ਅੰਮ੍ਰਿਤਸਰ ਪਹੁੰਚੇ DGP ਗੌਰਵ ਯਾਦਵ, ASI ਹਰਜੀਤ ਸਿੰਘ ਕਤਲ ਮਾਮਲੇ ’ਚ ਕ੍ਰਾਈਮ ਸੀਨ ਦਾ ਕੀਤਾ ਮੁਆਇਨਾ
ASI ਹਰਜੀਤ ਸਿੰਘ ਨੂੰ ਐਕਟਿਵਾ ਸਵਾਰ ਦੋ ਸ਼ੱਕੀ ਵਿਅਕਤੀਆਂ ਨੇ ਬਣਾਇਆ ਨਿਸ਼ਾਨਾ: DGP
ਮੌਕੇ ਤੋਂ 30 ਬੋਰ ਦਾ ਖੋਲ ਬਰਾਮਦ, ਇੱਕ ਗੋਲੀ ਚਲਾਏ ਜਾਣ ਦੀ ਪੁਸ਼ਟੀ
CCTV ਟਰੇਲ, ਬੈਕਵਰਡ ਅਤੇ ਫਾਰਵਰਡ ਲਿੰਕੇਜ ’ਤੇ ਕੰਮ ਕਰ ਰਹੀਆਂ ਪੁਲਿਸ ਦੀਆਂ ਡੈਡੀਕੇਟਿਡ ਟੀਮਾਂ
ਅੰਮ੍ਰਿਤਸਰ , 18 ਸਤੰਬਰ, 2026 ਅੰਮ੍ਰਿਤਸਰ ਵਿੱਚ ਡਿਊਟੀ ਦੌਰਾਨ ਪੁਲਿਸ ਮੁਲਾਜ਼ਮ ASI ਹਰਜੀਤ ਸਿੰਘ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਦੇ DGP ਗੌਰਵ ਯਾਦਵ ਅੰਮ੍ਰਿਤਸਰ ਪੁਲਿਸ ਲਾਈਨ ਵਿਖੇ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਅਹਿਮ ਮੁੱਦਿਆਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ DGP ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕ੍ਰਾਈਮ ਸੀਨ ਦਾ ਮੁਆਇਨਾ ਕੀਤਾ ਗਿਆ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਪੁਲਿਸ ਟੀਮ ਅਤੇ ਮ੍ਰਿਤਕ ASI ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ ਗਿਆ।
DGP ਗੌਰਵ ਯਾਦਵ ਨੇ ਕਿਹਾ ਕਿ ਇਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ, IG ਬਾਰਡਰ ਰੇਂਜ, SSP ਅੰਮ੍ਰਿਤਸਰ ਰੂਰਲ ਅਤੇ AIG SSOC ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਪੁਲਿਸ ਦੀ ਆਪਰੇਸ਼ਨਲ ਪ੍ਰਿਪੇਅਰਡਨੈੱਸ, ਰੇਡੀਨੈੱਸ ਅਤੇ ਜਾਂਚ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ASI ਹਰਜੀਤ ਸਿੰਘ ਥਾਣਾ ਗੇਟ ਹਕੀਮਾਂ ਵਿਖੇ ਤਾਇਨਾਤ ਸਨ ਅਤੇ ਰਾਤ ਕਰੀਬ ਸਾਢੇ 9 ਵਜੇ ਉਨ੍ਹਾਂ ਨੂੰ ਦਾਣਾ ਮੰਡੀ ਵਿਖੇ ਡਿਊਟੀ ਲਈ ਭੇਜਿਆ ਗਿਆ ਸੀ। ਰਾਤ 1 ਵੱਜ ਕੇ 5 ਮਿੰਟ ’ਤੇ ਪੁਲਿਸ ਕੰਟਰੋਲ ਰੂਮ ਨੂੰ 112 ਰਾਹੀਂ ਸੂਚਨਾ ਮਿਲੀ ਕਿ ਇੱਕ ਪੁਲਿਸ ਮੁਲਾਜ਼ਮ ਨੂੰ ਗੋਲੀ ਲੱਗੀ ਹੈ। ਇਸ ਤੋਂ ਬਾਅਦ ASI ਹਰਜੀਤ ਸਿੰਘ ਨੂੰ ਅਮਨਦੀਪ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। DGP ਨੇ ਕਿਹਾ ਕਿ ਸੂਚਨਾ ਮਿਲਦੇ ਹੀ CP ਅੰਮ੍ਰਿਤਸਰ ਸਮੇਤ ਸਾਰੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਸਨ। CCTV ਫੁਟੇਜ ਦੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਰਾਤ ਕਰੀਬ 12 ਵੱਜ ਕੇ 32 ਮਿੰਟ ’ਤੇ ਇੱਕ ਐਕਟਿਵਾ ’ਤੇ ਸਵਾਰ ਦੋ ਸ਼ੱਕੀ ਵਿਅਕਤੀ ਮੌਕੇ ਤੋਂ ਫਰਾਰ ਹੁੰਦੇ ਨਜ਼ਰ ਆਏ। ਉਨ੍ਹਾਂ ਮੁਤਾਬਕ ਘਟਨਾ ਕਰੀਬ 12:30 ਵਜੇ ਦੀ ਹੈ। ਮੌਕੇ ਤੋਂ 30 ਬੋਰ ਦਾ ਇੱਕ ਖੋਲ ਬਰਾਮਦ ਹੋਇਆ ਹੈ ਅਤੇ ਮੁੱਢਲੀ ਜਾਂਚ ਵਿੱਚ ਇੱਕ ਹੀ ਗੋਲੀ ਚਲਾਏ ਜਾਣ ਦੀ ਗੱਲ ਸਾਹਮਣੇ ਆਈ ਹੈ। DGP ਨੇ ਦੱਸਿਆ ਕਿ ਗੋਲੀ ਪਿੱਠ ਦੇ ਹਿੱਸੇ ਵਿੱਚ ਲੱਗੀ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਇਸ ਸਬੰਧੀ ਹੋਰ ਸਪੱਸ਼ਟ ਜਾਣਕਾਰੀ ਸਾਹਮਣੇ ਆਵੇਗੀ। ਇਸ ਤੋਂ ਇਲਾਵਾ ਫੋਰੈਂਸਿਕ ਜਾਂਚ ਵੀ ਕਰਵਾਈ ਜਾ ਰਹੀ ਹੈ। ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਦੀ CCTV ਟਰੇਲ ਨੂੰ ਫਾਲੋ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਬੈਕਵਰਡ ਲਿੰਕੇਜ ਰਾਹੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਕਿੱਥੋਂ ਆਏ ਸਨ ਅਤੇ ਫਾਰਵਰਡ ਲਿੰਕੇਜ ਰਾਹੀਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਵਾਰਦਾਤ ਤੋਂ ਬਾਅਦ ਉਹ ਕਿੱਥੇ ਗਏ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਲਈ ਪੁਲਿਸ ਦੀਆਂ ਡੈਡੀਕੇਟਿਡ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ।
- Download Babushahi App
-
-