ਨਸ਼ਾ ਪੀੜਤ ਪਰਿਵਾਰਾਂ ਦਾ ਦੁੱਖ ਸੁਣ ਭਾਵੁਕ ਹੋਏ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 19 ਸਤੰਬਰ 2026: ਪੰਜਾਬ ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਦੀ ਸ਼ੁਰੂਆਤ ਕਰਵਾਉਣ ਲਈ ਪਠਾਨਕੋਟ ਪਹੁੰਚੇ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਉਸ ਵੇਲੇ ਬੇਹੱਦ ਭਾਵੁਕ ਹੋ ਗਏ, ਜਦੋਂ ਨਸ਼ੇ ਕਾਰਨ ਆਪਣੇ ਪੁੱਤਰ ਨੂੰ ਗੁਆ ਚੁੱਕੀ ਇੱਕ ਮਾਂ ਉਨ੍ਹਾਂ ਸਾਹਮਣੇ ਆਪਣੀ ਦਰਦਭਰੀ ਵਿਥਿਆ ਸੁਣਾਉਂਦੇ ਹੋਏ ਰੋ ਪਈ। ਇਹ ਦ੍ਰਿਸ਼ ਇੰਨਾ ਭਾਵੁਕ ਸੀ ਕਿ ਨਿਤਿਨ ਨਬੀਨ ਦੀਆਂ ਵੀ ਅੱਖਾਂ ਭਰ ਆਈਆਂ।
ਨਿਤਿਨ ਨਬੀਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇੱਕ ਵੀਡੀਓ ਅਤੇ ਭਾਵੁਕ ਪੋਸਟ ਸਾਂਝੀ ਕੀਤੀ। ਵੀਡੀਓ ਵਿੱਚ ਜਦੋਂ ਪੀੜਤ ਮਾਂ ਗੱਲ ਕਰਦਿਆਂ ਰੋਣ ਲੱਗਦੀ ਹੈ, ਤਾਂ ਨਿਤਿਨ ਨਬੀਨ ਆਪਣੀ ਸੀਟ ਤੋਂ ਖੜ੍ਹੇ ਹੋ ਕੇ ਹੱਥ ਜੋੜ ਕੇ ਉਸ ਨੂੰ ਢਾਰਸ ਬੰਨ੍ਹਾਉਂਦੇ ਹੋਏ ਨਜ਼ਰ ਆਉਂਦੇ ਹਨ। ਆਪਣੀ ਪੋਸਟ ਵਿੱਚ ਉਨ੍ਹਾਂ ਲਿਖਿਆ, "ਇਨ੍ਹਾਂ ਮਾਵਾਂ ਦਾ ਦਰਦ ਅੰਦਰ ਤੱਕ ਝੰਜੋੜ ਗਿਆ ਹੈ। ਇੱਕ ਮਾਂ ਲਈ ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ ਕਿ ਉਸ ਦਾ ਪੁੱਤਰ ਉਸ ਦੀਆਂ ਅੱਖਾਂ ਸਾਹਮਣੇ ਨਸ਼ਿਆਂ ਕਾਰਨ ਦੁਨੀਆਂ ਤੋਂ ਚਲਾ ਜਾਵੇ।"
ਨਸ਼ਾ ਮੁਕਤ ਪੰਜਾਬ ਦਾ ਨਾਅਰਾ:
ਯਾਤਰਾ ਨੂੰ ਰਵਾਨਾ ਕਰਨ ਤੋਂ ਪਹਿਲਾਂ ਨਿਤਿਨ ਨਬੀਨ ਨੇ ਅਜਿਹੇ ਕਈ ਪਰਿਵਾਰਾਂ ਨਾਲ ਮੁਲਾਕਾਤ ਕੀਤੀ, ਜਿਨ੍ਹਾਂ ਦੇ ਬੱਚੇ ਨਸ਼ੇ ਦੀ ਗ੍ਰਿਫ਼ਤ ਵਿੱਚ ਹਨ ਜਾਂ ਆਪਣੀ ਜਾਨ ਗੁਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਤਬਾਹ ਹੁੰਦੇ ਦੇਖਣਾ ਸਵੀਕਾਰ ਨਹੀਂ ਕੀਤਾ ਜਾ ਸਕਦਾ ਅਤੇ ਇਸ ਸੰਕਟ ਨਾਲ ਨਜਿੱਠਣ ਲਈ ਸਮਾਜ ਦੇ ਹਰ ਵਰਗ ਨੂੰ ਇੱਕਜੁੱਟ ਹੋ ਕੇ ਅੱਗੇ ਆਉਣਾ ਪਵੇਗਾ।
ਆਪਣੇ ਭਾਸ਼ਣ ਦੌਰਾਨ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਸ਼ਾ ਪੰਜਾਬ ਦੀ ਪਛਾਣ ਨਹੀਂ ਹੋ ਸਕਦਾ। ਪੰਜਾਬ ਦੀ ਅਸਲ ਪਛਾਣ ਗੁਰੂਆਂ ਦੀ ਬਾਣੀ, ਕਿਸਾਨਾਂ ਦਾ ਪਸੀਨਾ, ਫੌਜੀ ਜਵਾਨਾਂ ਦੀ ਬਹਾਦਰੀ ਅਤੇ ਇੱਥੋਂ ਦੇ ਖਿਡਾਰੀਆਂ ਦਾ ਜਜ਼ਬਾ ਹੈ।
- Download Babushahi App
-
-