ਫਰਿਜ਼ਨੋ ਵਿਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 31ਵੀਂ ਬਰਸੀ ਮੌਕੇ ਮਨੁੱਖੀ ਅਧਿਕਾਰ ਦਿਹਾੜਾ ਮਨਾਇਆ
(ਵੱਖ-ਵੱਖ ਬੁਲਾਰਿਆਂ ਵੱਲੋਂ ਦੁਨੀਆਂ ਭਰ ਵਿੱਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਘਾਣ ’ਤੇ ਚਿੰਤਾ ਦਾ ਪ੍ਰਗਟਾਵਾ)
(ਸਵ. ਸਰਪੰਚ ਅਵਤਾਰ ਸਿੰਘ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰ ਕੇ ਦਿੱਤੀ ਸ਼ਰਧਾਂਜਲੀ)
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ)
ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲਾਸਾਨੀ ਸ਼ਹਾਦਤ ਅਤੇ ਮਨੁੱਖੀ ਅਧਿਕਾਰਾਂ ਲਈ ਉਨ੍ਹਾਂ ਵੱਲੋਂ ਲੜੀ ਗਈ ਲੜਾਈ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ‘ਮਨੁੱਖੀ ਅਧਿਕਾਰ ਦਿਹਾੜਾ’ ਲੰਘੇ ਸ਼ਨੀਵਾਰ ਫਰਿਜ਼ਨੋ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਥਾਨਕ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਵਿੱਚ ਬਣੇ ਖਾਲੜਾ ਪਾਰਕ ਵਿਖੇ ਪਾਰਕ ਦੀ ਪ੍ਰਬੰਧਕ ਕਮੇਟੀ ਵੱਲੋਂ ਇੰਡੋ-ਯੂ.ਐਸ. ਹੈਰੀਟੇਜ਼ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸਮਾਗਮ ਵਿੱਚ ਸ਼ਹੀਦ ਖਾਲੜਾ ਦੀ 31ਵੀਂ ਬਰਸੀ ਮੌਕੇ ਉਨ੍ਹਾਂ ਦੀ ਕੁਰਬਾਨੀ ਅਤੇ ਮਨੁੱਖੀ ਅਧਿਕਾਰਾਂ ਲਈ ਕੀਤੇ ਸੰਘਰਸ਼ ਨੂੰ ਯਾਦ ਕੀਤਾ ਗਿਆ।
ਇਸ ਮੌਕੇ 9/11 ਦੀ 25ਵੀਂ ਬਰਸੀ ਨੂੰ ਮੁੱਖ ਰੱਖਦਿਆਂ ਅਮਰੀਕਾ ਵਿੱਚ ਹੋਏ ਅੱਤਵਾਦੀ ਹਮਲਿਆਂ ਦੌਰਾਨ ਮਾਰੇ ਗਏ ਹਜ਼ਾਰਾਂ ਨਿਰਦੋਸ਼ ਲੋਕਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਵੱਖ-ਵੱਖ ਬੁਲਾਰਿਆਂ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ’ਤੇ ਚਿੰਤਾ ਪ੍ਰਗਟ ਕਰਦਿਆਂ ਇਨਸਾਫ਼, ਬਰਾਬਰੀ ਅਤੇ ਮਨੁੱਖੀ ਮਰਿਆਦਾ ਦੀ ਰਾਖੀ ਲਈ ਸਾਂਝੀ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।
