ਖੰਨਾ ਪੁਲਸ ਜ਼ਿਲ੍ਹਾ ਅਧੀਨ ਮਾਛੀਵਾੜਾ ਸਾਹਿਬ ਸਬ- ਤਹਿਸੀਲ ਵਿਖੇ ਹੋਇਆ ਭ੍ਰਿਸ਼ਟਾਚਾਰ ਦੋਸ਼ਾਂ ਨੂੰ ਲੈ ਕੇ ਹੋਇਆ ਹੰਗਾਮਾ
ਸਾਬਕਾ ਸਰਪੰਚ ਨੇ ਹੀ ਸਬ-ਤਹਿਸੀਲ ’ਚ ਨਾਇਬ ਤਹਿਸੀਲਦਾਰ ਤੇ ਹੋਰ ਕਰਮਚਾਰੀਆਂ ’ਤੇ ਲਗਾਏ ਭ੍ਰਿਸ਼ਟਾਚਾਰ ਕਰਨ ਦੇ ਦੋਸ਼
ਰਜਿਸਟਰੀਆਂ ਕਰਵਾਉਣ ਮੌਕੇ ਇਤਰਾਜ ਲਗਾ ਕੇ ਮੰਗੀ ਜਾਂਦੀ ਹੈ ਰਿਸ਼ਵਤ
ਰਵਿੰਦਰ ਸਿੰਘ
ਖੰਨਾ, 17 ਜੁਲਾਈ 2026 - ਪੰਜਾਬ ਸਰਕਾਰ ਵਲੋਂ ਤਹਿਸੀਲਾਂ ਵਿਚ ਭ੍ਰਿਸ਼ਟਾਚਾਰ ਨੂੰ ਮੁਕਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਮਾਛੀਵਾੜਾ ਸਬ-ਤਹਿਸੀਲ ਵਿਚ ਸਾਬਕਾ ਸਰਪੰਚ ਨੇ ਹੀ ਇੱਥੇ ਤਾਇਨਾਤ ਨਾਇਬ ਤਹਿਸੀਲਦਾਰ ਅਤੇ ਹੋਰ ਕਰਮਚਾਰੀਆਂ ’ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਗਾਏ ਹਨ। ਅੱਜ ਮਾਛੀਵਾੜਾ ਸਬ-ਤਹਿਸੀਲ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਅਤੇ ਸਾਬਕਾ ਸਰਪੰਚ ਅਜਮੇਰ ਸਿੰਘ ਮੁਬਾਰਕਪੁਰ ਨੇ ਪੱਤਰਕਾਰਾਂ ਦੀ ਮੌਜੂਦਗੀ ਵਿਚ ਨਾਇਬ ਤਹਿਸੀਲਦਾਰ ਹਰਕੀਰਤ ਸਿੰਘ ’ਤੇ ਭ੍ਰਿਸ਼ਟਾਚਾਰ ਕਰ 20 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਸਿੱਧੇ ਦੋਸ਼ ਲਗਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਜਮੇਰ ਸਿੰਘ ਮੁਬਾਰਕਪੁਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਨੇ ਰਜਿਸਟਰੀ ਕਰਵਾਈ ਸੀ ਜਿਸ ਵਿਚ ਉਸਨੇ ਨਾਇਬ ਤਹਿਸੀਲਦਾਰ ਨੂੰ 20 ਹਜ਼ਾਰ ਰੁਪਏ ਰਿਸ਼ਵਤ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਅੱਜ ਜਦੋਂ ਉਹ ਆਪਣੇ ਸਾਥੀ ਨਾਲ ਇੱਕ ਜਮੀਨ ਦੀ ਰਜਿਸਟਰੀ ਕਰਵਾਉਣ ਆਏ ਜੋ ਕਿ ਨਿਯਮਾਂ ਅਨੁਸਾਰ ਬਿਲਕੁਲ ਸਹੀ ਸੀ ਪਰ ਉਸ ’ਤੇ ਵੀ ਇਤਰਾਜ ਲਗਾ ਕੇ ਕਾਫ਼ੀ ਪੁੱਛਗਿੱਛ ਕੀਤੀ ਗਈ ਤਾਂ ਜੋ ਅਸੀਂ ਰਿਸ਼ਵਤ ਦੇਣ ਲਈ ਮਜ਼ਬੂਰ ਹੋ ਜਾਈਏ। ਉਨ੍ਹਾਂ ਕਿਹਾ ਕਿ ਮਾਛੀਵਾੜਾ ਸਬ ਤਹਿਸੀਲ ਵਿਚ ਇਸ ਸਮੇਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਕੋਈ ਵੀ ਕੰਮ ਰਿਸ਼ਵਤ ਦਿੱਤੇ ਬਿਨ੍ਹਾਂ ਨਹੀਂ ਹੁੰਦਾ। ਅਜਮੇਰ ਸਿੰਘ ਨੇ ਕਿਹਾ ਕਿ ਉਸਨੇ ਜਮੀਨ ਦਾ ਇੰਤਕਾਲ ਕਰਵਾਉਣਾ ਸੀ ਜਿਸ ਲਈ ਇੱਕ ਪਟਵਾਰੀ ਵਲੋਂ 15 ਹਜ਼ਾਰ ਰੁਪਏ ਰਿਸ਼ਵਤ ਲਈ ਗਈ ਅਤੇ 15 ਹਜ਼ਾਰ ਰੁਪਏ ਹੋਰ ਮੰਗੇ ਜਾ ਰਹੇ ਸਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਛੀਵਾੜਾ ਸਬ-ਤਹਿਸੀਲ ਵਿਚ ਜੋ ਭ੍ਰਿਸ਼ਟ ਅਧਿਕਾਰੀ ਤੇ ਕਰਮਚਾਰੀ ਹਨ ਉਨ੍ਹਾਂ ਨੂੰ ਨੱਥ ਪਾਈ ਜਾਵੇ ਅਤੇ ਇਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਨਾਇਬ ਤਹਿਸੀਲਦਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਿਆ
ਇਸ ਸਬੰਧੀ ਮੌਕੇ ’ਤੇ ਹੀ ਮੌਜੂਦ ਨਾਇਬ ਤਹਿਸੀਲਦਾਰ ਹਰਕੀਰਤ ਸਿੰਘ ਨੇ ਕਿਹਾ ਕਿ ਉਸਨੇ ਰਜਿਸਟਰੀ ਕਰਨ ਬਦਲੇ 20 ਹਜ਼ਾਰ ਰੁਪਏ ਦੀ ਕੋਈ ਰਿਸ਼ਵਤ ਨਹੀਂ ਲਈ ਅਤੇ ਇਹ ਬਿਲਕੁਲ ਝੂਠੇ ਤੇ ਬੇਬੁਨਿਆਦ ਦੋਸ਼ ਹਨ। ਉਨ੍ਹਾਂ ਕਿਹਾ ਕਿ ਅੱਜ ਜੋ ਰਜਿਸਟਰੀ ਕਰਵਾਉਣ ਆਏ ਹਨ ਉਸਦੇ ਦਸਤਾਵੇਜਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਅਨੁਸਾਰ ਹੋਈ ਤਾਂ ਉਹ ਜ਼ਰੂਰ ਕੀਤੀ ਜਾਵੇਗੀ। ਦੂਸਰੇ ਪਾਸੇ ਜਿਸ ਪਟਵਾਰੀ ’ਤੇ ਰਿਸ਼ਵਤ ਲੈਣ ਦੇ ਦੋਸ਼ ਲਗਾਏ ਉਸਨੇ ਵੀ ਦੋਸ਼ਾਂ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਉਸਨੇ ਕੋਈ ਵੀ ਰਿਸ਼ਵਤ ਨਹੀਂ ਲਈ।
- Download Babushahi App
-
-