ਬੀਬੀ ਜਗੀਰ ਕੌਰ ਦਾ ਇਟਲੀ ਦੇ ਫਲੈਰੋ ਗੁਰਦੁਆਰਾ ਸਾਹਿਬ ਬਰੇਸ਼ੀਆ ਪੁੱਜਣ 'ਤੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵਲੋਂ ਨਿੱਘਾ ਸੁਆਗਤ
ਬਰੇਸ਼ੀਆ 11 ਅਕਤੂਬਰ 2025- ਸਿੱਖ ਧਰਮ ਦੀ ਸਿਰਮੌਰ ਹਸਤੀ ਬੀਬੀ ਜਾਗੀਰ ਕੌਰ ਸਾਬਕਾ ਪ੍ਰਧਾਨ ਐਸਜੀਪੀਸੀ ਅਤੇ ਮੁਖ ਪ੍ਰਬੰਧਕ ਯਾਦਗਾਰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦਾ ਇਟਲੀ ਦੇ ਫਲੈਰੋ ਗੁਰਦੁਆਰਾ ਸਾਹਿਬ ਬਰੇਸ਼ੀਆ ਪੁੱਜਣ ਤੇ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵਲੋਂ ਨਿੱਘਾ ਸੁਆਗਤ ਕੀਤਾ ਗਿਆ, ਬੀਬੀ ਯੂਰਪ ਦੀ ਨਿੱਜੀ ਫੇਰੀ ਤੇ ਆਏ ਹੋਏ ਹਨ ਅਤੇ ਯੂਰਪ ਦੇ ਵੱਖ ਵੱਖ ਦੇਸ਼ਾਂ ਦੇ ਵਿਚ ਵੱਸਦੀਆਂ ਸਿੱਖ ਸੰਗਤਾਂ ਨੂੰ ਵੱਖ ਵੱਖ ਗੁਰੂ ਘਰਾਂ ਵਿਚ ਵੀ ਮਿਲ ਰਹੇ ਹਨ।

ਜਰਮਨੀ ਤੋਂ ਬਾਅਦ ਇਟਲੀ ਦੇ ਫਲੈਰੋ ਗੁਰਦੁਆਰਾ ਸਾਹਿਬ ਵਿਖੇ ਐਤਵਾਰ ਨੂੰ ਪੁੱਜੇ, ਜਿਥੇ ਪ੍ਰਬੰਧਕ ਕਮੇਟੀ ਦੇ ਸੇਵਾਦਾਰਾਂ ਵਲੋਂ ਨਿੱਘਾ ਸੁਆਗਤ ਕੀਤਾ ਗਿਆ, ਜਿਨ੍ਹਾਂ ਵਿਚ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਪੰਡੌਰੀ, ਵਾਇਸ ਪ੍ਰਧਾਨ ਬਲਕਾਰ ਸਿੰਘ ਘੋੜੇਸ਼ਾਹਵਾਨ, ਸ਼ਰਨਜੀਤ ਸਿੰਘ ਠਾਕਰੀ ਸੈਕਟਰੀ, ਲੱਖਵਿੰਦਰ ਸਿੰਘ ਬੈਰਗਾਮੋ ਪ੍ਰਧਾਨ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਫਲੈਰੋ ਬਰੇਸ਼ੀਆ, ਕੁਲਵੰਤ ਸਿੰਘ ਬੱਸੀ, ਨਿਸ਼ਾਨ ਸਿੰਘ ਭਦਾਸ, ਸਵਰਨ ਸਿੰਘ ਲਾਲੋਵਾਲ, ਭੁਪਿੰਦਰ ਸਿੰਘ ਰਾਵਾਲੀ, ਮਹਿੰਦਰ ਸਿੰਘ ਮਾਜਰਾ, ਅਮਰੀਕ ਸਿੰਘ ਚੌਹਾਨਾਂ ਵਾਲੇ, ਸੁਖਵਿੰਦਰ ਸਿੰਘ, ਨੂਰਪੁਰੀ, ਲੰਗਰ ਦੇ ਸੇਵਾਦਾਰ , ਨੌਜਵਾਨ ਸਭਾ ਫਲੈਰੋ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਹਾਜਿਰ ਸਨ।

ਬੀਬੀ ਜਾਗੀਰ ਕੌਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਗੁਰੂ ਘਰ ਦੀ ਸਟੇਜ ਤੋਂ ਇਕੱਤਰ ਹੋਈ ਸੰਗਤ ਨੂੰ ਜਿਥੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪ੍ਰਕਾਸ ਦਿਵਸ ਦੀਆਂ ਮੁਬਾਰਕਾਂ ਦਿੱਤੀਆ ਉਸ ਦੇ ਨਾਲ ਨਾਲ ਉਨ੍ਹਾਂ ਨੇ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਸਾਂ ਗੁਰੂਆਂ ਦੀ ਜਾਗਦੀ ਜੋਤਿ ਦੇ ਲੜ੍ਹ ਲਗਣ ਲਈ ਕਿਹਾ ਅਤੇ ਅੰਮ੍ਰਿਤ ਛੱਕ ਕੇ ਗੁਰੂ ਨਾਲ ਜੁੜਨ ਲਈ ਪ੍ਰੇਰਿਆ।
ਉਨ੍ਹਾਂ ਕਿਹਾ ਸੰਤ ਬਾਬਾ ਪ੍ਰੇਮ ਸਿੰਘ ਦੀ ਬਹੁਤ ਸਾਰੀ ਫੁਲਵਾੜੀ ਯੂਰਪ ਵਿਚ ਆ ਗਈ ਹੈ ਤੇ ਇਥੇ ਆ ਕੇ ਵੀ ਉਹ ਬਾਬਾ ਪ੍ਰੇਮ ਸਿੰਘ ਨੂੰ ਨਹੀਂ ਭੁੱਲੇ ਅਤੇ ਹਰ ਸਾਲ ਉਨ੍ਹਾਂ ਦੀ ਬਰਸੀ ਦੇ ਸਮਾਗਮ ਅਤੇ ਜਨਮ ਦਿਹਾੜੇ ਦੇ ਸਮਾਗਮ ਬਹੁਤ ਹੀ ਚੜ੍ਹਦੀ ਕਲਾ ਨਾਲ ਰਲ ਮਿਲ ਕੇ ਮਨਾਉਂਦੇ ਹਨ, ਇਹ ਦੇਖ ਕੇ ਉਨ੍ਹਾਂ ਨੁੂੰ ਬਹੁਤ ਚੰਗਾ ਲੱਗਾ, ਗੁਰੂ ਦੀ ਸੰਗਤ ਨਾਲ ਮਿਲ ਕੇ ਪਤਾ ਲੱਗਾ ਕਿ ਜਿਥੇ ਲੋਕ ਆਪਣੀ ਦਸਾਂ ਨਹੁੰਆ ਦੀ ਕਿਰਤ ਕਮਾਈ ਕਰਦੇ ਹਨ, ਉਥੇ ਹੀ ਗੁਰੂ ਘਰਾਂ ਵਿਚ ਵੀ ਪੂਰੀ ਸੇਵਾ ਨਿਭਾਉਂਦੇ ਹਨ, ਉਨ੍ਹਾਂ ਨੇ ਫਲੈਰੋ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਨ ਤੇ ਵੀ ਪ੍ਰਬੰਧਕਾਂ ਨੂੰ ਵਧਾਈ ਦਿੱਤੀ।