ਚੜ੍ਹਤ ਸਿੰਘ ਦੀ ਬਹਾਦਰੀ ਤੇ ਨਿਸ਼ਾਨੇਬਾਜ਼ੀ ਦੀ ਮਹਾਨ ਵਿਰਾਸਤ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ: ਅਜੇਪਾਲ ਸਿੰਘ ਬਰਾੜ
ਮਨਮੋਹਨ ਸਿੰਘ
ਫਰੀਦਕੋਟ 21 ਸਤੰਬਰ ( (
ਬਾਬਾ ਫਰੀਦ ਆਗਮ ਪੁਰਬ ਦੇ ਮੌਕੇ ’ਤੇ ਮਿਸਲ ਸਤਲੁਜ ਪਾਰਟੀ ਵੱਲੋਂ ਕਰਵਾਇਆ ਗਿਆ ਤੀਜਾ ਸਰਦਾਰ ਚੜ੍ਹਤ ਸਿੰਘ ਨਿਸ਼ਾਨੇਬਾਜ਼ੀ ਕੱਪ 18 ਤੋਂ 21 ਸਤੰਬਰ ਤੱਕ ਸ਼ੂਟਿੰਗ ਰੇਂਜ, ਨਹਿਰੂ ਸਟੇਡੀਅਮ, ਫਰੀਦਕੋਟ ਵਿਖੇ ਕਰਵਾਇਆ ਗਿਆ।
ਇਸ ਨਿਸ਼ਾਨੇਬਾਜ਼ੀ ਕੱਪ ਦੇ ਦੂਜੇ ਦਿਨ ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨਿਸ਼ਾਨੇਬਾਜ਼ੀ ਕੱਪ ਵਿੱਚ ਭਾਗ ਲੈ ਰਹੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਅਤੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਮੁਲਾਕਾਤ ਕਰਨ ਲਈ ਪੁਜੇ।
ਸਰਦਾਰ ਅਜੇਪਾਲ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਨਿਸ਼ਾਨੇਬਾਜ਼ੀ ਖੇਡ
ਪ੍ਰਤੀ ਖਿਡਾਰੀਆਂ ਦੇ ਵੱਧ ਰਹੇ ਉਤਸ਼ਾਹ ਅਤੇ ਭਰਵੇਂ ਹੁੰਗਾਰੇ ਕਾਰਨ ਇਸ ਕੱਪ ਦੀ ਹਰ ਸਾਲ ਹਰਮਨਪਿਆਰਤਾ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਦਸਿਆ ਕਿ
ਇਸ ਸਾਲ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਦਿੱਲੀ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਤੋਂ ਵੀ ਨਿਸ਼ਾਨੇਬਾਜ਼ਾਂ ਨੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਖਿਡਾਰੀਆਂ ਦੀ ਸ਼ਮੂਲੀਅਤ ਨੇ ਇਸ ਨਿਸ਼ਾਨੇਬਾਜ਼ੀ ਕੱਪ ਨੂੰ ਵਿਆਪਕ ਪੱਧਰ ਪ੍ਰਦਾਨ ਕੀਤਾ ਅਤੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇੱਕ ਸਾਂਝਾ ਮੰਚ ਮੁਹੱਈਆ ਕਰਵਾਇਆ।
ਇਸ ਮੌਕੇ ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਦਾ ਨਾਮ ਸਿੱਖ ਇਤਿਹਾਸ ਵਿੱਚ ਬਹਾਦਰੀ, ਦਲੇਰੀ, ਦੂਰਅੰਦੇਸ਼ੀ ਅਤੇ ਨਿਸ਼ਾਨੇਬਾਜ਼ੀ ਦੀ ਬੇਮਿਸਾਲ ਮੁਹਾਰਤ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਚੜ੍ਹਤ ਸਿੰਘ ਸਿਰਫ਼ ਇੱਕ ਮਹਾਨ ਯੋਧਾ ਹੀ ਨਹੀਂ ਸਨ, ਸਗੋਂ ਉਹ ਅਜਿਹੇ ਦੂਰਦਰਸ਼ੀ ਸਿੱਖ ਜਰਨੈਲ ਸਨ ਜਿਨ੍ਹਾਂ ਨੇ ਮੁਸ਼ਕਲ ਹਾਲਾਤਾਂ ਵਿੱਚ ਹਿੰਮਤ, ਸੂਝ-ਬੂਝ ਅਤੇ ਜੰਗੀ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਰਦਾਰ ਬਰਾੜ ਨੇ ਕਿਹਾ ਕਿ ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ ਦੀ ਨਿਸ਼ਾਨੇਬਾਜ਼ੀ ਦੀ ਮਹਾਰਤ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਸ਼ੇਸ਼ ਪੱਖ ਸੀ। ਇਤਿਹਾਸਕਾਰ ਸਰਦਾਰ ਰਤਨ ਸਿੰਘ ਭੰਗੂ ਨੇ ਆਪਣੀ ਪ੍ਰਸਿੱਧ ਰਚਨਾ ‘ਸ੍ਰੀ ਗੁਰ ਪੰਥ ਪ੍ਰਕਾਸ਼’ ਵਿੱਚ ਵੀ ਉਨ੍ਹਾਂ ਦੀ ਨਿਸ਼ਾਨੇਬਾਜ਼ੀ ਦੀ ਕਾਬਲੀਅਤ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਦਾਰ ਚੜ੍ਹਤ ਸਿੰਘ ਦੀ ਵਿਰਾਸਤ ਨੂੰ ਨਿਸ਼ਾਨੇਬਾਜ਼ੀ ਵਰਗੀ ਖੇਡ ਨਾਲ ਜੋੜ ਕੇ ਯਾਦ ਕਰਨਾ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਨਾਲ ਜੋੜਨ ਦਾ ਇੱਕ ਸਾਰਥਕ ਉਪਰਾਲਾ ਹੈ।
ਉਨ੍ਹਾਂ ਕਿਹਾ ਕਿ “ਸਰਦਾਰ ਚੜ੍ਹਤ ਸਿੰਘ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਨਿਸ਼ਾਨਾ ਸਿਰਫ਼ ਹਥਿਆਰ ਨਾਲ ਨਹੀਂ, ਸਗੋਂ ਦ੍ਰਿੜ੍ਹ ਇਰਾਦੇ, ਅਨੁਸ਼ਾਸਨ ਅਤੇ ਇਕਾਗਰਤਾ ਨਾਲ ਵੀ ਸਾਧਿਆ ਜਾਂਦਾ ਹੈ। ਅੱਜ ਦੇ ਨੌਜਵਾਨ ਜੇਕਰ ਉਨ੍ਹਾਂ ਦੀ ਬਹਾਦਰੀ, ਮਿਹਨਤ ਅਤੇ ਅਨੁਸ਼ਾਸਨ ਤੋਂ ਪ੍ਰੇਰਣਾ ਲੈਣ ਤਾਂ ਉਹ ਖੇਡਾਂ ਸਮੇਤ ਜੀਵਨ ਦੇ ਹਰ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਸਕਦੇ ਹਨ।”
ਸਰਦਾਰ ਬਰਾੜ ਨੇ ਕਿਹਾ ਕਿ ਮਿਸਲ ਸਤਲੁਜ ਵੱਲੋਂ ਸਰਦਾਰ ਚੜ੍ਹਤ ਸਿੰਘ ਦੇ ਨਾਮ ’ਤੇ ਨਿਸ਼ਾਨੇਬਾਜ਼ੀ ਕੱਪ ਕਰਵਾਉਣ ਦਾ ਪ੍ਰਮੁੱਖ ਮੰਤਵ ਕੇਵਲ ਇੱਕ ਖੇਡ ਮੁਕਾਬਲਾ ਕਰਵਾਉਣਾ ਨਹੀਂ, ਬਲਕਿ ਨੌਜਵਾਨਾਂ ਨੂੰ ਆਪਣੀ ਇਤਿਹਾਸਕ ਵਿਰਾਸਤ ਨਾਲ ਜੋੜਨਾ ਅਤੇ ਉਨ੍ਹਾਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਮੰਚ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਨਿਸ਼ਾਨੇਬਾਜ਼ੀ ਇੱਕ ਅਜਿਹੀ ਖੇਡ ਹੈ ਜੋ ਖਿਡਾਰੀ ਵਿੱਚ ਧੀਰਜ, ਇਕਾਗਰਤਾ, ਮਾਨਸਿਕ ਸੰਤੁਲਨ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਵਰਗੇ ਗੁਣ ਪੈਦਾ ਕਰਦੀ ਹੈ।
