ਫਗਵਾੜਾ : ਯੂਨੀਵਰਸਿਟੀ ਦੀ 9ਵੀਂ ਮੰਜ਼ਿਲ ਤੋਂ ਡਿੱਗਣ ਨਾਲ ਕੁੜੀ ਦੀ ਮੌਤ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 18 ਮਈ 2025
ਫਗਵਾੜਾ ਜਲੰਧਰ ਰੋਡ ਤੇ ਸ਼ਨੀਵਾਰ ਦੇਰ ਰਾਤ ਇਕ ਨਿੱਜੀ ਯੂਨੀਵਰਸਿਟੀ ਦੀ 9ਵੀਂ ਮੰਜ਼ਿਲ ਤੋਂ ਡਿੱਗਣ ਨਾਲ ਇਕ ