ਨਸ਼ਾ ਮੁਕਤੀ ਯਾਤਰਾ ਤਹਿਤ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨਾਲ ਕੀਤਾ ਜਾ ਰਿਹਾ ਹੈ ਸਿੱਧਾ ਸੰਵਾਦ: ਹਰਪਾਲ ਸਿੰਘ ਚੀਮਾ
- ਕੈਬਨਿਟ ਮੰਤਰੀ ਵੱਲੋਂ ਨਸ਼ਾ ਮੁਕਤੀ ਯਾਤਰਾ ਤਹਿਤ ਵੱਖੋ ਵੱਖ ਪਿੰਡਾਂ ਵਿਖੇ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ
ਦਲਜੀਤ ਕੌਰ
ਦਿੜ੍ਹਬਾ, 18 ਮਈ, 2025: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ। ਉਸੇ ਯਾਤਰਾ ਨੂੰ ਅੱਗੇ ਵਧਾਉਂਦੇ ਹੋਏ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਨਸ਼ਿਆਂ ਦੇ ਖਾਤਮੇ ਹਿਤ ਲੋਕਾਂ ਨਾਲ ਸਿੱਧਾ ਸੰਵਾਦ ਕੀਤਾ ਜਾ ਰਿਹਾ ਹੈ। ਇਸ ਨਾਲ ਸੂਬੇ ਵਿਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਵਿੱਚ ਵੱਡੇ ਪੱਧਰ ਉੱਤੇ ਮਦਦ ਮਿਲ ਰਹੀ ਹੈ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡ ਕਮਾਲਪੁਰ, ਘਨੌੜ ਰਾਜਪੂਤਾਂ, ਸੰਤਪੁਰਾ ਤੇ ਘਨੌੜ ਜੱਟਾਂ, ਵਿਖੇ ਡਿਫੈਂਸ ਕਮੇਟੀਆਂ ਨਾਲ ਕੀਤੀਆਂ ਮੀਟਿੰਗਾਂ ਦੌਰਾਨ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਮਾਨ ਸਰਕਾਰ ਨੇ ਪੰਜਾਬ ਵਿੱਚ “ਨਸ਼ਾ ਮੁਕਤੀ ਯਾਤਰਾ” ਦੀ ਇਤਿਹਾਸਕ ਸ਼ੁਰੂਆਤ ਕੀਤੀ ਹੈ। ਇਸ ਯਾਤਰਾ ਦੇ ਮਾਧਿਅਮ ਨਾਲ ਸਾਰੇ ਪਿੰਡਾਂ ਅਤੇ ਵਾਰਡਾਂ ਤੱਕ ਜਨ ਸੰਪਰਕ ਅਤੇ ਜਨ ਜਾਗਰੂਕਤਾ ਦਾ ਸੰਦੇਸ਼ ਪਹੁੰਚੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਹੁਣ ਤੱਕ 86 ਨਸ਼ਾ ਤਸਕਰਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ 'ਤੇ ਬੁਲਡੋਜ਼ਰ ਚਲਾਇਆ ਜਾ ਚੁੱਕਾ ਹੈ, ਅਤੇ 75 ਤਸਕਰਾਂ ਨੂੰ ਐਨਕਾਊਂਟਰ ਜ਼ਰੀਏ ਫੜਿਆ ਗਿਆ ਹੈ। ਇਹ ਦਿਖਾਉਂਦਾ ਹੈ ਕਿ ਸਰਕਾਰ ਦੀ ਨੀਅਤ ਸਾਫ ਹੈ-ਜਾਂ ਤਾਂ ਨਸ਼ਾ ਛੱਡੋ ਜਾਂ ਪੰਜਾਬ ਛੱਡੋ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਨਸ਼ਾ ਮੁਕਤੀ ਯਾਤਰਾ ਕੋਈ ਸਿਆਸੀ ਯਾਤਰਾ ਨਹੀਂ ਹੈ, ਇਹ ਇੱਕ ਸਮਾਜਿਕ ਸੰਕਲਪ ਹੈ। ਉਹ ਸਮਾਜ ਦੇ ਹਰ ਵਰਗ, ਹਰ ਪੰਚਾਇਤ, ਹਰ ਨੌਜਵਾਨ, ਹਰ ਮਾਤਾ-ਪਿਤਾ ਨੂੰ ਅਪੀਲ ਕਰਦੇ ਹਨ ਕਿ ਇਸ ਅੰਦੋਲਨ ਨਾਲ ਜੁੜਨ। ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇਹ ਲੜਾਈ ਸਾਡੀ ਸਭ ਦੀ ਲੜਾਈ ਹੈ।
