ਅਮਰਜੀਤ ਚਾਵਲਾ ਕੇਸ ਦੀ ਨਿਰਪੱਖ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਂਦਾ ਜਾਵੇ: ਬੀਬੀ ਤਰਵਿੰਦਰ ਕੌਰ ਖਾਲਸਾ
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ International Sikh Council ਦੀ ਨਿਮਰ ਅਪੀਲ
ਕੌਂਸਲ ਨੇ ਸੁਝਾਅ ਦਿੱਤਾ ਕਿ ਲੋੜ ਮਹਿਸੂਸ ਹੋਣ ’ਤੇ ਰਿਟਾਇਰਡ ਜੱਜਾਂ, ਕਾਨੂੰਨੀ ਮਾਹਿਰਾਂ ਅਤੇ ਤਜਰਬੇਕਾਰ ਵਿਦਵਾਨਾਂ ਦੀ ਇੱਕ ਨਿਰਪੱਖ ਕਮੇਟੀ ਬਣਾਈ ਜਾ ਸਕਦੀ ਹੈ
ਬਾਬੂਸ਼ਾਹੀ ਨਿਊਜ਼ ਨੈੱਟਵਰਕ
ਦਿੱਲੀ ਬਿਊਰੋ
ਨਵੀਂ ਦਿੱਲੀ, 21 ਸਤੰਬਰ 2026:
International Sikh Council ਦੀ ਪ੍ਰਧਾਨ ਬੀਬੀ ਤਰਵਿੰਦਰ ਕੌਰ ਖਾਲਸਾ ਨੇ ਅਮਰਜੀਤ ਚਾਵਲਾ ਮਾਮਲੇ ਵਿੱਚ ਸਾਰੇ ਤੱਥਾਂ, ਦਸਤਾਵੇਜ਼ਾਂ ਅਤੇ ਸਬੂਤਾਂ ਦੀ ਨਿਰਪੱਖ ਜਾਂਚ-ਪੜਤਾਲ ਕਰਵਾ ਕੇ ਸੱਚ ਸਾਹਮਣੇ ਲਿਆਉਣ ਦੀ ਅਪੀਲ ਕੀਤੀ ਹੈ।
ਕਥਿਤ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਤੇ ਅਕਾਲ ਤਖਤ ਸਾਹਿਬ ਵੱਲੋਂ ਪੰਥ ’ਚੋਂ ਛੇਕੇ ਗਏ ਸਾਬਕਾ SGPC ਮੈਂਬਰ ਅਮਰਜੀਤ ਚਾਵਲਾ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਏ ਗਏ ਫੈਸਲੇ ਦੇ ਸੰਦਰਭ ਵਿੱਚ ਬੀਬੀ ਤਰਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਕਿਸੇ ਵੀ ਗੰਭੀਰ ਮਾਮਲੇ ਵਿੱਚ ਸਿਰਫ਼ ਇੱਕ ਧਿਰ ਦੇ ਬਿਆਨਾਂ ਜਾਂ ਸੋਸ਼ਲ ਮੀਡੀਆ ’ਤੇ ਚੱਲ ਰਹੀ ਜਾਣਕਾਰੀ ਦੇ ਆਧਾਰ ’ਤੇ ਅੰਤਿਮ ਨਤੀਜੇ ’ਤੇ ਪਹੁੰਚਣਾ ਉਚਿਤ ਨਹੀਂ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਾਮਲੇ ਨਾਲ ਸਬੰਧਤ ਪਹਿਲਾਂ ਤੋਂ ਕੋਈ ਸ਼ਿਕਾਇਤਾਂ, ਪਰਚੇ ਜਾਂ ਹੋਰ ਦੋਸ਼ ਮੌਜੂਦ ਹਨ ਤਾਂ ਉਨ੍ਹਾਂ ਦੀ ਵੀ ਕਾਨੂੰਨੀ ਅਤੇ ਤੱਥਾਤਮਕ ਪੜਚੋਲ ਹੋਣੀ ਚਾਹੀਦੀ ਹੈ। ਨਾਲ ਹੀ, ਮਾਮਲੇ ਨਾਲ ਸਬੰਧਤ ਹਰ ਧਿਰ ਦਾ ਪੱਖ ਨਿਰਪੱਖਤਾ ਨਾਲ ਸੁਣਿਆ ਜਾਣਾ ਚਾਹੀਦਾ ਹੈ।
ਬੀਬੀ ਖਾਲਸਾ ਨੇ ਕਿਹਾ ਕਿ ਗੁਰਮਤਿ ਸਾਨੂੰ ਸੱਚ, ਨਿਆਂ, ਨਿਰਪੱਖਤਾ ਅਤੇ ਚੜ੍ਹਦੀ ਕਲਾ ਦਾ ਮਾਰਗ ਦਿਖਾਉਂਦੀ ਹੈ। ਇਸ ਲਈ ਕਿਸੇ ਵੀ ਵਿਅਕਤੀ ਨੂੰ ਪੂਰੇ ਤੱਥਾਂ ਅਤੇ ਸਬੂਤਾਂ ਦੀ ਜਾਂਚ ਕੀਤੇ ਬਿਨਾਂ ਦੋਸ਼ੀ ਮੰਨ ਲੈਣਾ ਜਾਂ ਕਿਸੇ ਇੱਕ ਪੱਖ ਨੂੰ ਪੂਰੀ ਤਰ੍ਹਾਂ ਸਹੀ ਮੰਨ ਲੈਣਾ ਨਿਆਂ ਦੀ ਭਾਵਨਾ ਦੇ ਅਨੁਕੂਲ ਨਹੀਂ ਹੋ ਸਕਦਾ।
International Sikh Council ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਅਤੇ ਸੰਸਥਾਗਤ ਮਰਯਾਦਾ ਪ੍ਰਤੀ ਪੂਰਾ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਜੋ ਵੀ ਹੁਕਮ ਜਾਂ ਫੈਸਲਾ ਹੋਵੇਗਾ, ਉਸ ਪ੍ਰਤੀ ਸਤਿਕਾਰ ਦੀ ਭਾਵਨਾ ਕਾਇਮ ਰਹੇਗੀ। ਇਸ ਦੇ ਨਾਲ ਹੀ ਕੌਂਸਲ ਨੇ ਬੇਨਤੀ ਕੀਤੀ ਕਿ ਜੇਕਰ ਮਾਮਲੇ ਨਾਲ ਜੁੜੇ ਹੋਰ ਪੱਖ, ਦਸਤਾਵੇਜ਼ ਜਾਂ ਸਬੂਤ ਮੌਜੂਦ ਹਨ ਤਾਂ ਉਨ੍ਹਾਂ ਦੀ ਵੀ ਗਹਿਰਾਈ ਨਾਲ ਜਾਂਚ ਕੀਤੀ ਜਾਵੇ।
ਕੌਂਸਲ ਨੇ ਸੁਝਾਅ ਦਿੱਤਾ ਕਿ ਲੋੜ ਮਹਿਸੂਸ ਹੋਣ ’ਤੇ ਰਿਟਾਇਰਡ ਜੱਜਾਂ, ਕਾਨੂੰਨੀ ਮਾਹਿਰਾਂ ਅਤੇ ਤਜਰਬੇਕਾਰ ਵਿਦਵਾਨਾਂ ਦੀ ਇੱਕ ਨਿਰਪੱਖ ਕਮੇਟੀ ਬਣਾਈ ਜਾ ਸਕਦੀ ਹੈ। ਇਹ ਕਮੇਟੀ ਉਪਲਬਧ ਸਬੂਤਾਂ ਅਤੇ ਸਬੰਧਤ ਧਿਰਾਂ ਦੇ ਪੱਖ ਦੀ ਪੂਰੀ ਪੜਚੋਲ ਕਰਕੇ ਆਪਣੀ ਰਿਪੋਰਟ ਪੇਸ਼ ਕਰੇ। ਇਸ ਤੋਂ ਬਾਅਦ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਮਾਮਲੇ ’ਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ।
ਬੀਬੀ ਤਰਵਿੰਦਰ ਕੌਰ ਖਾਲਸਾ ਨੇ ਸਪੱਸ਼ਟ ਕੀਤਾ ਕਿ International Sikh Council ਦਾ ਮਕਸਦ ਕਿਸੇ ਵਿਅਕਤੀ ਦੇ ਹੱਕ ਜਾਂ ਵਿਰੋਧ ਵਿੱਚ ਖੜ੍ਹਨਾ ਨਹੀਂ, ਸਗੋਂ ਸੱਚ ਦੀ ਪੜਚੋਲ, ਨਿਆਂ ਦੀ ਰੱਖਿਆ ਅਤੇ ਪੰਥਕ ਸੰਸਥਾਵਾਂ ਪ੍ਰਤੀ ਸਤਿਕਾਰ ਨੂੰ ਕਾਇਮ ਰੱਖਣਾ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਫੈਸਲੇ ਦੀ ਅਸਲ ਤਾਕਤ ਉਸ ਦੀ ਨਿਰਪੱਖਤਾ, ਪੂਰੇ ਤੱਥਾਂ ਅਤੇ ਸੰਗਤ ਦੇ ਭਰੋਸੇ ਵਿੱਚ ਹੁੰਦੀ ਹੈ। ਇਸ ਲਈ ਉਨ੍ਹਾਂ ਅਪੀਲ ਕੀਤੀ ਕਿ ਅਮਰਜੀਤ ਚਾਵਲਾ ਮਾਮਲੇ ਨੂੰ ਭਾਵਨਾਵਾਂ ਦੀ ਬਜਾਏ ਤੱਥਾਂ, ਸਬੂਤਾਂ, ਗੁਰਮਤਿ ਅਤੇ ਨਿਆਂ ਦੇ ਸਿਧਾਂਤਾਂ ਦੀ ਰੌਸ਼ਨੀ ਵਿੱਚ ਵਿਚਾਰਿਆ ਜਾਵੇ।
ਬੀਬੀ ਤਰਵਿੰਦਰ ਕੌਰ ਖਾਲਸਾ ਨੇ ਆਪਣੇ ਬਿਆਨ ਦੇ ਅੰਤ ਵਿੱਚ ਕਿਹਾ, “ਸੱਚ ਦੀ ਜਿੱਤ ਹੋਵੇ। ਪੰਥ ਵਿੱਚ ਏਕਤਾ, ਨਿਆਂ ਅਤੇ ਚੜ੍ਹਦੀ ਕਲਾ ਬਣੀ ਰਹੇ।”