ਸਮਾਗਮ ਦੀ ਸ਼ੁਰੂਆਤ ਸੰਗਤ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਨਾਲ ਕੀਤੀ ਗਈ। ਉਪਰੰਤ ਭਾਈ ਮਹਿਲਾ ਸਿੰਘ ਦੇ ਕਵੀਸ਼ਰੀ ਜਥੇ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਕੁਰਬਾਨੀ ਨੂੰ ਕਵੀਸ਼ਰੀ ਰਾਹੀਂ ਯਾਦ ਕਰਵਾਇਆ। ਸਟੇਜੀ ਪ੍ਰੋਗਰਾਮ ਦੀ ਸ਼ੁਰੂਆਤ ਰਾਜ ਸਿੱਧੂ ਮੋਗਾ ਨੇ ਆਈ ਸੰਗਤ ਨੂੰ ਨਿੱਘੀ ਜੀ ਆਇਆਂ ਆਖਦਿਆਂ ਕੀਤੀ, ਜਦਕਿ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪੱਤਰਕਾਰ ਨੀਟਾ ਮਾਛੀਕੇ ਨੇ ਨਿਭਾਈ। ਗਾਇਕ ਕਮਲਜੀਤ ਬੈਨੀਪਾਲ ਨੇ ਧਾਰਮਿਕ ਗੀਤ ਨਾਲ ਪ੍ਰੋਗਰਾਮ ਨੂੰ ਅੱਗੇ ਤੋਰਿਆ।
ਇਸ ਮੌਕੇ ਗਾਇਕ ਗੁਰਦੀਪ ਧਾਲੀਵਾਲ, ਕਮਲਜੀਤ ਬੈਨੀਪਾਲ ਅਤੇ ਸ਼ਾਇਰ ਰਣਜੀਤ ਗਿੱਲ ਨੇ “ਮਿੱਟੀ ਪੰਜਾਬ ਦੀ” ਨਾਮਕ ਕਵਿਸ਼ਰੀ ਗਾਕੇ ਸਭਨਾਂ ਨੂੰ ਪ੍ਰਭਾਵਿਤ ਕੀਤਾ।
ਇਸ ਦੌਰਾਨ ਸ. ਮਲਕੀਤ ਸਿੰਘ ਕਿੰਗਰਾ ਨੇ ਸਵ. ਸਰਪੰਚ ਅਵਤਾਰ ਸਿੰਘ ਨੂੰ ਯਾਦ ਕਰਦਿਆਂ ਸਮੂਹ ਸੰਗਤ ਨਾਲ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸੰਗਤ ਦੀ ਸਹਿਮਤੀ ਨਾਲ ਮਤਾ ਵੀ ਪਾਸ ਕਰਵਾਇਆ ਕਿ ਪੰਜਾਬ ਸਰਕਾਰ ਪਿੰਡ ਖਾਲੜਾ ਦੇ ਸਕੂਲ ਦਾ ਨਾਮ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ’ਤੇ ਰੱਖੇ ਜਾਂ ਪਿੰਡ ਵਿੱਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕੋਈ ਢੁੱਕਵੀਂ ਯਾਦਗਾਰ ਉਸਾਰੇ।
ਹਰਨੇਕ ਸਿੰਘ ਲੋਹਗੜ੍ਹ ਅਤੇ ਗੁਰਦੀਪ ਸਿੰਘ ਚੰਨਣਵਾਲ ਨੇ ਕਵੀਸ਼ਰੀ ਰਾਹੀਂ ਹਾਜ਼ਰੀ ਲਵਾਈ, ਜਦਕਿ ਗਾਇਕ ਪੱਪੀ ਭਦੌੜ, ਬੀਬਾ ਦਿਲਪ੍ਰੀਤ ਅਤੇ ਰਾਜ ਬਰਾੜ ਸਮੇਤ ਹੋਰ ਕਲਾਕਾਰਾਂ ਨੇ ਇਨਕਲਾਬੀ ਗੀਤਾਂ ਰਾਹੀਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ
ਸਮਾਗਮ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਵਿੱਚ ਪੰਜਾਬੀ ਰੇਡੀਓ ਯੂਐਸਏ ਦੇ ਹੋਸਟ ਪ੍ਰਵੀਨ ਕੁਮਾਰ ਸ਼ਰਮਾ, ਪ੍ਰਾਈਮ ਏਸ਼ੀਆ ਟੀਵੀ ਤੋਂ ਜੋਤ ਰਣਜੀਤ ਕੌਰ, ਸੁਖਦੇਵ ਸਿੰਘ ਸਿੱਧੂ, ਸੁਰਿੰਦਰ ਮੰਡਾਲੀ, ਜਸਪ੍ਰੀਤ ਸਿੱਧੂ, ਨੈਣਦੀਪ ਸਿੰਘ ਚੰਨ, ਖਾਲੜਾ ਐਲੀਮੈਂਟਰੀ ਸਕੂਲ ਫਰਿਜ਼ਨੋ ਦੇ ਪ੍ਰਿੰਸੀਪਲ ਰਾਉਲ ਦੀਆਜ, ਡਾ. ਅਰਜਨ ਸਿੰਘ ਜੋਸ਼ਨ, ਸਾਧੂ ਸਿੰਘ ਸੰਘਾ, ਹੈਰੀ ਮਾਨ, ਸ਼ਾਇਰ ਹਰਜਿੰਦਰ ਕੰਗ, ਸਰਬਜੀਤ ਸਿੰਘ ਸਰਾਂ, ਮਨਜੀਤ ਸਿੰਘ ਪੱਤੜ ਅਤੇ ਰੇਡੀਓ ਹੋਸਟ ਗੁਰਦੀਪ ਸਿੰਘ ਸ਼ੇਰਗਿੱਲ ਆਦਿ ਸ਼ਾਮਲ ਸਨ।
ਇਸ ਮੌਕੇ ਫਰਿਜ਼ਨੋ ਸਿਟੀ ਲਈ ਚੋਣ ਲੜ ਰਹੇ ਨੈਣਦੀਪ ਸਿੰਘ ਚੰਨ ਨੇ ਆਪਣੇ ਚੋਣ ਖੇਤਰ ਸਬੰਧੀ ਜਾਣਕਾਰੀ ਸੰਗਤ ਨਾਲ ਸਾਂਝੀ ਕੀਤੀ, ਜਦਕਿ ਸਕੂਲ ਟਰੱਸਟੀ ਜਸਪ੍ਰੀਤ ਸਿੱਧੂ ਨੇ ਸਕੂਲ ਬੋਰਡ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਸਰਦਾਰਨੀ ਪਰਮਜੀਤ ਕੌਰ ਖਾਲੜਾ, ਬੇਟੀ ਨਵਕਿਰਨ ਕੌਰ ਖਾਲੜਾ, ਐਡਵੋਕੇਟ ਨਰਿੰਦਰ ਸਿੰਘ ਚਾਹਲ, ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀ ਬੇਟੀ ਪ੍ਰਿਤਪਾਲ ਕੌਰ ਉਦਾਸੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰਿੰਸੀਪਲ ,
ਸਾਬਕਾ ਵਾਈਸ ਚਾਂਸਲਰ ਦਲਜੀਤ ਸਿੰਘ ਉਚੇਚੇ ਤੌਰ ’ਤੇ ਸ਼ਾਮਲ ਹੋਏ। ਇਨ੍ਹਾਂ ਸ਼ਖ਼ਸੀਅਤਾਂ ਨੇ ਸੰਗਤ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।
ਨਵਕਿਰਨ ਕੌਰ ਖਾਲੜਾ ਨੇ ਆਪਣੇ ਸੰਬੋਧਨ ਦੌਰਾਨ ਆਪਣੇ ਸ਼ਹੀਦ ਪਿਤਾ ਜਸਵੰਤ ਸਿੰਘ ਖਾਲੜਾ ਦੇ ਮਿਸ਼ਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਲੜਾਈ ਦਾ ਮੁੱਖ ਮਕਸਦ ਹਜ਼ਾਰਾਂ ਅਣਪਛਾਤੀਆਂ ਲਾਸ਼ਾਂ ਅਤੇ ਕਥਿਤ ਗੈਰ-ਕਾਨੂੰਨੀ ਸਸਕਾਰਾਂ ਦੇ ਮਾਮਲੇ ਵਿੱਚ ਸੱਚ ਨੂੰ ਲੋਕਾਂ ਸਾਹਮਣੇ ਲਿਆਉਣਾ ਅਤੇ ਜਵਾਬਦੇਹੀ ਯਕੀਨੀ ਬਣਾਉਣਾ ਹੈ।
ਸਰਦਾਰਨੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਕੁਝ ਲੋਕ ਖਾਲੜਾ ਸਾਹਿਬ ਦੇ ਮਿਸ਼ਨ ਨੂੰ ਸੀਮਤ ਦਾਇਰੇ ਵਿੱਚ ਰੱਖ ਕੇ ਦੇਖਦੇ ਹਨ, ਜਦਕਿ ਉਨ੍ਹਾਂ ਮੁਤਾਬਕ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਲੜਾਈ ਧਰਮ, ਜਾਤ-ਪਾਤ ਅਤੇ ਸਰਹੱਦਾਂ ਤੋਂ ਉੱਪਰ ਉੱਠ ਕੇ ਸਮੁੱਚੀ ਮਨੁੱਖਤਾ ਅਤੇ ਮਨੁੱਖੀ ਅਧਿਕਾਰਾਂ ਲਈ ਸੀ। ਉਨ੍ਹਾਂ ਕਿਹਾ ਕਿ ਸੰਗਤ ਦਾ ਸਾਥ ਹੀ ਉਨ੍ਹਾਂ ਦੀ ਅਸਲ ਤਾਕਤ ਹੈ। ਉਨ੍ਹਾਂ ਫਰਿਜ਼ਨੋ ਦੀ ਸੰਗਤ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇੱਥੇ ਖਾਲੜਾ ਸਾਹਿਬ ਦੀ ਯਾਦ ਵਿੱਚ ਪਾਰਕ ਅਤੇ ਸਕੂਲ ਦਾ ਬਣਨਾ ਉਨ੍ਹਾਂ ਦੇ ਮਿਸ਼ਨ ਪ੍ਰਤੀ ਭਾਈਚਾਰੇ ਦੇ ਸਤਿਕਾਰ ਦਾ ਪ੍ਰਤੀਕ ਹੈ।
ਪ੍ਰਿਤਪਾਲ ਕੌਰ ਉਦਾਸੀ ਨੇ ਆਪਣੇ ਪਿਤਾ ਸਵ. ਸੰਤ ਰਾਮ ਉਦਾਸੀ ਦੀਆਂ ਇਨਕਲਾਬੀ ਕਵਿਤਾਵਾਂ ਗਾ ਕੇ ਸਮਾਗਮ ਵਿੱਚ ਵੱਖਰਾ ਰੰਗ ਬੰਨ੍ਹਿਆ। ਐਡਵੋਕੇਟ ਨਰਿੰਦਰ ਸਿੰਘ ਚਾਹਲ ਨੇ ਭਾਵੁਕ ਹੁੰਦਿਆਂ ਸ਼ਹੀਦ ਜਸਵੰਤ ਸਿੰਘ ਖਾਲੜਾ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਮਨੁੱਖੀ ਅਧਿਕਾਰਾਂ ਦੇ ਵਿਸ਼ੇ ’ਤੇ ਜੋਸ਼ੀਲੇ ਵਿਚਾਰ ਰੱਖੇ। ਸਾਬਕਾ ਪ੍ਰਿੰਸੀਪਲ ਖਾਲਸਾ ਕਾਲਜ ਅਮ੍ਰਤਸਰ ਸਾਹਿਬ ,ਡਾ.