ਜਲੰਧਰ ਪੁਲਿਸ ਨੇ 30 ਗੁੰਮ ਤੇ ਖੋਏ ਹੋਏ ਮੋਬਾਇਲ ਫੋਨ ਟ੍ਰੇਸ ਕਰਕੇ ਅਸਲ ਮਾਲਕਾਂ ਵਾਪਸ ਸੌਂਪੇ
ਜਲੰਧਰ, 12 ਅਕਤੂਬਰ: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸੀ.ਈ.ਆਈ.ਆਰ. (CEIR) ਪੋਰਟਲ ਦੀ ਸਹਾਇਤਾ ਨਾਲ 30 ਗੁੰਮ ਅਤੇ ਖੋਏ ਹੋਏ ਮੋਬਾਇਲ ਫੋਨ ਸਫ਼ਲਤਾਪੂਰਵਕ ਬਰਾਮਦ ਕੀਤੇ ਹਨ। ਇਹ ਕਾਰਵਾਈ ਪੁਲਿਸ ਕਮਿਸ਼ਨਰ, ਜਲੰਧਰ ਧਨਪ੍ਰੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਏ.ਡੀ.ਸੀ.ਪੀ. (ਓਪਰੇਸ਼ਨਸ) ਵਿਨੀਤ ਅਹਲਾਵਤ ਅਤੇ ਏ.ਸੀ.ਪੀ. (ਸਾਈਬਰ ਕ੍ਰਾਈਮ) ਰੂਪਦੀਪ ਕੌਰ ਦੇ ਸਹਿਯੋਗ ਨਾਲ ਕੀਤੀ ਗਈ। ਕਮਿਸ਼ਨਰੇਟ ਪੁਲਿਸ ਜਲੰਧਰ ਦੇ ਆਈ.ਟੀ.ਸਟਾਫ ਦੇ ਯਤਨਾਂ ਰਾਹੀਂ ਗੁੰਮ ਹੋਏ ਮੋਬਾਇਲਾਂ ਦੇ ਆਈ.ਐਮ.ਈ.ਆਈ. ਨੰਬਰਾਂ ਦਾ ਪਤਾ ਲਗਾਉਣ ਲਈ ਉੱਚਤਮ ਡਿਜੀਟਲ ਟ੍ਰੈਕਿੰਗ ਤਕਨੀਕਾਂ ਵਰਤੀਆਂ ਗਈਆਂ। ਪੂਰੀ ਜਾਂਚ ਤੋਂ ਬਾਅਦ ਵੱਖ-ਵੱਖ ਬ੍ਰਾਂਡਾਂ ਦੇ ਇਹ 30 ਮੋਬਾਈਲ ਫੋਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਵਾਪਸ ਦੇ ਦਿੱਤੇ ਗਏ।
ਸੀ.ਈ.ਆਈ.ਆਰ. ਪੋਰਟਲ, ਟੈਲੀਕਮਿਊਨੀਕੇਸ਼ਨ ਵਿਭਾਗ (DoT) ਦੀ ਇਕ ਪਹਿਲ ਹੈ, ਜੋ ਗੁੰਮ ਜਾਂ ਚੋਰੀ ਹੋਏ ਮੋਬਾਇਲ ਫੋਨਾਂ ਨੂੰ ਬਲਾਕ ਕਰਨ, ਉਨ੍ਹਾਂ ਦੀ ਦੁਰਵਰਤੋਂ ਨੂੰ ਰੋਕਣ ਅਤੇ ਆਈ.ਐਮ.ਈ.ਆਈ. ਆਧਾਰਿਤ ਟ੍ਰੈਕਿੰਗ ਰਾਹੀਂ ਸਾਰੇ ਟੈਲੀਕਾਮ ਨੈੱਟਵਰਕਾਂ ’ਤੇ ਬਰਾਮਦਗੀ ਸੌਖੀ ਬਣਾਉਂਦਾ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਗੁੰਮ ਜਾਂ ਚੋਰੀ ਹੋਏ ਮੋਬਾਇਲ ਫੋਨਾਂ ਦੀ ਤੁਰੰਤ ਸੀ.ਈ.ਆਈ.ਆਰ. ਪੋਰਟਲ (https://ceir.gov.in) ‘ਤੇ ਰਿਪੋਰਟ ਕਰਨ ਤਾਂ ਜੋ ਉਨ੍ਹਾਂ ਦੀ ਸਮੇਂ ਸਿਰ ਮਦਦ ਅਤੇ ਬਰਾਮਦਗੀ ਹੋ ਸਕੇ।