ਇਸ ਮੌਕੇ ਤੇ ਮਿਸਲ ਸਤਲੁਜ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਹੀ ਬਹਾਦਰ ਯੋਧਿਆਂ ਅਤੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਦੀ ਊਰਜਾ ਨੂੰ ਉਸਾਰੂ ਦਿਸ਼ਾ ਦੇਣ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ ਅਤੇ ਮਿਸਲ ਸਤਲੁਜ ਪਾਰਟੀ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਜਿਹੇ ਉਪਰਾਲਿਆਂ ਨੂੰ ਲਗਾਤਾਰ ਉਤਸ਼ਾਹਿਤ ਕਰਦੀ ਰਹੇਗੀ।
ਉਨ੍ਹਾਂ ਨਿਸ਼ਾਨੇਬਾਜ਼ੀ ਕੱਪ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹਨ, ਪਰ ਅਸਲ ਜਿੱਤ ਆਪਣੀ ਪ੍ਰਤਿਭਾ ਨੂੰ ਨਿਖਾਰਨ, ਅਨੁਸ਼ਾਸਨ ਨਾਲ ਅੱਗੇ ਵਧਣ ਅਤੇ ਹਰ ਮੁਕਾਬਲੇ ਤੋਂ ਕੁਝ ਨਵਾਂ ਸਿੱਖਣ ਵਿੱਚ ਹੈ।
ਸਰਦਾਰ ਸੇਖੋਂ ਨੇ ਉਮੀਦ ਪ੍ਰਗਟ ਕੀਤੀ ਕਿ ਸਰਦਾਰ ਚੜ੍ਹਤ ਸਿੰਘ ਨਿਸ਼ਾਨੇਬਾਜ਼ੀ ਕੱਪ ਆਉਣ ਵਾਲੇ ਸਮੇਂ ਵਿੱਚ ਹੋਰ ਵੱਡੇ ਪੱਧਰ ’ਤੇ ਕਰਵਾਇਆ ਜਾਵੇਗਾ ਅਤੇ ਦੇਸ਼ ਭਰ ਦੇ ਹੋਰ ਉਭਰਦੇ ਨਿਸ਼ਾਨੇਬਾਜ਼ ਇਸ ਨਾਲ ਜੁੜ ਕੇ ਪੰਜਾਬ ਦੀ ਖੇਡ ਸੱਭਿਆਚਾਰ ਅਤੇ ਮਹਾਨ ਸਿੱਖ ਵਿਰਾਸਤ ਨੂੰ ਹੋਰ ਮਜ਼ਬੂਤ ਕਰਨਗੇ।
ਇਸ ਮੌਕੇ ਅਮਰਿੰਦਰ ਸਿੰਘ ਤੁੜ ਕਨਵੀਨਰ , ਰਣਪਿੰਦਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਫਰੀਦਕੋਟ, ਹਰਦੇਵ ਸਿੰਘ ਘਣੀਏ ਵਾਲਾ ਸਕੱਤਰ ਕਿਸਾਨ ਸੈੱਲ , ਸੁਖਰਾਜ ਸਿੰਘ, ਗੁਰਮੀਤ ਸਿੰਘ ਸੁਲਹਾਨੀ ,ਤਜਿੰਦਰ ਸਿੰਘ ਕੱਸੋਆਣਾ, ਹਰਜਿੰਦਰ ਸਿੰਘ ਸਹੋਤਾ, ,ਕਾਰਜ ਸਿੰਘ, ਸੁਖਜਿੰਦਰ ਸਿੰਘ ਰਾਏ , ਗੁਰਪ੍ਰੇਮ ਸਿੰਘ ਸਰਾਂ, ਜਸਨੂਰ ਸਿੰਘ ਬਰਾੜ, ਜਸਪ੍ਰੀਤ ਸਿੰਘ ਮਿੰਟਾ , ਜਤਿੰਦਰ ਸਿੰਘ ਸਹੋਤਾ ,ਯਤਨਜੀਤ ਸਿੰਘ ,ਵਿੱਕੀ ਗਰੋਵਰ ,ਰਾਜਪਾਲ ਸਿੰਘ ਸੰਧੂ, ਮਿੰਟੂ ਦੀਪ ਸਿੰਘ ਵਾਲਾ ਅਤੇ ਗੈਰੀ ਸੰਧੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।
- Download Babushahi App
-
-