ ਤਿਲਕ ਵਿਹਾਰ ਦੇ ਪੀੜਤ ਪਰਿਵਾਰਾਂ ਨੇ ਸੰਸਦ ਦੇ ਬਾਹਰ ਧਰਨਾ ਦਿੱਤਾ। ਇਸ ਸੰਘਰਸ਼ ਤੋਂ ਬਾਅਦ ਪੰਜ ਨਵੇਂ ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਿਰੁੱਧ ਵੀ ਕੇਸ ਸ਼ਾਮਲ ਸਨ।
ਉਨ੍ਹਾਂ ਕਿਹਾ ਕਿ ਅੱਜ ਵੀ ਪੀੜਤ ਪਰਿਵਾਰ ਅਦਾਲਤਾਂ ਵਿੱਚ ਗਵਾਹਾਂ ਦੇ ਨਾਲ ਡਟ ਕੇ ਖੜ੍ਹੇ ਹਨ ਅਤੇ ਪੀੜਤਾਂ ਦਾ ਇਨਸਾਫ਼ ਲਈ ਸੰਘਰਸ਼ ਅੱਜ ਵੀ ਜਾਰੀ ਹੈ।
- Download Babushahi App
-
-