ਏਜੰਟਾਂ ਨੇ ਕੀਤਾ ਸੀ ਡੌਕਰਾਂ ਹਵਾਲੇ...! ਮੌਤ ਦੇ ਮੂੰਹ 'ਚ ਫਸਿਆ 'ਬਲਵਿੰਦਰ' ਸੰਤ ਸੀਚੇਵਾਲ ਦੇ ਯਤਨਾ ਸਦਕਾ ਵਤਨ ਪਰਤਿਆ
5 ਮਹੀਨੇ ਘਾਹ, ਬੂਟੀ, ਲੱਕੜਾਂ ਤੇ ਬਰਸਾਤਾਂ ਦਾ ਪਾਣੀ ਪੀ ਕੇ ਕੀਤਾ ਗੁਜ਼ਾਰਾ : ਬਲਵਿੰਦਰ
ਭਾਰਤ ਤੋਂ ਅਮਰੀਕਾ ਲਈ ਰਵਾਨਾ ਹੋਏ ਬਲਵਿੰਦਰ ਨੂੰ ਏਜੰਟਾਂ ਨੇ ਵੱਖ ਵੱਖ ਦੇਸ਼ਾਂ ਤੋਂ ਲਿਜਾਂਦੇ ਹੋਏ ਕੋਲੰਬੀਆਂ ਵਿੱਚ ਕੀਤਾ ਡੌਕਰਾਂ ਹਵਾਲੇ
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਮੁਲਕਾਤ ਕੀਤੀ ਮੁਲਾਕਾਤ; ਸੁਣਾਈ ਹੱਡਬੀਤੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 17 ਜੁਲਾਈ 2025- ਕੋਲੰਬੀਆਂ ਵਿੱਚੋਂ ਜਾਨ ਬਚਾਅ ਕੇ ਆਏ ਨੌਜਵਾਨ ਨੇ ਰੌਂਗੰਟੇ ਖੜੇ ਕਰਨ ਵਾਲੀਆਂ ਘਟਨਾਵਾਂ ਦੱਸੀਆਂ। ਇਸ ਨੌਜਵਾਨ ਨੂੰ ਡੌਖਰਾਂ ਨੇ ਕੋਲੰਬੀਆਂ ਵਿੱਚ ਬੰਧਕ ਬਣਾ ਲਿਆ ਸੀ ਤੇ ਡੌਕਰਾਂ ਨੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਹੋਈ ਸੀ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਹਾਜ਼ਰੀ ਵਿੱਚ ਆਪਣੀ ਹੱਡਬੀਤੀ ਸੁਣਾਈ। ਕੋਲੰਬੀਆ ਵਿੱਚ ਭਾਰਤੀ ਦੂਤਾਵਾਸ ਨੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੀਆਂ ਸਿਫਾਰਸ਼ਾਂ ‘ਤੇ ਕਾਰਵਾਈ ਕਰਦਿਆ ਬਲਵਿੰਦਰ ਸਿੰਘ ਨੂੰ ਵਾਪਸ ਭੇਜਣ ਵਿੱਚ ਵਾਈਟ ਪਾਸਪੋਰਟ ਦਾ ਇੰਤਜਾਮ ਕਰਕੇ ਦਿੱਤਾ। ਕਪੂਰਥਲਾ ਜਿਲ੍ਹੇ ਦੇ ਪਿੰਡ ਬਾਜ਼ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਨਾਂਅ ਦੇ ਨੌਜਵਾਨ ਨੇ ਕਿਹਾ ਕਿ ਉਹ ਜੁਲਾਈ 2024 ਨੂੰ ਬੇਹਤਰ ਭਵਿੱਖ ਦੀ ਆਸ ਘਰੋਂ ਅਮਰੀਕਾ ਲਈ ਰਵਾਨਾ ਹੋਇਆ ਸੀ।
