ਖੰਨਾ ਵਿਚ ਚੱਲੀਆਂ ਗੋਲੀਆਂ
ਪੁਲਿਸ ਮੁਕਾਬਲੇ ‘ਚ ਗੈਂਗਸਟਰ ਗੈਰੀ ਲਲਤੋਂ ਜ਼ਖਮੀ, ਹਥਿਆਰਾਂ ਦੀ ਬਰਾਮਦਗੀ ਦੌਰਾਨ ਪੁਲਿਸ 'ਤੇ ਚਲਾਈ ਗੋਲੀ, SHO ਵੀ ਜਖ਼ਮੀ
ਰਵਿੰਦਰ ਸਿੰਘ
ਖੰਨਾ : ਲੁਧਿਆਣਾ ਦੇ ਵੱਡੇ ਗੈਂਗਸਟਰਾਂ ‘ਚ ਸ਼ਾਮਲ ਗਗਨਦੀਪ ਸਿੰਘ ਉਰਫ ਗੈਰੀ ਲਲਤੋਂ ਉਰਫ ਰਾਵਣ ਪੁਲਿਸ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ। ਪੁਲਿਸ ਮੁਤਾਬਕ ਗੈਰੀ ਨੇ ਪੁਲਿਸ ‘ਤੇ ਗੋਲੀ ਚਲਾਈ, ਜਿਸ ਦੇ ਜਵਾਬ ਵਿੱਚ ਸਿਟੀ ਥਾਣਾ-2 ਦੇ ਐਸਐਚਓ ਤਰਵਿੰਦਰ ਬੇਦੀ ਨੇ ਫਾਇਰ ਕਰਕੇ ਉਸਦੀ ਲੱਤ ‘ਚ ਗੋਲੀ ਮਾਰੀ। ਘਟਨਾ ਤੋਂ ਬਾਅਦ ਗੈਰੀ ਨੂੰ ਕਾਬੂ ਕਰਕੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਇਹ ਕਾਰਵਾਈ ਸੀਆਈਏ ਸਟਾਫ ਅਤੇ ਸਿਟੀ ਥਾਣਾ 2 ਦੀ ਟੀਮ ਵੱਲੋਂ ਮਿਲ ਕੇ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਗੈਰੀ ਉਨ੍ਹਾਂ ਮੁਲਜ਼ਮਾਂ ਵਿੱਚੋਂ ਇੱਕ ਸੀ, ਜੋ 15 ਜੂਨ ਨੂੰ ਗ੍ਰੀਨਲੈਂਡ ਹੋਟਲ ਨੇੜੇ ਹੋਈ ਗੈਂਗਵਾਰ ਦੀ ਘਟਨਾ ਵਿੱਚ ਸ਼ਾਮਲ ਸੀ। ਇਹ ਗੈਂਗਵਾਰ ਗੈਰੀ ਲਲਤੋਂ ਅਤੇ ਸੁਖਵੀਰ ਭੂਚੀ ਗੈਂਗ ਦੇ ਵਿਚਕਾਰ ਇੱਕ ਕੁੜੀ ਨਾਲ ਦੋਸਤੀ ਨੂੰ ਲੈ ਕੇ ਹੋਇਆ ਸੀ। ਇਸ ਮਾਮਲੇ ‘ਚ ਗੈਰੀ ਲਲਤੋਂ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ।
ਪੁਲਿਸ ਦੀ ਜਾਂਚ ਦੌਰਾਨ ਗੈਰੀ ਨੇ ਕਬੂਲਿਆ ਕਿ ਉਸ ਨੇ ਭੱਟੀਆਂ ਇਲਾਕੇ ਦੀ ਰੇਲਵੇ ਲਾਈਨ ਨੇੜੇ ਇੱਕ ਪਿਸਤੌਲ ਲੁਕਾਇਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਹਥਿਆਰ ਬਰਾਮਦ ਕਰਨ ਲਈ ਉਥੇ ਲਿਜਾਇਆ। ਪਰ ਜਦ ਉਹ ਥਾਂ 'ਤੇ ਪਹੁੰਚੇ, ਤਾਂ ਗੈਰੀ ਨੇ ਅਚਾਨਕ ਦਰੱਖਤਾਂ ਵਿਚੋਂ ਪਿਸਤੌਲ ਕੱਢ ਕੇ ਪੁਲਿਸ 'ਤੇ ਗੋਲੀ ਚਲਾਈ। ਉਸ ਦੀ ਗੋਲੀ ਇਕ ਦਰੱਖਤ ਚ ਲੱਗੀ। ਜਵਾਬ ਵਿੱਚ ਐਸਐਚਓ ਤਰਵਿੰਦਰ ਬੇਦੀ ਨੇ ਗੈਰੀ ਦੀ ਲੱਤ 'ਚ ਗੋਲੀ ਮਾਰੀ ਤੇ ਉਸਨੂੰ ਕਾਬੂ ਕਰ ਲਿਆ ਗਿਆ।
ਜ਼ਿਲ੍ਹਾ ਪੁਲਿਸ ਮੁਖੀ ਐਸਐਸਪੀ ਡਾ. ਜੋਤੀ ਯਾਦਵ ਨੇ ਦੱਸਿਆ ਕਿ ਗੈਰੀ ਲਲਤੋਂ ਖ਼ਤਰਨਾਕ ਅਤੇ ਬਦਨਾਮ ਗੈਂਗਸਟਰ ਹੈ, ਜੋ ਕਈ ਗੰਭੀਰ ਅਪਰਾਧਿਕ ਮਾਮਲਿਆਂ ‘ਚ ਸ਼ਾਮਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗੈਰੀ ਵੱਲੋਂ ਪੁਲਿਸ 'ਤੇ ਹਮਲਾ ਕਰਨ ਕਾਰਨ ਉਸਦੇ ਖ਼ਿਲਾਫ਼ ਆਰਮਜ਼ ਐਕਟ, ਪੁਲਿਸ ‘ਤੇ ਹਮਲਾ ਅਤੇ ਹੋਰ ਕਈ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ਹਾਲੇ ਵੀ ਪੁਲਿਸ ਗੈਰੀ ਨਾਲ ਸੰਬੰਧਤ ਹੋਰ ਗੈਂਗ ਮੈਂਬਰਾਂ ਦੀ ਪਛਾਣ ਕਰ ਰਹੀ ਹੈ ਅਤੇ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।