ਭਾਜਪਾ ਕੌਂਸਲਰ ਨੇ ਨਸ਼ਾ ਤਸਕਰਾਂ ਨੂੰ ਜ਼ਮਾਨਤ ਦਿਲਾਈ - ਉਹਨਾਂ ਨੂੰ ਨਸ਼ਿਆਂ ਵਿਰੁੱਧ 'ਆਪ' ਦੀ ਜੰਗ 'ਤੇ ਸਵਾਲ ਉਠਾਉਣ ਦਾ ਕੀ ਹੱਕ ਹੈ? : ਨੀਲ ਗਰਗ
- ਭਾਜਪਾ ਨੇ ਨਸ਼ਿਆਂ ਦੇ ਗੱਠਜੋੜ ਨੂੰ ਉਤਸਾਹਿਤ ਕੀਤਾ, ਹੁਣ ਜਦੋਂ ਨਸ਼ਾ ਤਸਕਰਾਂ 'ਤੇ ਕਾਰਵਾਈ ਹੋ ਰਹੀ ਹੈ ਤਾਂ ਘਬਰਾ ਰਹੇ ਹਨ: ਨੀਲ ਗਰਗ
- ਭਾਜਪਾ-ਅਕਾਲੀ ਸ਼ਾਸਨ ਨੇ ਪੰਜਾਬ ਨੂੰ ਚਿੱਟਾ ਦਿੱਤਾ, 'ਆਪ' ਨੌਜਵਾਨਾਂ ਨੂੰ ਭਵਿੱਖ ਦੇ ਰਹੀ ਹੈ: ਨੀਲ ਗਰਗ
- ਹਰਿਆਣਾ ਤੋਂ ਯੂਪੀ ਤੱਕ, ਭਾਜਪਾ-ਰਾਜ ਨਸ਼ਿਆਂ ਨਾਲ ਜੂਝ ਰਹੇ ਹਨ, ਪਰ ਜੰਗ ਛੇੜਨ ਦੀ ਹਿੰਮਤ ਨਹੀਂ ਕਰਦੇ: ਨੀਲ ਗਰਗ
ਚੰਡੀਗੜ੍ਹ, 01 ਜੂਨ 2025 - ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਭਾਜਪਾ ਵੱਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ 'ਤੇ ਸਵਾਲ ਚੁੱਕਣ ਲਈ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਭਾਜਪਾ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਉਹ ਇੱਕ ਅਜਿਹੀ ਪਾਰਟੀ ਬਣ ਗਈ ਹੈ ਜੋ ਸਿਰਫ਼ ਪ੍ਰੈੱਸ ਕਾਨਫ਼ਰੰਸਾਂ ਤੱਕ ਹੀ ਸੀਮਤ ਰਹੀ ਗਈ ਹੈ। ਉਨ੍ਹਾਂ ਨੂੰ ਜ਼ਮੀਨੀ ਹਕੀਕਤ ਬਾਰੇ ਕੁਝ ਪਤਾ ਹੀ ਨਹੀਂ ਹੈ।
ਗਰਗ ਨੇ ਕਿਹਾ ਕਿ ਆਪ ਸਰਕਾਰ ਨੇ ਇਨ੍ਹਾਂ 90 ਦਿਨਾਂ ਵਿੱਚ,14,401 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਹੈ। ਐਨਡੀਪੀਐਸ ਐਕਟ ਤਹਿਤ 8472 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਨਸ਼ਾ ਤਸਕਰਾਂ ਵੱਲੋਂ ਬਣਾਈਆਂ ਗਈਆਂ ਸੈਂਕੜੇ ਗੈਰ-ਕਾਨੂੰਨੀ ਇਮਾਰਤਾਂ ਨੂੰ ਢਾਹ ਦਿੱਤਾ ਗਿਆ ਹੈ।
ਨੀਲ ਗਰਗ ਨੇ ਕਿਹਾ ਕਿ ਭਾਜਪਾ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਲੋਕ, ਭਾਵੇਂ ਉਹ ਬਜ਼ੁਰਗ ਹੋਣ, ਔਰਤਾਂ ਹੋਣ ਜਾਂ ਨੌਜਵਾਨ, ਨਸ਼ੇ ਨੂੰ ਖਤਮ ਕਰਨ ਲਈ ਅੱਗੇ ਆ ਰਹੇ ਹਨ ਅਤੇ ਸੰਕਲਪ ਲੈ ਰਹੇ ਹਨ ਕਿ ਨਾ ਤਾਂ ਕਿਸੇ ਨੂੰ ਨਸ਼ਾ ਕਰਨ ਦੇਣਗੇ ਅਤੇ ਨਾ ਹੀ ਨਸ਼ਾ ਵਿਕਣ ਦੇਣਗੇ।
ਭਾਜਪਾ 'ਤੇ ਸਵਾਲ ਉਠਾਉਂਦੇ ਹੋਏ ਗਰਗ ਨੇ ਕਿਹਾ ਕਿ ਪੰਜਾਬ ਵਿੱਚ 2007 ਤੋਂ 2017 ਤੱਕ ਅਕਾਲੀ-ਭਾਜਪਾ ਦੀ ਸਰਕਾਰ ਸੀ। 2007 ਤੋਂ ਪਹਿਲਾਂ, ਕਿਸੇ ਨੇ ਚਿੱਟਾ ਦਾ ਨਾਮ ਵੀ ਨਹੀਂ ਸੁਣਿਆ ਸੀ। ਇਸ ਦੇ ਬੀਜ ਭਾਜਪਾ ਸਰਕਾਰ ਨੇ ਬੀਜੇ ਸਨ। ਤੁਸੀਂ ਉਦੋਂ ਕਿੱਥੇ ਸੀ ਅਤੇ ਤੁਸੀਂ ਆਪਣੀ ਆਵਾਜ਼ ਕਿਉਂ ਨਹੀਂ ਉਠਾਈ?
ਉਨ੍ਹਾਂ ਕਿਹਾ ਕਿ ਅੱਜ ਭਾਜਪਾ ਦੀ ਲਗਭਗ 20 ਰਾਜਾਂ ਵਿੱਚ ਸਰਕਾਰ ਹੈ। ਗੁਜਰਾਤ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਰਗੇ ਕਈ ਵੱਡੇ ਰਾਜਾਂ ਵਿੱਚ ਨਸ਼ੇ ਦੀ ਵੱਡੀ ਖੇਪ ਜ਼ਬਤ ਕੀਤੀ ਗਈ। ਭਾਜਪਾ ਵਾਲਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਕਿਸ ਦੇ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਅਤੇ ਕਿਹੜੇ ਵੱਡੇ ਮਗਰਮੱਛ ਫੜੇ?
ਉਨ੍ਹਾਂ ਭਾਜਪਾ ਨੂੰ ਸਵਾਲ ਕੀਤਾ ਕਿ ਭਾਜਪਾ ਸ਼ਾਸਿਤ ਕਿਹੜੇ ਸੂਬੇ ਨੇ ਪੰਜਾਬ ਵਾਂਗ ਨਸ਼ਿਆਂ ਵਿਰੁੱਧ
ਮੁਹਿੰਮ ਚਲਾਈ ਗਈ ਹੈ? ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੌਰਾਨ ਮੁੱਖਮੰਤਰੀ ਰਹਿੰਦਿਆਂ ਕੈਪਟਨ ਅਮਰਿੰਦਰ ਸਿੰਘ, ਜੋ ਹੁਣ ਭਾਜਪਾ ਵਿੱਚ ਹਨ, ਦੇ ਤਤਕਾਲੀ ਗ੍ਰਹਿ ਮੰਤਰੀ ਨੇ ਦੋਸ਼ ਲਗਾਇਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਵੀ ਨਸ਼ਾ ਤਸਕਰਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਇਸ ਦਾ ਮਤਲਬ ਹੈ ਕਿ ਭਾਜਪਾ ਵਿੱਚ ਅਜਿਹੇ ਆਗੂ ਹਨ ਜੋ ਨਸ਼ਾ ਤਸਕਰਾਂ ਦਾ ਸਮਰਥਨ ਕਰਦੇ ਹਨ। ਤੁਹਾਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਪੰਜਾਬ ਵਿੱਚੋਂ ਨਸ਼ੇ ਨੂੰ ਜੜ੍ਹੋਂ ਪੁੱਟਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਪੰਜਾਬ ਦੇ ਲੋਕ ਵੀ ਨਸ਼ਿਆਂ ਵਿਰੁੱਧ ਸਰਕਾਰ ਦੀ ਇਸ ਮੁਹਿੰਮ ਦਾ ਸਮਰਥਨ ਕਰ ਰਹੇ ਹਨ। ਭਾਜਪਾ ਨਹੀਂ ਚਾਹੁੰਦੀ ਕਿ ਪੰਜਾਬ 'ਚੋਂ ਨਸ਼ਾ ਖਤਮ ਹੋਵੇ, ਇਸ ਲਈ ਉਹ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਸਸਤੇ ਹੱਥਕੰਡਿਆਂ ਦਾ ਸਹਾਰਾ ਲੈ ਰਹੀ ਹੈ।