ਕਣਕ ਦੀ ਫ਼ਸਲ ਤੋਂ ਵਧੇਰੇ ਪੈਦਾਵਾਰ ਲਈ ਪੋਟਾਸ਼ ਖਾਦ ਦੀ ਵਰਤੋਂ ਜ਼ਰੂਰੀ: ਡਾ. ਅਮਰੀਕ ਸਿੰਘ
ਰੋਹਿਤ ਗੁਪਤਾ
ਗੁਰਦਾਸਪੁਰ : 12 ਅਕਤੂਬਰ 2025- ਪੋਟਾਸ਼, ਜਿਸਨੂੰ ਪੋਟਾਸ਼ੀਅਮ ਵੀ ਕਿਹਾ ਜਾਂਦਾ ਹੈ,ਇੱਕ ਜ਼ਰੂਰੀ ਖੁਰਾਕੀ ਤੱਤ ਹੈ ਜੋਂ ਕਣਕ ਦੀ ਫਸਲ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪੋਟਾਸ਼ ਖੁਰਾਕੀ ਤੱਤ ਬਾਜ਼ਾਰ ਵਿਚ ਉਪਲਬਧ ਮਿਉਰਟ ਆਫ ਪੋਟਾਸ਼ 60% ਜਾਂ ਸਲਫੇਟ ਆਫ ਪੋਟਾਸ਼ ਤੋਂ ਪ੍ਰਾਪਤ ਹੁੰਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੰਯੁਕਤ ਨਿਰਦੇਸ਼ਕ (ਖ਼ੇਤੀਬਾੜੀ) ਪੰਜਾਬ ਡਾਕਟਰ ਅਮਰੀਕ ਸਿੰਘ ਨੇ ਦੱਸਿਆ ਕਿ ਪੋਟਾਸ਼ ਖਾਦ ਫਸਲ ਦੀ ਪੈਦਾਵਾਰ, ਗੁਣਵੱਤਾ, ਸੁਆਦ ਨੂੰ ਵਧਾਉਂਦੀ ਹੈ, ਅਤੇ ਸਾਰੀਆਂ ਕਿਸਮਾਂ ਦੇ ਪੌਦਿਆਂ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰੀ ਕ੍ਰਾਂਤੀ ਨੇ ਇੱਕ ਉੱਚ ਉਤਪਾਦਕ ਝੋਨੇ-ਕਣਕ ਫ਼ਸਲੀ ਚੱਕਰ ਨੂੰ ਉਤਸ਼ਾਹਿਤ ਕੀਤਾ, ਇਹ ਦੋਵੇਂ ਫਸਲਾਂ ਮਿੱਟੀ ਵਿਚੋਂ ਵੱਡੀ ਮਾਤਰਾ ਵਿੱਚ ਪੋਟਾਸ਼ੀਅਮ ਲੈਂਦੀਆਂ ਹਨ ਪ੍ਰੰਤੂ ਕਿਸਾਨਾਂ ਵਲੋਂ ਯੂਰੀਆ, ਡੀ ਏ ਪੀ ਤੋਂ ਇਲਾਵਾ ਪੋਟਾਸ਼ੀਅਮ ਖਾਦ ਦੀ ਵਰਤੋਂ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਅਸੰਤੁਲਿਤ ਖਾਦਾਂ ਦੀ ਵਰਤੋਂ ਕਰਨ ਨਾਲ ਪੰਜਾਬ ਦੀ ਮਿੱਟੀ ਵਿਚ ਪੋਟਾਸ਼ ਦੀ ਘਾਟ ਦਿਨੋ ਦਿਨ ਵਧਦੀ ਜਾ ਰਹੀ ਹੈ । ਪਿਛਲੇ ਕਈ ਸਾਲਾਂ ਤੋਂ, ਪੰਜਾਬ ਦੀ ਮਿੱਟੀ ਵਿੱਚ ਕਾਫ਼ੀ ਪੋਟਾਸ਼ੀਅਮ ਭੰਡਾਰ ਮੰਨਿਆ ਜਾਂਦਾ ਸੀ। ਆਮ ਕਰਕੇ ਜ਼ਿਆਦਾਤਰ ਕਿਸਾਨਾਂ ਵੱਲੋਂ ਨਾਈਟ੍ਰੋਜਨ ਅਤੇ ਫਾਸਫੋਰਸ (P) ਖਾਦਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਦਕਿ ਅਤੇ ਪੋਟਾਸ਼ੀਅਮ (K) ਖਾਦ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਮਿੱਟੀ ਵਿਚ ਵਧ ਰਹੀ ਪੋਟਾਸ਼ ਦੀ ਘਾਟ ਦੇ ਕਾਰਨ ਦੇਖੀਏ ਤਾਂ ਮੁੱਖ ਕਾਰਨ ਜਿਵੇਂ ਝੋਨੇ ਕਣਕ ਫ਼ਸਲੀ ਚੱਕਰ, ਫ਼ਸਲੀ ਰਹਿੰਦ ਖੁੰਹਦ ਨੂੰ ਅੱਗ ਲਗਾ ਕੇ ਸਾੜਨਾ,ਅਸੰਤੁਲਿਤ ਖਾਦਾਂ ਦੀ ਵਰਤੋਂ , ਮਹਿੰਗੀ ਹੋਣਾ ,ਜਾਣਕਾਰੀ ਦੀ ਘਾਟ ਹਨ । ਉਨ੍ਹਾਂ ਦਸਿਆ ਕਿ ਪੋਟਾਸ਼ ਖਾਦ ,ਪੌਦਿਆਂ ਨੂੰ ਬਿਮਾਰੀਆਂ ਅਤੇ ਕੀੜਿਆਂ ਦੇ ਹਮਲਿਆਂ ਦਾ ਵਿਰੋਧ ਕਰਨ ਵਿੱਚ ਮਦਦ ਕਰਦਾ ਹੈ, ਸਮੁੱਚੀ ਸਿਹਤ ਨੂੰ ਉਤਸ਼ਾਹਿਤ ਕਰਦਾ ਹੈ।