ਲਾਈਟਾਂ ਬਦਲੀਆਂ, ਹਾਲਾਤ ਨਹੀਂ: ਜਾਮ ਨੇ ਖੋਲ੍ਹੀ ਲੁਧਿਆਣਾ ਦੀ ਟਰੈਫਿਕ ਵਿਵਸਥਾ ਦੀ ਪੋਲ
-ਚੌਕਾਂ ’ਚ ਜਾਮ, ਲਾਈਟਾਂ ’ਤੇ ਬੇਤਰਤੀਬੀ ਤੇ ਸੜਕਾਂ ’ਤੇ ਹਾਲਾਤ ਬੇਕਾਬੂ- ਕੀ ਲੁਧਿਆਣਾ ਨੂੰ ਮੁੜ ਚਾਹੀਦਾ ਹੈ ‘ਮੌਕੇ ’ਤੇ ਖੜ੍ਹ ਕੇ ਟਰੈਫਿਕ ਸੰਭਾਲਣ ਵਾਲਾ’ ਅਫ਼ਸਰ?
ਸੁਖਮਿੰਦਰ ਭੰਗੂ
ਲੁਧਿਆਣਾ 22 ਸਤੰਬਰ 2026- ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਵੇਖ ਕੇ ਅੱਜਕੱਲ੍ਹ ਇੱਕ ਗੱਲ ਅਕਸਰ ਸੁਣਨ ਨੂੰ ਮਿਲਦੀ ਹੈ—“ਏਸੀਪੀ ਟਰੈਫਿਕ ਗੁਰਦੇਵ ਸਿੰਘ ਵਾਲਾ ਦੌਰ ਕਿੱਥੇ ਗਿਆ?” ਇਹ ਸਵਾਲ ਕਿਸੇ ਇੱਕ ਅਧਿਕਾਰੀ ਦੀ ਤੁਲਨਾ ਕਰਨ ਲਈ ਨਹੀਂ, ਸਗੋਂ ਉਸ ਤਰੀਕੇ ਦੀ ਯਾਦ ਦਿਵਾਉਂਦਾ ਹੈ ਜਦੋਂ ਟਰੈਫਿਕ ਅਧਿਕਾਰੀ ਖੁਦ ਸੜਕਾਂ ’ਤੇ ਨਜ਼ਰ ਆਉਂਦੇ ਸਨ ਅਤੇ ਚੌਕਾਂ ’ਚ ਖੜ੍ਹ ਕੇ ਟਰੈਫਿਕ ਨੂੰ ਚਲਾਉਂਦੇ ਸਨ। ਅੱਜ ਸ਼ਹਿਰ ਦੇ ਕਈ ਰੁਝੇ ਹੋਏ ਚੌਕਾਂ ’ਤੇ ਹਾਲਾਤ ਇਹ ਹਨ ਕਿ ਟਰੈਫਿਕ ਲਾਈਟ ਹਰੀ ਹੋਣ ਦੇ ਬਾਵਜੂਦ ਟਰੈਫਿਕ ਅੱਗੇ ਨਹੀਂ ਵਧਦੀ ਅਤੇ ਲਾਲ ਬੱਤੀ ’ਤੇ ਵੀ ਕਈ ਵਾਹਨ ਆਪਣੀ ‘ਮਰਜ਼ੀ ਦੀ ਲੇਨ’ ਬਣਾ ਲੈਂਦੇ ਹਨ। ਸੜਕਾਂ ’ਤੇ ਲੇਨ ਅਨੁਸ਼ਾਸਨ ਦੀ ਘਾਟ, ਗਲਤ ਪਾਰਕਿੰਗ ਅਤੇ ਨਿਯਮਾਂ ਦੀ ਉਲੰਘਣਾ ਜਾਮ ਦੀ ਸਮੱਸਿਆ ਨੂੰ ਹੋਰ ਗੰਭੀਰ ਕਰਦੀ ਹੈ।
ਪਹਿਲਾਂ ਅਫ਼ਸਰ ਚੌਕ ’ਚ ਦਿਖਦਾ ਸੀ, ਹੁਣ ਜਨਤਾ ਜਾਮ ’ਚ ਦਿਖਦੀ ਹੈ!