ਘਰੋਂ ਤਾਂ ਅਮਰੀਕਾ ਲਈ ਰਵਾਨਾ ਹੋਏ ਇਸ ਨੌਜਵਾਨ ਨੂੰ ਏਜੰਟਾਂ ਨੇ ਵੱਖ ਵੱਖ ਦੇਸ਼ ਵਿੱਚੋਂ ਦੀ ਲਿਜਾਂਦੇ ਹੋਏ, ਕੋਲੰਬੀਆ ਵਿੱਚ ਡੌਕਰਾਂ ਹਵਾਲੇ ਕਰ ਦਿੱਤਾ ਸੀ। ਜਿੱਥੇ ਏਜੰਟਾਂ ਨੇ ਇਸਦੇ ਨਾਲ ਦੇ ਹੋਰ 4 ਸਾਥੀਆਂ ਦਾ ਫੋਨ ਅਤੇ ਪਾਸਪੋਰਟ ਖੋਹ ਲਏ ਤੇ 5 ਮਹੀਨਿਆਂ ਤੱਕ ਕਮਰਿਆਂ ਵਿੱਚ ਬੰਦ ਕਰਕੇ ਰੱਖਿਆ। ਬਲਵਿੰਦਰ ਨੇ ਦੱਸਿਆ ਕਿ ਡੌਕਰਾਂ ਨੇ ਕਈ ਮੁੰਡਿਆਂ ‘ਤੇ ਅਣਮਨੁੱਖੀ ਤਸੀਹੇ ਦਿੱਤੇ ਗਏ। ਲੋਹੇ ਦੀਆਂ ਰਾਡਾਂ ਗਰਮ ਕਰਕੇ ਲਗਾਈਆਂ ਗਈਆਂ, ਪਲਾਸਟਿਕ ਦੀਆਂ ਬੋਤਲਾਂ ਪਿਘਲਾ ਕਿ ਸਰੀਰ ਤੇ ਪਾਈਆਂ ਗਈਆਂ ਅਤੇ ਸਰੀਰ ‘ਤੇ ਬਲੈਡ ਮਾਰ-ਮਾਰ ਕੇ ਬੁਰੀ ਤਰ੍ਹਾਂ ਨਾਲ ਛਲਿਆ ਗਿਆ। ਇੰਨ੍ਹਾਂ ਤਸੀਹਿਆਂ ਦੀਆਂ ਵੀਡੀਓਜ਼ ਬਣਾ ਕਿ ਪਰਿਵਾਰਾਂ ਨੂੰ ਭੇਜੀਆਂ ਗਈਆਂ।
ਬਲਵਿੰਦਰ ਸਿੰਘ ਨੇ ਦੱਸਿਆ ਡੌਕਰ ਨੇ ਉਨ੍ਹਾਂ ਨੂੰ ਪੰਜ ਮਹੀਨਿਆਂ ਤੱਕ ਬੰਧਕ ਬਣਾ ਕੇ ਰੱਖਿਆ ਸੀ।ਇੱਕ ਰਾਤ ਉਹ ਡੌਕਰਾਂ ਦੀ ਚੁੰਗਲ ਵਿੱਚੋਂ ਆਪਣੀ ਜਾਨ ਬਚਾਉਣ ਵਿੱਚ ਸਫਲ ਰਿਹਾ । ਨੌਜਵਾਨ ਦੇ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਫਤਰ ਸੰਪਰਕ ਕੀਤਾ।ਉਸ ਵੇਲੇ ਸੰਤ ਸੀਚੇਵਾਲ ਕਨੇਡਾ ਗਏ ਹੋਏ ਸਨ। ਉਨ੍ਹਾਂ ਨੇ ਉਥੋਂ ਹੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰਕੇ ਕੋਲੰਬੀਆਂ ਵਿੱਚ ਫਸੇ ਨੌਜਵਾਨ ਦੀ ਮੱਦਦ ਕਰਨ ਅਪੀਲ ਕੀਤੀ ।ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ, ਜਿਹਨਾਂ ਦੇ ਸਹਿਯੋਗ ਨਾਲ ਇਹ ਲੜਕਾ 13 ਦਿਨਾਂ ਵਿੱਚ ਸਹੀ ਸਲਾਮਤ ਵਾਪਿਸ ਪਰਿਵਾਰ ਵਿੱਚ ਪਰਤ ਆਇਆ ਹੈ। ਸੰਤ ਸੀਚੇਵਾਲ ਨੇ ਪੰਜਾਬ ਨੌਜਵਾਨ ਅਪੀਲ ਕਰਦਿਆ ਕਿਹਾ ਕਿ ਪੈਸੇ ਖਰਚ ਕਿ ਵੀ ਆਪਣੀਆਂ ਜਾਨਾਂ ਨੂੰ ਇਸ ਤਰ੍ਹਾਂ ਨਾਲ ਜ਼ੋਖਮ ਵਿੱਚ ਪਾਉਣ ਦੀ ਬਜਾਏ ਉਹਨਾਂ ਪੈਸਿਆਂ ਨਾਲ ਉੱਥੇ ਕੋਈ ਰੁਜ਼ਗਾਰ ਕਰਨ ਜਾਂ ਫ਼ਿਰ ਸਹੀ ਤਰੀਕਿਆਂ ਨਾਲ ਹੀ ਵਿਦੇਸ਼ ਜਾਣ। ਉਨ੍ਹਾਂ ਪੁਲੀਸ ਨੂੰ ਅਪੀਲ ਕੀਤੀ ਕਿ ਟ੍ਰੈਵਲ ਏਜੰਟਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।