ਦਲਜੀਤ ਸਿੰਘ ਨੇ ਗੁਰਬਾਣੀ ਦੀ ਰੌਸ਼ਨੀ ਵਿੱਚ ਸ਼ਹੀਦ ਖਾਲੜਾ ਦੇ ਮਿਸ਼ਨ ਅਤੇ ਮਨੁੱਖੀ ਹੱਕਾਂ ਦੀ ਮਹੱਤਤਾ ਬਾਰੇ ਸੰਗਤ ਨਾਲ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਸਮਾਜ ਅਤੇ ਭਾਈਚਾਰੇ ਲਈ ਸੇਵਾਵਾਂ ਨਿਭਾਉਣ ਵਾਲੀਆਂ ਹੋਰ ਕਈ ਸ਼ਖ਼ਸੀਅਤਾਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਖਾਲੜਾ ਪਾਰਕ ਪ੍ਰਬੰਧਕ ਕਮੇਟੀ ਦੇ ਮੋਢੀ ਮੈਂਬਰ ਸ. ਹਰਦੇਵ ਸਿੰਘ ਸਿੱਧੂ ਨੇ ਦੂਰੋਂ-ਨੇੜਿਓਂ ਪਹੁੰਚੀ ਸੰਗਤ, ਬੁਲਾਰਿਆਂ, ਕਲਾਕਾਰਾਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਵੱਲੋਂ ਚਾਹ-ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ, ਜਦਕਿ ਨਿਊ ਇੰਡੀਆ ਸਵੀਟ ਐਂਡ ਸਪਾਈਸ ਦੇ ਜਸਵਿੰਦਰ ਸਿੰਘ ਵੱਲੋਂ ਜਲੇਬੀਆਂ ਦਾ ਲੰਗਰ ਲਗਾਇਆ ਗਿਆ।
ਪ੍ਰਬੰਧਕਾਂ ਅਨੁਸਾਰ ਸਮਾਗਮ ਦੀ ਕਾਮਯਾਬੀ ਪਿੱਛੇ ਇੰਡੋ-ਯੂ.ਐਸ. ਹੈਰੀਟੇਜ਼, ਖਾਲੜਾ ਪਾਰਕ ਪ੍ਰਬੰਧਕ ਕਮੇਟੀ ਦੇ ਅਣਥੱਕ ਮੈਂਬਰਾਂ, ਜੈਕਾਰਾ ਮੂਵਮੈਂਟ ਨਾਲ ਜੁੜੇ ਸੱਜਣਾਂ ਅਤੇ ਸਮੂਹ ਵਲੰਟੀਅਰਾਂ ਦਾ ਵੱਡਾ ਯੋਗਦਾਨ ਰਿਹਾ।
ਇੰਡੋ-ਯੂ.ਐਸ. ਹੈਰੀਟੇਜ਼ ਅਤੇ ਖਾਲੜਾ ਪਾਰਕ ਪ੍ਰਬੰਧਕ ਕਮੇਟੀ ਵੱਲੋਂ ਦੱਸਿਆ ਗਿਆ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ ਇਹ ਸਮਾਗਮ ਹਰ ਸਾਲ ਸਤੰਬਰ ਦੇ ਤੀਜੇ ਸ਼ਨੀਵਾਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਰਹੇਗਾ। ਪ੍ਰਬੰਧਕਾਂ ਨੇ ਸੰਗਤ ਦੇ ਸਹਿਯੋਗ ਅਤੇ ਵਲੰਟੀਅਰਾਂ ਦੀ ਅਣਥੱਕ ਮਿਹਨਤ ਲਈ ਵਿਸ਼ੇਸ਼ ਧੰਨਵਾਦ ਕੀਤਾ।
ਮਨੁੱਖੀ ਅਧਿਕਾਰਾਂ ਦੀ ਰਾਖੀ, ਸ਼ਹੀਦਾਂ ਦੀ ਯਾਦ ਅਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰਨ ਦਾ ਸੁਨੇਹਾ ਦਿੰਦਾ ਇਹ ਸਮਾਗਮ ਅਮਿੱਟ ਪੈੜਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ।