← ਪਿਛੇ ਪਰਤੋ
Babushahi Special ਸਿਹਤ ਵਿਭਾਗ ਦੇ ਅਵੇਸਲੇਪਣ ਕਾਰਨ ਬਠਿੰਡਾ ਨੂੰ ਅਗੇਤਿਆਂ ਹੀ ਡੰਗਣ ਲੱਗਾ ਡੇਂਗੂ ਦਾ ਡੰਗ ਅਸ਼ੋਕ ਵਰਮਾ ਬਠਿੰਡਾ,12 ਅਕਤੂਬਰ2025: ਬਠਿੰਡਾ ਵਿੱਚ ਸਿਹਤ ਵਿਭਾਗ ਦੇ ਅਵੇਸਲੇਪਣ ਕਾਰਨ ਸ਼ਹਿਰੀ ਜ਼ਿੰਦਗੀ ਨੂੰ ਡੇਂਗੂ ਨੇ ਅਗੇਤਿਆਂ ਹੀ ਡੰਗ ਮਾਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਪਿੰਡਾਂ ’ਚ ਇਸ ਮਰਜ਼ ਤੋਂ ਕਿਸੇ ਹੱਦ ਤੱਕ ਬਚਾਅ ਹੈ ਪਰ ਸ਼ਹਿਰ ’ਚ ਸਥਿਤੀ ਤਿਲਕਣ ਲੱਗੀ ਹੈ। ਜੇਕਰ ਇਸੇ ਰਫਤਾਰ ਨਾਲ ਡੇਂਗੂ ਵਧਦਾ ਗਿਆ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਾਲਾਤਾਂ ਤੇ ਕਾਬੂ ਪਾਉਣਾ ਕਠਿਨ ਹੋ ਜਾਏਗਾ। ਸਿਹਤ ਵਿਭਾਗ ਦੀਆਂ ਟੋਲੀਆਂ ਕਾਗਜਾਂ ਵਿੱਚ ਹੀ ਲਾਰਵਾ ਲਭਦੀਆਂ ਨਜ਼ਰ ਆ ਰਹੀਆਂ ਹਨ ਅਤੇ ਅਮਲੀ ਰੂਪ ’ਚ ਕੋਈ ਕਾਰਗੁਜ਼ਾਰੀ ਸਾਹਮਣੇ ਨਹੀਂ ਆ ਰਹੀ ਹੈ। ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਸਾਹਮਣੇ ਆਏ ਤੱਥਾਂ ਮੁਤਾਬਕ ਐਤਕੀਂ ਜੁਲਾਈ ਤੱਕ 237 ਥਾਵਾਂ ਤੇ ਡੇਂਗੂ ਦਾ ਲਾਰਵਾ ਮਿਲਿਆ ਹੈ ਜਦੋਂਕਿ ਲੰਘੇ ਸਾਲ 2024 ਦਾ ਇਹ ਅੰਕੜਾ 285 ਰਿਹਾ ਹੈ। ਖਪਤਕਾਰ ਹਿੱਤਾਂ ਲਈ ਸਰਗਰਮ ਸੰਸਥਾ ਗਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ ਨੇ ਇਹ ਤੱਥ ਮੀਡੀਆ ਨੂੰ ਜਾਰੀ ਕੀਤੇ ਹਨ। ਸਿਹਤ ਸਬੰਧੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਹਿਸਾਬ ਨਾਲ ਆਉਂਦੇ ਦਿਨੀਂ ਡੇਂਗੂ ਮਾਮਲਿਆਂ ’ਚ ਵਾਧਾ ਹੋਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਸਿਵਲ ਹਸਪਤਾਲ ਬਠਿੰਡਾ ’ਚ ਹੁਣ ਤੱਕ ਡੇਂਗੂ ਦੇ 87 ਮਰੀਜ ਪੁੱਜ ਚੁੱਕੇ ਹਨ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਕਰਵਾਉਣ ਵਾਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਮਾਮਲੇ ਦਾ ਗੰਭੀਰ ਪਹਿਲੂ ਹੈ ਕਿ ਇਹ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਪ੍ਰਾਈਵੇਟ ਹਸਪਤਾਲਾਂ ਦੇ ਖਰਚਿਆਂ ਨੇ ਲੋਕਾਂ ਨੂੰ ਸਰਕਾਰੀ ਹਸਪਤਾਲ ਦੇ ਲੜ ਲਾ ਦਿੱਤਾ ਹੈ ਜਿੱਥੇ ਲੋਕ ਡੇਂਗੂ ਦੇ ਇਲਾਜ ਲਈ ਭਟਕਦੇ ਫਿਰ ਰਹੇ ਹਨ। ਸੂਤਰ ਦੱਸਦੇ ਹਨਕਿ ਦੋ ਮਹੀਨੇ ਪਹਿਲਾਂ ਹੀ ਡੇਂਗੂ ਦੇ ਲੱਛਣ ਸਾਹਮਣੇ ਆਏ ਸਨ ਪਰ ਸਿਹਤ ਵਿਭਾਗ ਬਠਿੰਡਾ ਦੇ ਅਧਿਕਾਰੀ ਹੱਥ ਤੇ ਹੱਥ ਧਰ ਕੇ ਬੈਠੇ ਰਹੇ। ਹੁਣ ਵੀ ਇਹੋ ਹਾਲ ਹੈ ਕਿ ਦਫਤਰ ’ਚ ਬੈਠਿਆਂ ਪ੍ਰੈਸ ਨੋਟ ਜਾਰੀ ਕਰਕੇ ‘ਗੋਂਗਲੂਆਂ ਤੋਂ ਮਿੱਟੀ’ ਝਾੜੀ ਜਾ ਰਹੀ ਹੈ। ਸਿਹਤ ਵਿਭਾਗ ਵਿਚਲੇ ਸੂਤਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੌਰਾਨ ਡੇਂਗੂ ਦਾ ਪੱਧਰ ਖਤਰਨਾਕ ਹੱਦ ਤੱਕ ਜਾ ਸਕਦਾ ਹੈ। ਪਿਛਲੇ ਕੱੁਝ ਦਿਨਾਂ ਦੌਰਾਨ ਗਰਮ ਮੌਸਮ ‘ਚ ਪਰਤੀ ਠੰਢਕ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਪ੍ਰਦਾਨ ਕੀਤੀ ਹੈ ਪਰ ਡੇਂਗੂ ਡੰਗਣ ਲੱਗਿਆ ਹੈ। ਸਿਹਤ ਮਾਹਿਰ ਆਖਦੇ ਹਨ ਕਿ ਇਸ ਤੋਂ ਪਹਿਲਾਂ ਹੋਈ ਬਾਰਿਸ਼ ਨੇ ਸਥਿਤੀ ਗੰਭੀਰ ਕਰਨ ’ਚ ਯੋਗਦਾਨ ਪਾਇਆ ਹੈ ਅਤੇ ਜੇਕਰ ਫਿਰ ਤੋਂ ਮੀਂਹ ਪਿਆ ਤਾਂ ਪਾਣੀ ਕਾਰਨ ਮੁਸ਼ਕਲਾਂ ਵਧ ਸਕਦੀਆਂ ਹਨ। ਇੰਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਬਾਰਸ਼ ਡੇਂਗੂ ਦੇ ਮੱਛਰਾਂ ਦੀ ਪੈਦਾਇਸ਼ ਵਧਾ ਦਿੰਦੀ ਹੈ ਜਿਸ ਨਾਲ ਮਲੇਰੀਆ,ਡੇਂਗੂ ਤੇ ਚਿਕਨਗੁਨੀਆਂ ਫੈਲਣ ਦੇ ਮੌਕੇ ਵਧ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰੀਆਂ ਦੇ ਅਵੇਸਲਾਪਣ ਕਾਰਨ ਵੀ ਬੀਮਾਰੀ ਵਧ ਰਹੀ ਹੈ। ਹੁਣ ਤਾਂ ਮਰੀਜ ਵੀ ਆਖਣ ਲੱਗੇ ਹਨ ਕਿ ਡੇਂਗੂ ਦੇ ਮਰੀਜਾਂ ਨੂੰ ਅਣਗੌਲਿਆ ਕਰਕੇ ਸਿਹਤ ਵਿਭਾਗ ਲੰਮੀਆਂ ਤਾਣ ਕੇ ਸੁੱਤਾ ਪਿਆ ਹੈ। ਓਧਰ ਡੇਂਗੂ ਦੇ ਮਰੀਜਾਂ ਦੀ ਗਿਣਤੀ ਵਧਣ ਕਾਰਨ ਇੰਨ੍ਹਾਂ ਦਿਨਾਂ ਦੌਰਾਨ ਖੂਨਦਾਨੀਆਂ ਦੀ ਪੁੱਛ ਪ੍ਰਤੀਤ ਕਾਫੀ ਵਧ ਗਈ ਹੈ ਕਿਉਂਕਿ ਡੇਂਗੂ ਦੀ ਮਾਰ ਪੈਂਦਿਆਂ ਹੀ ਖੂਨ ਦੀ ਜਰੂਰਤ ਪੈਣ ਲੱਗਦੀ ਹੈ । ਸਮਾਜਸੇਵੀ ਸੰਸਥਾਵਾਂ ਦੀਆਂ ਫੌਗਿੰਗ ਮਸ਼ੀਨਾਂ ਦੀ ਘੂਕ ਸ਼ਹਿਰੀ ਖਿੱਤੇ ਵਿੱਚ ਪੈ ਰਹੀ ਹੈ ਪਰ ਸਰਕਾਰੀ ਓਨੀਆਂ ਨਹੀਂ ਗਰਜ ਰਹੀਆਂ ਜਿੰਨੀ ਇਸ ਵੇਲੇ ਜਰੂਰਤ ਮੰਨੀ ਜਾਂਦੀ ਹੈ। ਸਹਿਯੋਗ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਸਿਹਤ ਵਿਭਾਗ ਸਮੇਂ ਸਿਰ ਕਾਰਵਾਈ ਕਰਦਾ ਤਾਂ ਸਥਿਤੀ ਤਿਲਕਣਬਾਜੀ ਵਾਲੀ ਹੋਣੀ ਹੀ ਨਹੀਂ ਸੀ। ਉਹਨਾਂ ਕਿਹਾ ਕਿ ਅਧਿਕਾਰੀ ਬੰਦ ਕਮਰਿਆਂ ’ਚ ਬੈਠਣ ਦੀ ਬਜਾਏ ਬਾਹਰ ਆਕੇ ਹਕੀਕਤ ਪਛਾਨਣ ਅਤੇ ਡੇਂਗੂ ਤੇ ਕਾਬੂ ਪਾਉਣ ਲਈ ਯਤਨ ਹੋਰ ਵੀ ਤੇਜ ਕਰਨ। ਉਨ੍ਹਾਂ ਆਖਿਆ ਕਿ ਜੇਕਰ ਇਸ ਮਾਮਲੇ ਵਿੱਚ ਅਵੇਸਲਾਪਣ ਜਾਰੀ ਰਿਹਾ ਤਾਂ ਨਾ ਮੁਰਾਦ ਡੇਂਗੂ ਦਾ ਡੰਗ ਲਗਾਤਾਰ ਵਧਦਾ ਜਾਏਗਾ ਜਿਸ ਨੂੰ ਕਾਬੂ ਹੇਠ ਲਿਆਉਣਾ ਔਖਾ ਹੋ ਜਾਣਾ ਹੈ। ਮੈਕਲਾਂਜਾ ਟੈਸਟ ਨਾਲ ਪੁਸ਼ਟੀ ਸਿਹਤ ਵਿਭਾਗ ‘ਚ ਉਹਨਾਂ ਮਰੀਜਾਂ ਨੂੰ ਡੇਂਗੂ ਪਾਜ਼ਿਟਿਵ ਮੰਨਦਾ ਹੈ ਜਿਹਨਾਂ ਦਾ ਮੈਕਲਾਂਜ਼ਾ ਟੈਸਟ ਪਾਜ਼ਿਟਿਵ ਆਉਂਦਾ ਹੈ । ਇਹ ਟੈਸਟ ਹਸਪਤਾਲ ‘ਚ ਮੁਫਤ ਕੀਤੇ ਜਾਂਦੇ ਹਨ। ਜਾਣਕਾਰੀ ਅਨੁਸਾਰ ਡੇਂਗੂ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਡੰਗਦਾ ਹੈ ਅਤੇ ਸਾਫ਼ ਪਾਣੀ ਵਿੱਚ ਪਲਦਾ ਹੈ । ਇਸੇ ਕਰਕੇ ਸਿਹਤ ਵਿਭਾਗ ਆਮ ਲੋਕਾਂ ਨੂੰ ਆਪਣੇ ਘਰਾਂ, ਦਫ਼ਤਰਾਂ ਅਤੇ ਆਲੇ-ਦੁਆਲੇ ਦੀ ਸਫਾਈ ਰੱਖਣ ਲਈ ਜਾਗਰੂਕ ਕਰਦਾ ਹੈ। ਸਿਹਤ ਵਿਭਾਗ ਫੌਗਿੰਗ ਦੌਰਾਨ ਘਰਾਂ ਦੀਆਂ ਖਿੜਕੀਆਂ ਤੇ ਹੋਰ ਰਸਤੇ ਖੁੱਲ੍ਹੇ ਰੱਖਣ ਦੀ ਅਪੀਲ ਵੀ ਕਰਦਾ ਹੈ ਤਾਂਕਿ ਦਵਾਈ ਦਾ ਵਿਆਪਕ ਅਸਰ ਹੋ ਸਕੇ । ਬਾਰਸ਼ ਕਾਰਨ ਸੰਕਟ:ਸਿਵਲ ਸਰਜਨ ਸਿਵਲ ਸਰਜਨ ਡਾ. ਤਪਿੰਦਰਜੋਤ ਦਾ ਕਹਿਣਾ ਹੈ ਕਿ ਅਸਲ ਵਿੱਚ ਸਮੱਸਿਆ ਕੁੱਝ ਦਿਨ ਪਹਿਲਾਂ ਹੋਈ ਬਾਰਸ਼ ਕਰਕੇ ਵਧੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕ ਵੀ ਕਸੂਰਵਾਰ ਹਨ ਜੋ ਫਰਿੱਜ, ਕੂਲਰ ਅਤੇ ਗਮਲਿ੍ਹਆਂ ਆਦਿ ਦੇ ਪਾਣੀ ਨੂੰ ਪੂਰੀ ਤਰਾਂ ਸਾਫ ਨਹੀਂ ਕਰਦੇ ਹਨ । ਉਹਨਾਂ ਕਿਹਾ ਕਿ ਜੇਕਰ ਲੋਕਾਂ ਦਾ ਸਹਿਯੋਗ ਮਿਲੇ ਤਾਂ ਖਤਰਾ ਘਟਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਿਹਤ ਵਿਭਾਗ ਸਥਿਤੀ ਨਾਲ ਨਿਪਟਣ ਲਈ ਪੂਰੀ ਤਰਾਂ ਗੰਭੀਰ ਹੈ । ਉਹਨਾਂ ਕਿਹਾ ਕਿ ਡੇਂਗੂ ਦੇ ਟੈਸਟ ਤੇ ਇਲਾਜ ਦੀ ਸਹੂਲਤ ਮੁਫਤ ਹੈ ਅਤੇ ਹਸਪਤਾਲ ਵਿੱਚ ਵਿਸ਼ੇਸ਼ ਡੇਂਗੂ ਵਾਰਡ ਬਣਾ ਦਿੱਤਾ ਗਿਆ ਹੈ।
Total Responses : 1247