ਪਿੰਡ ਦੇ ਮੋਹਤਬਰਾਂ ਦੇ ਸਾਹਮਣੇ ਔਰਤ ਨੇ ਨਸ਼ਾ ਵੇਚਣ ਵਾਲਿਆਂ ਦੇ ਦੱਸੇ ਨਾਮ,ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ
ਪਿੰਡ ਸਭਰਾਂ ਦੇ ਵਿੱਚ ਪੁਲਿਸ ਚੌਂਕੀ ਹੋਣ ਦੇ ਬਾਵਜੂਦ ਵੀ ਵਿਕਦਾ ਹੈ ਸ਼ਰੇਆਮ ਨਸ਼ਾ
ਬਲਜੀਤ ਸਿੰਘ
ਪੱਟੀ, 24 ਮਈ, 2025: ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ, ਉੱਥੇ ਹੀ ਕਈ ਪਿੰਡਾਂ ਵਿੱਚ ਸ਼ਰ੍ਹੇਆਮ ਵਿਕਦੇ ਨਸ਼ੇ ਤੋਂ ਪਿੰਡਾਂ ਦੇ ਲੋਕਾਂ ਦੇ ਨਾਲ-ਨਾਲ ਪਿੰਡ ਦੀਆਂ ਪੰਚਾਇਤਾਂ ਵੀ ਕਾਫੀ ਦੁਖੀ ਹਨ।ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਸਭ ਤੋਂ ਵੱਡੇ ਪਿੰਡ ਸਭਰਾ ਜਿੱਥੇ ਸ਼ਰ੍ਹੇਆਮ ਨਸ਼ੇ ਦੀ ਵਿਕਰੀ ਹੁੰਦੀ ਹੈ ਜਿਸ ਤੋਂ ਦੁਖੀ ਹੋ ਕੇ ਇੱਕ ਮਾਂ ਵੱਲੋਂ ਸ਼ਰ੍ਹੇਆਮ ਗਲੀ ਵਿੱਚ ਵਿਕਦੇ ਨਸ਼ੇ ਨੂੰ ਲੈ ਕੇ ਪੰਚਾਇਤ ਦੇ ਸਾਹਮਣੇ ਰੌਲਾ ਪਾਇਆ ਗਿਆ ਅਤੇ ਉਹਨਾਂ ਨਸ਼ਾ ਤਸਕਰਾਂ ਦੇ ਨਾਮ ਵੀ ਦੱਸੇ ਗਏ ਜੋ ਪਿੰਡ ਵਿੱਚ ਸ਼ਰ੍ਹੇਆਮ ਨਸ਼ਾ ਵੇਚਦੇ ਹਨ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਦੀ ਹੈ ਕਿ ਇਸ ਤੋਂ ਬਾਅਦ ਪਿੰਡ ਸਭਰਾ ਦੀ ਪੰਚਾਇਤ ਵੱਲੋਂ ਐਕਸ਼ਨ ਲੈਂਦੇ ਹੋਏ ਪੁਲਿਸ ਚੌਂਕੀ ਸਭਰਾ ਦੇ ਇੰਚਾਰਜ ਨੂੰ ਜਾਣੂ ਕਰਵਾਇਆ ਗਿਆ ਪਰ ਕਈ ਘੰਟੇ ਰੌਲਾ ਪੈਣ ਦੇ ਬਾਅਦ ਵੀ ਪੁਲਿਸ ਮੌਕੇ ’ਤੇ ਨਹੀਂ ਪਹੁੰਚੀ ਜਿਸ ਤੋਂ ਬਾਅਦ ਲੋਕਾਂ ਵਿੱਚ ਇਸ ਨੂੰ ਲੈ ਕੇ ਕਾਫੀ ਰੋਸ ਸੀ ਅਤੇ ਪੰਚਾਇਤ ਵੱਲੋਂ ਲੋਕਾਂ ਦੀ ਮਦਦ ਨਾਲ ਉਹਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਜੋ ਕਿ ਸ਼ਰ੍ਹੇਆਮ ਪਿੰਡ ਦੇ ਸ਼ਮਸ਼ਾਨ ਘਾਟਾ ਵਿੱਚ ਹੈਰੋਇਨ ਪੀਂਦੇ ਸਨ ਅਤੇ ਉਹ ਜੋ ਹੈਰੋਇਨ ਪੀਣ ਵਾਲੇ ਵਿਅਕਤੀ ਸਨ, ਉਹਨਾਂ ਵੱਲੋਂ ਹੀ ਨਸ਼ਾ ਤਸਕਰਾਂ ਦੇ ਨਾਮ ਲਏ ਗਏ ਹਨ। ਜ਼ਿਕਰਯੋਗ ਹੈ ਕਿ ਪਿੰਡ ਸਭਰਾਂ ਦੇ ਵਿੱਚ ਪੁਲਿਸ ਚੌਂਕੀ ਹੋਣ ਦੇ ਬਾਵਜੂਦ ਵੀ ਇਸ ਪਿੰਡ ਵਿੱਚ ਸ਼ਰ੍ਹੇਆਮ ਨਸ਼ਾ ਵਿਕ ਰਿਹਾ ਹੈ ਪਰ ਪੁਲਿਸ ਪ੍ਰਸ਼ਾਸਨ ਕੋਈ ਵੀ ਕਾਰਵਾਈ ਨਹੀਂ ਕਰਦਾ ਜਿਸ ਨੂੰ ਲੈ ਕੇ ਪਿੰਡ ਦੇ ਸਰਪੰਚ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਜੇ ਕੋਈ ਨਸ਼ਾ ਪੀਣ ਵਾਲਾ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਉਸਦਾ ਨਸ਼ਾ ਛਡਵਾਉਣ ਵਿੱਚ ਮਦਦ ਕਰਾਂਗੇ ਅਤੇ ਜੇ ਕੋਈ ਵਿਅਕਤੀ ਪਿੰਡ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ’ਤੇ ਕਾਨੂੰਨੀ ਕਾਰਵਾਈ ਹੋਵੇਗੀ।