ਗੁਰਦੇਵ ਸਿੰਘ ਦੇ ਕਾਰਜਕਾਲ ਨੂੰ ਯਾਦ ਕਰਨ ਵਾਲੇ ਲੋਕ ਕਹਿੰਦੇ ਹਨ ਕਿ ਉਸ ਸਮੇਂ ਟਰੈਫਿਕ ਅਧਿਕਾਰੀ ਦੀ ਮੌਜੂਦਗੀ ਸਿਰਫ਼ ਦਫ਼ਤਰ ਤੱਕ ਸੀਮਤ ਨਹੀਂ ਰਹਿੰਦੀ ਸੀ। ਉਹ ਖੁਦ ਚੌਕਾਂ ਅਤੇ ਲਾਈਟਾਂ ’ਤੇ ਖੜ੍ਹ ਕੇ ਲੋਕਾਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਅਤੇ ਟਰੈਫਿਕ ਨੂੰ ਚਲਾਉਣ ਵਿੱਚ ਹਿੱਸਾ ਲੈਂਦੇ ਸਨ। ਖ਼ਾਸ ਗੱਲ ਇਹ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਵੀ ਗੁਰਦੇਵ ਸਿੰਘ ਨੇ ਟਰੈਫਿਕ ਜਾਗਰੂਕਤਾ ਨਾਲ ਆਪਣਾ ਨਾਤਾ ਨਹੀਂ ਤੋੜਿਆ। ਉਹ ਆਪਣੇ ਸੋਸ਼ਲ ਮੀਡੀਆ ਪੇਜ ਰਾਹੀਂ ਨਿਯਮਿਤ ਤੌਰ ’ਤੇ ਲੋਕਾਂ ਨੂੰ ਟਰੈਫਿਕ ਨਿਯਮਾਂ, ਸੜਕ ਸੁਰੱਖਿਆ ਅਤੇ ਜ਼ਿੰਮੇਵਾਰ ਡਰਾਈਵਿੰਗ ਸਬੰਧੀ ਜਾਗਰੂਕ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਟਰੈਫਿਕ ਜਾਗਰੂਕਤਾ ਪੋਸਟਾਂ ਲੋਕਾਂ ਨੂੰ ਇਹ ਅਹਿਸਾਸ ਕਰਵਾਉਂਦੀਆਂ ਹਨ ਕਿ ਟਰੈਫਿਕ ਸਿਰਫ਼ ਚਲਾਨ ਕੱਟਣ ਦਾ ਨਹੀਂ, ਲੋਕਾਂ ਨੂੰ ਸਹੀ ਢੰਗ ਨਾਲ ਚਲਾਉਣ ਦਾ ਵੀ ਮਾਮਲਾ ਹੈ।
ਸਵਾਲ ਸਿੱਧਾ ਹੈ; ਟਰੈਫਿਕ ਨੂੰ ਸਿਰਫ਼ ਲਾਈਟਾਂ ਦੇ ਹਵਾਲੇ ਕਿਉਂ?
ਲੁਧਿਆਣਾ ਵਰਗੇ ਤੇਜ਼ੀ ਨਾਲ ਫੈਲ ਰਹੇ ਸ਼ਹਿਰ ਵਿੱਚ ਸਿਰਫ਼ ਟਰੈਫਿਕ ਸਿਗਨਲ ਲਗਾ ਦੇਣਾ ਕਾਫ਼ੀ ਨਹੀਂ। ਜਿੱਥੇ ਲੋੜ ਹੋਵੇ, ਉੱਥੇ ਮੌਕੇ ’ਤੇ ਟਰੈਫਿਕ ਪੁਲਿਸ ਦੀ ਮੌਜੂਦਗੀ, ਲੇਨ ਅਨੁਸ਼ਾਸਨ, ਗਲਤ ਪਾਰਕਿੰਗ ’ਤੇ ਕਾਰਵਾਈ ਅਤੇ ਲੋਕਾਂ ਨੂੰ ਲਗਾਤਾਰ ਜਾਗਰੂਕ ਕਰਨ ਦੀ ਲੋੜ ਹੈ,ਨਹੀਂ ਤਾਂ ਹਾਲਾਤ ਇਹੀ ਰਹਿਣਗੇ, ਲਾਈਟਾਂ ਬਦਲਦੀਆਂ ਰਹਿਣਗੀਆਂ, ਪਰ ਟਰੈਫਿਕ ਜਾਮ ਆਪਣੀ ਜਗ੍ਹਾ ਖੜ੍ਹਾ ਰਹੇਗਾ! ਲੁਧਿਆਣਾ ਦੇ ਲੋਕਾਂ ਨੂੰ ਸਵਾਲ ਦਾ ਜਵਾਬ ਚਾਹੀਦਾ ਹੈ! ਕੀ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਮੁੜ ਉਹੀ ਮੌਕੇ ’ਤੇ ਮੌਜੂਦਗੀ, ਨਿਗਰਾਨੀ ਅਤੇ ਜਵਾਬਦੇਹੀ ਨਹੀਂ ਚਾਹੀਦੀ, ਜਿਸ ਦੀ ਮਿਸਾਲ ਗੁਰਦੇਵ ਸਿੰਘ ਦੇ ਕਾਰਜਕਾਲ ਦੌਰਾਨ ਦਿੱਤੀ ਜਾਂਦੀ ਹੈ?
- Download Babushahi App
-
-