ਇਹ ਮਜ਼ਬੂਤ ਅਤੇ ਸਿਹਤਮੰਦ ਜੜ੍ਹ ਪ੍ਰਣਾਲੀਆਂ ਦੇ ਵਿਕਾਸ ਵਿੱਚ ਸਹਾਇਤਾ ਕਰਦਾ ਹੈ, ਬਿਹਤਰ ਪੌਸ਼ਟਿਕ ਤੱਤਾਂ ਨੂੰ ਗ੍ਰਹਿਣ ਕਰਨ ਵਿੱਚ ਸਹਾਇਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਪੋਟਾਸ਼ ਸਟੋਮੈਟਾ ( ਪੱਤੇ ਦੀ ਸਤ੍ਹਾ ਜਾਂ ਪੌਦੇ ਦੇ ਡੰਡੀ ਵਿੱਚ ਬਹੁਤ ਛੋਟਾ ਛੇਕ ਜੋ ਗੈਸਾਂ ਨੂੰ ਅੰਦਰ ਅਤੇ ਬਾਹਰ ਜਾਣ ਦਿੰਦਾ ਹੈ) ਦੇ ਖੁੱਲਣ ਅਤੇ ਬੰਦ ਹੋਣ ਨੂੰ ਨਿਯੰਤਰਣ ਕਰਦਾ ਹੈ, ਵਾਸ਼ਪੀਕਰਨ ਦਾ ਪ੍ਰਬੰਧਨ ਕਰਦਾ ਹੈ ਅਤੇ ਪੌਦਿਆਂ ਨੂੰ ਸੋਕੇ ਦਾ ਸਾਹਮਣਾ ਕਰਨ ਵਿੱਚ ਮਦਦ ਕਰਦਾ ਹੈ। ਓਨਾਂ ਦਸਿਆ ਕਿ ਪੋਟਾਸ਼ ਖਾਦ ਦੀ ਵਰਤੋਂ ਕਰਨ ਨਾਲ ਫਸਲ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ ਜਿਸ ਨਾਲ ਉਪਜ ਦਾ ਮੁੱਲ ਵਧੀਆ ਮਿਲਦਾ ਹੈ । ਉਨ੍ਹਾਂ ਦਸਿਆ ਕਿ ਪੋਟਾਸ਼ ਦੀ ਘਾਟ ਦਾ ਪਤਾ ਲਗਾਉਣ ਲਈ ਮਿੱਟੀ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਅਤੇ ਉਸ ਅਨੁਸਾਰ ਪੋਟਾਸ਼ ਦੀ ਵਰਤੋਂ ਕਰਨੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ ਦੀ ਫ਼ਸਲ ਵਿਚ ਪੋਟਾਸ਼ ਖਾਦ ਦੀ ਸਿਫਾਰਸ਼ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰ ਤੇ ਕਰਨ ਦੀ ਸਿਫਾਰਸ਼ ਕੀਤੀ ਜਾਂਦਾ ਹੈ । ਉਨ੍ਹਾਂ ਦਸਿਆ ਕਿ ਮਿੱਟੀ ਪਰਖ ਦੀਆਂ ਰਿਪੋਰਟਾਂ ਤੋਂ ਪਾਇਆ ਗਿਆ ਹੈ ਕਿ ਜ਼ਿਲਾ ਗੁਰਦਾਸਪੁਰ ਸਮੇਤ ਨੀਮ ਪਹਾੜੀ ਜ਼ਿਲਿਆਂ ਦੀ ਮਿੱਟੀ ਵਿੱਚ ਪੋਟਾਸ਼ ਦੀ ਘਾਟ ਹੈ ,ਇਸ ਲਈ ਪ੍ਰਤੀ ਏਕੜ 20 ਕਿਲੋ ਮਿਉਰਟ ਆਫ ਪੋਟਾਸ਼ ,ਕਣਕ ਦੀ ਬਿਜਾਈ ਸਮੇਂ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਪ੍ਰੰਤੂ ਗੁਰਦਾਸਪੁਰ,ਪਠਾਨਕੋਟ ਅਤੇ ਹੋਰ ਨੀਮ ਪਹਾੜੀ ਜ਼ਿਲਿਆਂ ਵਿਚ 40 ਕਿਲੋ ਪੋਟਾਸ਼ ਪ੍ਰਤੀ ਏਕੜ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੋਟਾਸ਼ ਦੀ ਮਹੱਤਤਾ ਨੂੰ ਦੇਖਦਿਆਂ ਹਰੇਕ ਕਿਸਾਨ ਨੁੰ ਝੋਨੇ ਦੀ ਫ਼ਸਲ ਨੂੰ ਪੋਟਾਸ਼ ਖਾਦ ਵਰਤਣੀ ਚਾਹੀਦੀ ਹੈ ਅਤੇ ਪੋਟਾਸ਼ 60% ਹੀ ਖਰੀਦਣੀ ਹੈ, ਨਾਂ ਕਿ ਗੋਲੀ ਵਾਲੀ ਕਿਉਂਕਿ ਗੋਲੀ ਵਾਲੀ ਪੋਟਾਸ਼ ਮਹਿੰਗੀ ਪੈਂਦੀ ਹੈ ।