UK 'ਚ ਵੱਡੀ ਵਾਰਦਾਤ: ਸਿੱਖ ਡਰਾਈਵਰ 'ਤੇ ਹਮਲਾ ਕਰਕੇ ਬੱਸ ਖੋਹੀ, ਕਈ ਵਾਹਨਾਂ ਨੂੰ ਮਾਰੀ ਟੱਕਰ; ਵੀਡੀਓ ਵਾਇਰਲ
Babushahi Network
ਟੈਲਫੋਰਡ (ਇੰਗਲੈਂਡ), 20 ਸਤੰਬਰ 2026- ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਟੈਲਫੋਰਡ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਬਹਤ ਹੀ ਚਿੰਤਾਜਨਕ ਅਤੇ ਹਿੰਸਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਬ੍ਰਿਟਿਸ਼ ਸਿੱਖ ਬੱਸ ਡਰਾਈਵਰ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਉਸ ਤੋਂ ਬਾਅਦ ਹਮਲਾਵਰ ਉਸ ਦੀ ਬੱਸ ਖੋਹ ਕੇ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਲਾਂਕਿ, ਸਥਾਨਕ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 20 ਸਾਲ ਤੋਂ ਵੱਧ ਉਮਰ ਦੇ ਇੱਕ ਯੁਵਕ ਨੂੰ ਲੁੱਟ-ਖੋਹ ਅਤੇ ਖਤਰਨਾਕ ਡਰਾਈਵਿੰਗ ਦੇ ਸ਼ੱਕ ਹੇਠ ਗ੍ਰਿਫ਼ਤਾਰ ਕਰ ਲਿਆ ਹੈ।
ਵੈਸਟ ਮਰਸੀਆ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਵਾਰਦਾਤ ਸ਼ਰੋਪਸ਼ਾਇਰ ਦੇ ਮੇਡਲੇ ਸਥਿਤ ਕੋਰਟ ਸਟ੍ਰੀਟ (Court Street in Madeley) ਵਿਖੇ ਵਾਪਰੀ। ਇੱਕ ਅਣਪਛਾਤੇ ਵਿਅਕਤੀ ਅਤੇ ਸਿੱਖ ਬੱਸ ਡਰਾਈਵਰ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ, ਜਿਸ ਤੋਂ ਬਾਅਦ ਹਮਲਾਵਰ ਨੇ ਡਰਾਈਵਰ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜ਼ਬਰਦਸਤੀ ਬੱਸ ਤੋਂ ਬਾਹਰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ। ਇਸ ਪੂਰੀ ਘਟਨਾ ਦੀ ਇੱਕ ਵੀਡੀਓ ਵੀ ਰਿਕਾਰਡ ਕੀਤੀ ਗਈ ਸੀ, ਜੋ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।
ਡਰਾਈਵਰ ਨੂੰ ਬੱਸ ਤੋਂ ਬਾਹਰ ਕੱਢਣ ਤੋਂ ਬਾਅਦ ਹਮਲਾਵਰ ਬੱਸ ਲੈ ਕੇ ਫਰਾਰ ਹੋ ਗਿਆ। ਪੁਲਿਸ ਨੇ ਦੱਸਿਆ ਕਿ ਦੋਸ਼ੀ ਬੱਸ ਨੂੰ ਗਲਤ ਦਿਸ਼ਾ (wrong side) ਵਿੱਚ ਬਹੁਤ ਹੀ ਖਤਰਨਾਕ ਤਰੀਕੇ ਨਾਲ ਚਲਾਉਂਦਾ ਹੋਇਆ ਪਾਰਕ ਵੇਅ ਤੋਂ ਹਾਈ ਸਟ੍ਰੀਟ ਵੱਲ ਲੈ ਗਿਆ। ਇਸ ਦੌਰਾਨ ਬੱਸ ਨੇ ਸੜਕ 'ਤੇ ਜਾ ਰਹੇ ਅਤੇ ਖੜ੍ਹੇ ਕਈ ਵਾਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਕਈ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ।
ਮੌਕੇ 'ਤੇ ਪਹੁੰਚੀ ਪੁਲਿਸ ਨੇ ਬੜੀ ਮੁਸ਼ਕਲ ਨਾਲ ਬੱਸ ਨੂੰ ਰੋਕਿਆ ਅਤੇ ਦੋਸ਼ੀ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ 20-30 ਸਾਲ ਦੀ ਉਮਰ ਦਾ ਹੈ ਅਤੇ ਉਸ ਖਿਲਾਫ਼ ਲੁੱਟ-ਖੋਹ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹ ਫਿਲਹਾਲ ਪੁਲਿਸ ਹਿਰਾਸਤ ਵਿੱਚ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਡਿਟੈਕਟਿਵ ਸਰਜੈਂਟ ਤਾਈਗ ਲੈਨੀ (Taigh Lannie) ਨੇ ਕਿਹਾ, "ਅਸੀਂ ਸਮਝ ਸਕਦੇ ਹਾਂ ਕਿ ਸ਼ਾਮ ਦੇ ਸਮੇਂ ਵਾਪਰੀ ਇਸ ਘਟਨਾ ਨਾਲ ਸਥਾਨਕ ਲੋਕਾਂ ਵਿੱਚ ਕਾਫ਼ੀ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੋਵੇਗਾ। ਪਰ ਅਸੀਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਪੁਲਿਸ ਟੀਮ ਨੇ ਬਹੁਤ ਮੁਸਤੈਦੀ ਨਾਲ ਕਾਰਵਾਈ ਕੀਤੀ ਅਤੇ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ।"
ਉਹਨਾਂ ਅੱਗੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਇਸ ਘਟਨਾ ਨੂੰ ਅੱਖੀਂ ਵੇਖਿਆ ਹੈ ਜਾਂ ਕਿਸੇ ਕੋਲ ਇਸ ਨਾਲ ਸਬੰਧਤ ਕੋਈ ਵੀਡੀਓ/ਸਬੂਤ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰੇ। ਖਾਸ ਕਰਕੇ ਕੋਰਟ ਸਟ੍ਰੀਟ, ਪਾਰਕ ਵੇਅ ਜਾਂ ਹਾਈ ਸਟ੍ਰੀਟ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਸੀਸੀਟੀਵੀ (CCTV), ਡੈਸ਼ਕੈਮ, ਮੋਬਾਈਲ ਫੋਨ ਜਾਂ ਡੋਰਬੈੱਲ ਦੇ ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕਰਨ ਅਤੇ ਕੋਈ ਵੀ ਸ਼ੱਕੀ ਫੁਟੇਜ ਮਿਲਣ 'ਤੇ ਪੁਲਿਸ ਨੂੰ ਸੌਂਪਣ।
ਇਸ ਘਟਨਾ ਵਿੱਚ ਜ਼ਖਮੀ ਹੋਏ ਸਿੱਖ ਬੱਸ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਤੋਂ ਤੁਰੰਤ ਬਾਅਦ ਪੈਰਾਮੈਡਿਕਸ (ਐਂਬੂਲੈਂਸ ਟੀਮ) ਨੇ ਮੌਕੇ 'ਤੇ ਪਹੁੰਚ ਕੇ ਡਰਾਈਵਰ ਦਾ ਇਲਾਜ ਕੀਤਾ। ਪੁਲਿਸ ਅਨੁਸਾਰ ਇਸ ਘਟਨਾ ਵਿੱਚ ਕਿਸੇ ਹੋਰ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਖ਼ਬਰ ਨਹੀਂ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।
- Download Babushahi App
-
-