ਜਥੇਦਾਰ ਗੜਗੱਜ ਦੇ ਐਲਾਨ ਤਹਿਤ ਹਮੀਦੀ ਦੇ ਸਰਪੰਚ ਨੇ ਗੁਰਦੁਆਰੇ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਤੋਂ ਮੰਗੇ ਦੋ ਲੱਖ ਰੁਪਏ
ਅਸ਼ੋਕ ਵਰਮਾ
ਬਰਨਾਲਾ, 29 ਅਗਸਤ 2026: ਲੰਘੇ ਦਿਨੀਂ ਜਥੇਦਾਰ ਅਕਾਲ ਤਖ਼ਤ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਮੀਰੀ ਪੀਰੀ ਖਾਲਸਾ ਮਾਰਚ ਦੇ ਜ਼ਿਲ੍ਹੇ 'ਚੋਂ ਲੰਘਦੇ ਸਮੇਂ ਇੱਕ ਸੰਗਤੀ ਸੰਵਾਦ ਦੌਰਾਨ ਗਿਆਨੀ ਗੜਗੱਜ ਨੇ ਜਿਸ ਪਿੰਡ ਵਿੱਚ 'ਇੱਕ ਗੁਰਦੁਆਰਾ ਸਾਹਿਬ ਦੇ ਇੱਕ ਸ਼ਮਸ਼ਾਨ ਘਾਟ' ਹੋਵੇਗਾ, ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਗੁਰਦੁਆਰੇ ਲਈ 2 ਲੱਖ ਦੇਣ ਦਾ ਐਲਾਨ ਕੀਤਾ ਸੀ
ਜਿਸਦਾ ਸਵਾਗਤ ਕਰਦਿਆਂ ਮਹਿਲ ਕਲਾਂ ਦੇ ਵੱਡੇ ਪਿੰਡ ਹਮੀਦੀ ਦੇ ਸਰਪੰਚ ਉਮਨਦੀਪ ਸਿੰਘ ਸੋਹੀ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਧਾਰਮਿਕ ਸਾਂਝ, ਆਪਸੀ ਭਾਈਚਾਰੇ ਅਤੇ ਏਕਤਾ ਦੀ ਇੱਕ ਵਿਲੱਖਣ ਮਿਸਾਲ ਪੇਸ਼ ਕਰਦਾ ਹੈ। ਕਿਉਂਕਿ ਪਿੰਡ ਦੀ ਵੱਡੀ ਆਬਾਦੀ ਦੇ ਬਾਵਜੂਦ ਸਿਰਫ਼ ਇੱਕ ਗੁਰਦੁਆਰਾ ਸਾਹਿਬ ਅਤੇ ਇੱਕ ਹੀ ਸ਼ਮਸ਼ਾਨ ਘਾਟ ਹੈ।
ਸਰਪੰਚ ਸੋਹੀ ਨੇ ਕਿਹਾ ਕਿ
ਸਿੰਘ ਸਾਹਿਬ ਵੱਲੋਂ ਫ਼ਰਮਾਇਆ ਗਿਆ ਸੀ ਕਿ "ਜਿਹੜੇ ਪਿੰਡਾਂ ਵਿੱਚ ਇੱਕ ਗੁਰੂ ਘਰ ਅਤੇ ਇੱਕ ਸ਼ਮਸ਼ਾਨ ਘਾਟ ਹੈ, ਉਹ ਪਿੰਡ ਭਾਈਚਾਰਕ ਏਕਤਾ ਅਤੇ ਸਾਂਝ ਦੀ ਚੰਗੀ ਮਿਸਾਲ ਹਨ।" ਇਹ ਵੀ ਕਿਹਾ ਕਿ "ਅਜਿਹੇ ਪਿੰਡਾਂ ਦੇ ਗੁਰੂ ਘਰਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ 2 ਲੱਖ ਦੀ ਵਿਸ਼ੇਸ਼ ਸਹਾਇਤਾ ਲਈ ਮੰਗ ਵੀ ਰੱਖੀ ਜਾ ਸਕਦੀ ਹੈ।"
ਸਰਪੰਚ ਸੋਹੀ ਨੇ ਕਿਹਾ ਕਿ ਪਿੰਡ ਹਮੀਦੀ ਵਿਖੇ ਸਿਰਫ਼ ਇੱਕ ਗੁਰਦੁਆਰਾ ਸਾਹਿਬ ਅਤੇ ਇੱਕ ਸ਼ਮਸ਼ਾਨ ਘਾਟ ਹੈ। ਪਿੰਡ ਵਾਸੀਆਂ ਨੇ ਹਮੇਸ਼ਾ ਸਾਂਝੀਵਾਲਤਾ ਤੇ ਭਾਈਚਾਰਕ ਸਾਂਝ ਨੂੰ ਪਹਿਲ ਦਿੱਤੀ ਹੈ। ਜਾਤੀ ਜਾਂ ਵਰਗ ਦੇ ਆਧਾਰ ’ਤੇ ਕੋਈ ਵੱਖਰਾ ਗੁਰੂ ਘਰ ਨਹੀਂ ਬਣਾਇਆ।
ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੋਂ ਮੰਗ ਕੀਤੀ ਕਿ ਜਥੇਦਾਰ ਅਕਾਲ ਤਖ਼ਤ ਕੁਲਦੀਪ ਸਿੰਘ ਗੜਗੱਜ ਦੇ ਹੁਕਮਾਂ ਦੇ ਮੱਦੇਨਜ਼ਰ ਕਮੇਟੀ ਵੱਲੋਂ 2 ਲੱਖ ਦੀ ਵਿਸ਼ੇਸ਼ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਇਸ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿਕਾਸ ਕਾਰਜਾਂ ਨੂੰ ਹੋਰ ਹੁਲਾਰਾ ਅਤੇ ਸੰਗਤ ਨੂੰ ਪੁਖ਼ਤਾ ਸਹੂਲਤਾਂ 'ਚ ਚੋਖਾ ਵਾਧਾ ਹੋਵੇਗਾ ਇਸ ਲਈ ਸਹਾਇਤਾ ਪਹਿਲ ਦੇ ਆਧਾਰ ’ਤੇ ਮੁਹੱਈਆ ਕਰਵਾਈ ਜਾਵੇ।
- Download Babushahi App
-
-