ਈਰਾਨ ਨੂੰ ਟਰੰਪ ਦੇ ਬੋਲਾਂ 'ਤੇ ਨਹੀਂ ਭਰੋਸਾ! ਈਰਾਨੀ ਵਫ਼ਦ ਦੇ ਡਾ. ਮੁਹੰਮਦ ਹੁਸੈਨ ਜ਼ਿਵਾਂਦ ਨੇ ਦਰਬਾਰ ਸਾਹਿਬ ਦਫ਼ਤਰ ‘ਚ SGPC ਅਧਿਕਾਰੀਆਂ ਨਾਲ ਕੀਤੀ ਮੁਲਾਕਾਤ
ਕੁਲਵਿੰਦਰ ਸਿੰਘ
ਅੰਮ੍ਰਿਤਸਰ 8 ਅਪ੍ਰੈਲ 2026- ਅੰਮ੍ਰਿਤਸਰ ਵਿੱਚ ਇਰਾਨ ਦੇ ਸੁਪਰੀਮ ਲੀਡਰ ਦੇ ਦਫ਼ਤਰ ਨਾਲ ਸੰਬੰਧਿਤ ਵਫ਼ਦ ਦੇ ਮੈਂਬਰ ਡਾ. ਮੁਹੰਮਦ ਹੁਸੈਨ ਜ਼ਿਵਾਂਦ ਪਹੁੰਚੇ। ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਸਥਿਤ ਇਨਫੋਰਮੇਸ਼ਨ ਦਫ਼ਤਰ ਵਿੱਚ ਸ਼੍ਰੋਮਣੀ ਕਮੇਟੀਅਧਿਕਾਰੀਆਂ ਨਾਲ ਮੁਲਾਕਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਮ ਨਿਯੋਤਾ ਪੱਤਰ ਸੌਂਪਿਆ। ਇਹ ਸੱਦਾ ਦਿੱਲੀ ਵਿੱਚ ਕਰਵਾਏ ਜਾਣ ਵਾਲੇ ਇਕ ਖ਼ਾਸ ਸਮਾਗਮ ਲਈ ਦਿੱਤਾ ਗਿਆ ਹੈ, ਜਿਸ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਸੱਦਾ ਭੇਜਿਆ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਜ਼ਿਵਾਂਦ ਨੇ ਕਿਹਾ ਕਿ ਇਰਾਨ ਦੇ ਅਲੀ ਖਮੈਨਈ ਨਾਲ ਸੰਬੰਧਿਤ ਸਮਾਗਮ ਲਈ ਇਹ ਨਿਯੋਤਾ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੰਗ ਦੌਰਾਨ ਅਮਰੀਕਾ ਵੱਲੋਂ ਇਰਾਨ ਵਿੱਚ ਕਾਫ਼ੀ ਨੁਕਸਾਨ ਕੀਤਾ ਗਿਆ, ਜਿਸ ਵਿੱਚ ਸਕੂਲਾਂ ਅਤੇ ਆਮ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਸੀਜ਼ਫਾਇਰ ਦੌਰਾਨ ਇਰਾਨ ਨੇ ਅਮਰੀਕਾ ਅੱਗੇ ਆਪਣੀਆਂ ਕਈ ਮੰਗਾਂ ਰੱਖੀਆਂ ਹਨ ਅਤੇ ਜੇਕਰ ਉਹਨਾਂ ਨੂੰ ਮਨਜ਼ੂਰ ਨਾ ਕੀਤਾ ਗਿਆ ਤਾਂ ਇਰਾਨ ਵੱਲੋਂ ਹੋਰ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਰਾਨ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਿਆਨਾਂ ‘ਤੇ ਕੋਈ ਭਰੋਸਾ ਨਹੀਂ ਹੈ ਅਤੇ ਜਦੋਂ ਤੱਕ ਲਿਖਤੀ ਭਰੋਸਾ ਨਹੀਂ ਮਿਲਦਾ, ਉਸ ‘ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਨਾਲ ਹੀ ਉਨ੍ਹਾਂ ਦੁਨੀਆ ਦੇ ਹੋਰ ਦੇਸ਼ਾਂ ਨੂੰ ਇਰਾਨ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ।