ਇੰਡੀਅਨ ਸਕੂਲ ਆਫ ਬਿਜ਼ਨਸ (ਆਈ. ਐੱਸ. ਬੀ) ਲੀਡਰਸ਼ਿਪ ਸਮਿਟ 2026
ਭਾਰਤ ਦੀ ਅਗਲੀ ਵੱਡੀ ਛਾਲ ਲਈ ਯਤਨ ਨੌਜਵਾਨ ਭਾਰਤੀਆਂ ਵੱਲੋਂ ਹੋਣਾ ਚਾਹੀਦਾ ਹੈ: ਤਿਵਾੜੀ
ਤਿਵਾੜੀ ਨੇ ਉੱਭਰਦੀਆਂ ਤਕਨੀਕਾਂ ਲਈ ਸਿਆਸੀ ਸਹਿਮਤੀ ਅਤੇ ਵਧੇਰੇ ਨਿਵੇਸ਼ ਦੀ ਲੋੜ ਉੱਪਰ ਜੋਰ ਦਿੱਤਾ
ਮੋਹਾਲੀ, 20 ਸਤੰਬਰ: ਸਾਬਕਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੋਹਾਲੀ ਸਥਿਤ ਇੰਡੀਅਨ ਸਕੂਲ ਆਫ ਬਿਜ਼ਨਸ (ਆਈ. ਐੱਸ. ਬੀ) ਕੈਂਪਸ ਵਿਖੇ ਕਰਵਾਏ ਗਏ ਆਈ . ਐੱਸ. ਬੀ ਲੀਡਰਸ਼ਿਪ ਸਮਿਟ 2026 ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ, ਤੇਜ਼ੀ ਨਾਲ ਬਦਲ ਰਹੀ ਵਿਸ਼ਵ ਵਿਵਸਥਾ, ਬਦਲਦੇ ਭੂ-ਰਾਜਨੀਤਿਕ ਸਮੀਕਰਨਾਂ ਅਤੇ ਦੁਨੀਆ ਸਾਹਮਣੇ ਮੌਜੂਦ ਰਣਨੀਤਕ ਅਨਿਸ਼ਚਿਤਤਾਵਾਂ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ, ਤਿਵਾੜੀ ਨੇ ਰਾਜ-ਪ੍ਰਬੰਧਨ, ਵਿਸ਼ਵ ਸ਼ਕਤੀ ਅਤੇ ਵਧੇਰੇ ਗੁੰਝਲਦਾਰ ਤੇ ਬਦਲਦੇ ਅੰਤਰਰਾਸ਼ਟਰੀ ਮਾਹੌਲ ਵਿੱਚ ਭਾਰਤ ਦੀ ਸਥਿਤੀ ਨਾਲ ਜੁੜੇ ਵੱਡੇ ਸਵਾਲਾਂ ’ਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੇ ਇਨ੍ਹਾਂ ਤਬਦੀਲੀਆਂ ਨਾਲ ਪੈਦਾ ਹੋਣ ਵਾਲੀਆਂ ਚੁਣੌਤੀਆਂ ਅਤੇ ਮੌਕਿਆਂ ਦੇ ਨਾਲ-ਨਾਲ ਭਾਰਤ ਦੀ ਰਣਨੀਤਕ ਦਿਸ਼ਾ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵੀ ਚਰਚਾ ਕੀਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਤਿਵਾੜੀ ਨੇ ਕਿਹਾ ਕਿ 2019 ਤੋਂ 2026 ਦੇ ਦਰਮਿਆਨ ਦੁਨੀਆ ਵਿੱਚ ਬੇਹੱਦ ਵੱਡੀ ਤਬਦੀਲੀ ਆਈ ਹੈ। ਇਹੀ ਕਾਰਨ ਹੈ ਕਿ ਮੈਨੂੰ ਆਪਣੀ ਨਵੀਂ ਕਿਤਾਬ ਲਿਖਣ ਲਈ ਪ੍ਰੇਰਣਾ ਮਿਲੀ, ਜਿਸਦਾ ਨਾਮ ‘The World Adrift’ ਹੈ। ਬਿਜ਼ਨਸ ਦੇ ਵਿਦਿਆਰਥੀ ਹੋਣ ਦੇ ਨਾਤੇ ਤੁਸੀਂ ਆਪਣੇ ਆਪ ਨੂੰ ਉਸ ਵੱਡੇ ਭੂ-ਰਾਜਨੀਤਿਕ ਢਾਂਚੇ ਤੋਂ ਵੱਖ ਨਹੀਂ ਕਰ ਸਕਦੇ, ਜੋ ਨਾ ਸਿਰਫ਼ ਸਾਡੀ ਰੋਜ਼ਾਨਾ ਦੀ ਕੰਮਕਾਜੀ ਜ਼ਿੰਦਗੀ, ਸਗੋਂ ਇਸ ਤੋਂ ਵੀ ਵੱਧ ਸਾਡੀ ਸਭਿਅਤਾ ਵਜੋਂ ਹੋਂਦ ਨੂੰ ਪ੍ਰਭਾਵਿਤ ਕਰਦਾ ਹੈ। ਲੇਕਿਨ ਬਦਕਿਸਮਤੀ ਨਾਲ ਚੌਥੀ ਉਦਯੋਗਿਕ ਕ੍ਰਾਂਤੀ ਦੀਆਂ ਤਕਨੀਕਾਂ ਦੇ ਖੇਤਰ ਵਿੱਚ ਅਸੀਂ ਅਜੇ ਤੱਕ ਆਪਣੀ ਪਕੜ ਨਹੀਂ ਬਣਾ ਸਕੇ। ਇਸਦਾ ਕਾਰਨ ਇਹ ਨਹੀਂ ਕਿ ਸਾਡੇ ਕੋਲ ਪ੍ਰਤਿਭਾ ਨਹੀਂ ਹੈ, ਜਾਂ ਸਾਡੇ ਕੋਲ ਸਮਰੱਥਾ ਵਿਕਸਤ ਕਰਨ ਦੀ ਯੋਗਤਾ ਨਹੀਂ ਹੈ, ਸਗੋਂ ਕਾਰਨ ਇਹ ਹੈ ਕਿ ਅਸੀਂ ਇਸ ਖੇਤਰ ਦੇ ਪਿੱਛੇ ਲੋੜੀਂਦੀ ਪੂੰਜੀ ਨਹੀਂ ਲਗਾ ਰਹੇ ਹਾਂ।
ਤਿਵਾੜੀ ਨੇ ਕਿਹਾ ਕਿ ਅਮਰੀਕਾ ਵਿੱਚ ਇਸ ਸਮੇਂ ਹੋ ਰਿਹਾ ਏ.ਆਈ ਬੁਨਿਆਦੀ ਢਾਂਚੇ ਦਾ ਵਿਸਥਾਰ ਸ਼ਾਇਦ ਅਮਰੀਕਾ ਦੇ ‘ਗਿਲਡਡ ਏਜ’ ਦੌਰ ਵਿੱਚ ਰੇਲਵੇ ਦੇ ਨਿਰਮਾਣ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਚੀਨ ਵਿੱਚ ਵੀ ਸੈਮੀਕੰਡਕਟਰ, ਡਾਟਾ ਸੈਂਟਰ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਕੰਮ ਹੋ ਰਿਹਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਭਾਰਤ ਨੂੰ ਉਹ ਉਭਰਦੀ ਵੱਡੀ ਤਾਕਤ ਬਣਨਾ ਹੈ, ਜਿਸਦੀ ਅਸੀਂ ਸਾਰੇ ਆਪਣੇ ਦੇਸ਼ ਲਈ ਕਾਮਨਾ ਕਰਦੇ ਹਾਂ, ਤਾਂ ਭਾਰਤ ਨੂੰ ਆਪਣੀ ਸਮਰੱਥਾ ਅਨੁਸਾਰ ਪੂਰਾ ਜ਼ੋਰ ਲਗਾਉਣਾ ਹੋਵੇਗਾ।
ਤਿਵਾੜੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀਆਂ ਗੱਲਾਂ ਨੂੰ ਅਮਲ ਵਿੱਚ ਲਿਆਈਏ ਅਤੇ ਇਸ ਲਈ ਬਹੁ-ਦਲੀ ਸਹਿਮਤੀ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਿਨਾਂ, ਇਨ੍ਹਾਂ ਧ੍ਰੁਵੀਕ੍ਰਿਤ ਸਮਿਆਂ ਵਿੱਚ ਭਾਰਤ ਨੂੰ ਵਿਕਾਸ ਦੇ ਅਗਲੇ ਪੱਧਰ ’ਤੇ ਲੈ ਜਾਣ ਦਾ ਵੱਡਾ ਪ੍ਰੋਜੈਕਟ ਨਾ ਸਿਰਫ਼ ਇੱਕ ਚੁਣੌਤੀ ਬਣਿਆ ਰਹੇਗਾ, ਸਗੋਂ ਇੱਕ ਮਿਰਾਜ਼ ਵੀ ਬਣ ਸਕਦਾ ਹੈ। ਭਾਰਤ ਨੂੰ 1991 ਵਰਗੀ ਇੱਕ ਲਹਿਰ ਦੀ ਲੋੜ ਹੈ, ਜਦੋਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਵਿੱਤ ਮੰਤਰੀ ਡਾ. ਮਨਮੋਹਨ ਸਿੰਘ, ਜੋ ਬਾਅਦ ਵਿੱਚ ਪ੍ਰਧਾਨ ਮੰਤਰੀ ਬਣੇ, ਨੇ ਦੇਸ਼ ਦੀ ਆਰਥਿਕ ਦਿਸ਼ਾ ਨੂੰ ਲੈ ਕੇ ਬਹੁ-ਦਲੀ ਸਹਿਮਤੀ ਬਣਾਈ ਸੀ।
ਇਸ ਦੌਰਾਨ ਆਪਣਾ ਸੰਬੋਧਨ ਜਾਰੀ ਰੱਖਦਿਆਂ, ਤਿਵਾੜੀ ਨੇ ਕਿਹਾ ਕਿ ਇਹ ਸਹਿਮਤੀ 1991 ਤੋਂ 2026 ਤੱਕ ਵੱਖ-ਵੱਖ ਸਰਕਾਰਾਂ ਦੌਰਾਨ ਕਾਇਮ ਰਹੀ। ਇਸੇ ਨੇ ਭਾਰਤ ਦੀ ਅਰਥ ਵਿਵਸਥਾ ਦੀ ਰਚਨਾਤਮਕ ਊਰਜਾ ਨੂੰ ਖੋਲ੍ਹਣ ਵਿੱਚ ਮਦਦ ਕੀਤੀ ਅਤੇ ਇਸਨੂੰ ਵਿਕਾਸ ਕਰਨ ਦਾ ਮੌਕਾ ਦਿੱਤਾ। ਇਸਦੇ ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਆਰਥਿਕ ਤੌਰ ’ਤੇ ਬਿਹਤਰ ਜੀਵਨ ਵੱਲ ਲਿਜਾਣ ਦਾ ਲਾਭ ਮਿਲਿਆ। ਮੈਂ ਤੁਹਾਡੇ ਵਿਚਾਰ ਲਈ ਇਹ ਗੱਲ ਇਸ ਲਈ ਰੱਖ ਰਿਹਾ ਹਾਂ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਵਿੱਚੋਂ ਬਹੁਤ ਸਾਰੇ ਜਾਂ ਸ਼ਾਇਦ ਪਹਿਲਾਂ ਹੀ ਕੁਝ ਲੋਕ ਨੀਤੀ-ਨਿਰਮਾਣ ਦੀਆਂ ਭੂਮਿਕਾਵਾਂ ਵਿੱਚ ਹੋਣਗੇ।
ਤਿਵਾੜੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਇਸ ਗੱਲ ਨੂੰ ਹਮੇਸ਼ਾ ਧਿਆਨ ਵਿੱਚ ਰੱਖਣ ਕਿ ਭਾਰਤ ਨੂੰ ਆਰਥਿਕ ਵਿਕਾਸ ਦੇ ਅਗਲੇ ਪੱਧਰ ’ਤੇ ਲਿਜਾਣ ਲਈ ਕੁਝ ਸਹਿਮਤ ਸਿਧਾਂਤਾਂ ’ਤੇ ਬਹੁ-ਦਲੀ ਸਹਿਮਤੀ ਬਣਾਉਣ ਵਿੱਚ ਉਹ ਆਪਣੇ ਤਰੀਕੇ ਨਾਲ ਯੋਗਦਾਨ ਪਾ ਸਕਦੇ ਹਨ ਅਤੇ ਇਸ ਲਈ ਯਤਨ ਉੱਪਰੋਂ ਨਹੀਂ ਆਉਣਾ ਹੈ। ਉਨ੍ਹਾਂ ਨੇ ਕਿਹਾ ਕਿ ਤੁਸੀਂ ਅਜਿਹੀ ਦੁਨੀਆ ਦੀ ਵਿਰਾਸਤ ਵਿੱਚ ਪ੍ਰਾਪਤ ਕਰ ਰਹੇ ਹੋ, ਜੋ ਉਸ ਦੁਨੀਆ ਨਾਲੋਂ ਕਿਤੇ ਜ਼ਿਆਦਾ ਚੁਣੌਤੀਪੂਰਨ ਹੈ, ਜਿਸ ਦਾ ਮੈਂ 45 ਸਾਲ ਪਹਿਲਾਂ ਲਾਅ ਸਕੂਲ ਪੂਰਾ ਕਰਨ ਵੇਲੇ ਸਾਹਮਣਾ ਕੀਤਾ ਸੀ। ਤੁਸੀਂ ਉਹ ਲੋਕ ਹੋ ਜੋ ਇਸ ਗੁੰਝਲਦਾਰ ਅਤੇ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਆਪਣੀ ਥਾਂ ਬਣਾਉਣ ਲਈ ਅੱਗੇ ਵਧੋਗੇ। ਇਸ ਲਈ ਇਹ ਗੱਲ ਧਿਆਨ ਵਿੱਚ ਰੱਖੋ ਕਿ ਭਾਰਤ ਦਾ ਅੱਗੇ ਵਧਣ ਦਾ ਰਸਤਾ ਇਹ ਹੈ ਕਿ ਇਸ ਲਈ ਯਤਨ ਨੌਜਵਾਨ ਭਾਰਤੀਆਂ ਅਤੇ ਕਾਰਪੋਰੇਟ ਭਾਰਤ ਦੇ ਲੋਕਾਂ ਵੱਲੋਂ ਹੋਣਾ ਚਾਹੀਦਾ ਹੈ। ਸਾਨੂੰ ਇੱਕ ਦੇਸ਼ ਵਜੋਂ ਆਪਣੀਆਂ ਸਮੱਸਿਆਵਾਂ ਨੂੰ ਸੁਲਝਾਉਣਾ ਹੋਵੇਗਾ ਅਤੇ ਇਹ ਦੇਖਣਾ ਹੋਵੇਗਾ ਕਿ ਜਿਹੜੇ ਲੋਕ ਸਾਡੇ ’ਤੇ ਭਰੋਸਾ ਅਤੇ ਵਿਸ਼ਵਾਸ ਕਰਦੇ ਹਨ, ਅਸੀਂ ਉਨ੍ਹਾਂ ਲਈ ਹੋਰ ਬਿਹਤਰ ਕਿਵੇਂ ਕਰ ਸਕਦੇ ਹਾਂ।
ਸਮਿਟ ਦੌਰਾਨ ਤਿਵਾੜੀ ਨੇ ਆਪਣੀ ਕਿਤਾਬ ‘A World Adrift: A Parliamentarian’s Perspective on Global Power Dynamics’ ਬਾਰੇ ਵੀ ਦਿਲਚਸਪ ਗੱਲਬਾਤ ਵਿੱਚ ਹਿੱਸਾ ਲਿਆ। ਇਸ ਮੌਕੇ ਤਿਵਾੜੀ ਨੇ ਕਿਹਾ ਕਿ ਆਈ.ਐੱਸ.ਬੀ ਦੀ ਬੌਧਿਕ ਤੌਰ ’ਤੇ ਸਰਗਰਮ ਕਮਿਊਨਿਟੀ ਨਾਲ ਵਿਚਾਰ ਸਾਂਝੇ ਕਰਨਾ ਅਤੇ ਲੀਡਰਸ਼ਿਪ, ਜਨਤਕ ਨੀਤੀ ਅਤੇ ਆਧੁਨਿਕ ਦੁਨੀਆ ਨੂੰ ਆਕਾਰ ਦੇਣ ਵਾਲੀਆਂ ਤਾਕਤਾਂ ਵਿੱਚ ਡੂੰਘੀ ਦਿਲਚਸਪੀ ਰੱਖਣ ਵਾਲੇ ਦਰਸ਼ਕਾਂ ਨਾਲ ਵਿਚਾਰਾਂ ਦਾ ਅਦਾਨ-ਪ੍ਰਦਾਨ ਕਰਨਾ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਤਿਵਾੜੀ ਨੇ ਕਿਹਾ ਕਿ ਆਈ.ਐੱਸ.ਬੀ ਇੱਕ ਸ਼ਾਨਦਾਰ ਸੰਸਥਾ ਹੈ ਅਤੇ ਇਹ ਬਹੁਤ ਹੀ ਸ਼ਾਨਦਾਰ ਤੇ ਬੇਮਿਸਾਲ ਢੰਗ ਨਾਲ ਕੰਮ ਕਰ ਰਹੀ ਹੈ। ਇਹ ਮੇਰੀ ਜ਼ਿੰਦਗੀ ਦਾ ਇੱਕ ਅਟੁੱਟ ਹਿੱਸਾ ਹੈ, ਕਿਉਂਕਿ ਇਹ ਸ਼੍ਰੀ ਆਨੰਦਪੁਰ ਸਾਹਿਬ ਸੰਸਦੀ ਹਲਕੇ ਵਿੱਚ ਆਉਂਦਾ ਹੈ, ਜਿਸਦੀ ਮੈਂ 2019 ਤੋਂ 2024 ਤੱਕ ਨੁਮਾਇੰਦਗੀ ਕੀਤੀ ਸੀ।
- Download Babushahi App
-
-