ਕੈਬਨਿਟ ਮੰਤਰੀ ਵੱਲੋਂ ਇਸ ਮੌਕੇ ਹਾਜ਼ਰੀਨ ਨੂੰ ਨਸ਼ਾ ਮੁਕਤੀ ਦੀ ਸਹੁੰ ਵੀ ਚੁਕਾਈ ਗਈ, ਜਿਸ ਤਹਿਤ ਇਹ ਸੰਕਲਪ ਲਿਆ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੜਾਈ ਹੁਣ ਪਿੰਡ-ਪਿੰਡ ਤੋਂ ਸ਼ੁਰੂ ਹੋ ਚੁੱਕੀ ਹੈ। ਹਰ ਨਾਗਰਿਕ ਆਪਣੇ ਪਿੰਡ ਦਾ ਪਹਿਰੇਦਾਰ ਬਣੇਗਾ ਅਤੇ ਨਸ਼ਿਆਂ ਨੂੰ ਪਿੰਡ ਵਿੱਚ ਵੜਨ ਨਹੀਂ ਦੇਵੇਗਾ। ਹੁਣ ਨਾ ਕੋਈ ਨਸ਼ਾ ਵਿਕੇਗਾ, ਨਾ ਕੋਈ ਤਸਕਰ ਪਿੰਡ ਵਿੱਚ ਵੜੇਗਾ।
ਇਸ ਮੌਕੇ ਇਹ ਵੀ ਅਹਿਦ ਲਿਆ ਗਿਆ ਕਿ ਜੋ ਨਸ਼ਿਆਂ ਦੇ ਸ਼ਿਕਾਰ ਹਨ, ਉਨ੍ਹਾਂ ਨੂੰ ਸਮਾਜ ਤੋਂ ਬਾਹਰ ਨਹੀਂ ਕੀਤਾ ਜਾਵੇਗਾ, ਸਗੋਂ ਉਨ੍ਹਾਂ ਨੂੰ ਸਹੀ ਰਾਹ ਵਿਖਾ ਕੇ , ਪੁਨਰਵਾਸ ਲਈ ਉਪਰਾਲੇ ਕੀਤੇ ਜਾਣਗੇ। ਨਸ਼ਾ ਤਸਕਰਾਂ ਨੂੰ ਕਿਸੇ ਤਰ੍ਹਾਂ ਦੀ ਸਰਪ੍ਰਸਤੀ ਨਹੀਂ ਮਿਲੇਗੀ। ਪੂਰੇ ਪਿੰਡ ਦੇ ਨਾਲ ਮਿਲ ਕੇ ਨਸ਼ਾ ਮੁਕਤ ਪੰਜਾਬ ਦਾ ਸੰਕਲਪ ਲਿਆ ਗਿਆ ਹੈ ਅਤੇ ਇਹ ਯਾਤਰਾ ਹੁਣ ਇੱਕ ਜਨ ਅੰਦੋਲਨ ਬਣ ਚੁੱਕੀ ਹੈ ਤੇ ਇਹ ਪੰਜਾਬ ਦੇ ਭਵਿੱਖ ਦੀ ਲੜਾਈ ਹੈ।
ਕੈਬਨਿਟ ਮੰਤਰੀ ਨੇ ਅਪੀਲ ਕੀਤੀ ਕਿ ਹਰ ਪਿੰਡ, ਹਰ ਪਰਿਵਾਰ, ਹਰ ਨੌਜਵਾਨ ਇਸ ਅੰਦੋਲਨ ਨਾਲ ਜੁੜੇ। ਜਦੋਂ ਹਰ ਪਿੰਡ ਨਸ਼ਿਆਂ ਦੇ ਖਿਲਾਫ ਕਿਲ੍ਹਾ ਬਣੇਗਾ, ਤਦ ਹੀ ਪੰਜਾਬ ਜਿੱਤੇਗਾ।
ਇਸ ਮੌਕੇ ਕੈਬਨਿਟ ਮੰਤਰੀ ਨੇ ਪਿੰਡ ਕਮਾਲਪੁਰ ਵਿਖੇ 40 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਪੰਚਾਇਤ ਘਰ ਲਈ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਕਮਾਲਪੁਰ ਤੋਂ ਦਿੜ੍ਹਬਾ ਵਾਲੀ ਸੜਕ ਦੀ ਕਾਇਆ ਕਲਪ ਲਈ 06 ਕਰੋੜ 30 ਲੱਖ ਰੁਪਏ ਸੈਂਕਸ਼ਨ ਕਰ ਦਿੱਤੇ ਗਏ ਹਨ, ਬਰਸਾਤਾਂ ਤੋਂ ਪਹਿਲਾਂ ਇਹ ਸੜਕ ਤਿਆਰ ਹੋ ਜਾਵੇਗੀ। ਪਿੰਡ ਕਮਾਲਪੁਰ ਵਿਖੇ ਸਕੂਲ ਵਿਚ 40 ਲੱਖ ਰੁਪਏ ਦੀ ਲਾਗਤ ਨਾਲ ਕਮਰੇ ਬਣੇ ਹਨ। ਇਸ ਤੋਂ ਇਲਾਵਾ ਪਿੰਡ ਦੇ ਕਮਿਊਨਟੀ ਸੈਂਟਰ ਲਈ 10 ਲੱਖ ਰੁਪਏ ਵੀ ਬਹੁਤ ਜਲਦ ਜਾਰੀ ਕੀਤੇ ਜਾਣਗੇ।
ਇਸ ਮੌਕੇ ਮਾਰਕਿਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਸ੍ਰੀਮਤੀ ਜਸਵੀਰ ਕੌਰ ਸ਼ੇਰਗਿੱਲ,
ਸਮੇਤ ਪਿੰਡਾਂ ਦੇ ਪੰਚ ਸਰਪੰਚ, ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਡਿਫੈਂਸ ਕਮੇਟੀਆਂ ਦੇ ਮੈਂਬਰ ਤੇ ਵੱਡੀ ਗਿਣਤੀ ਆਮ ਲੋਕ ਹਾਜ਼ਰ ਸਨ।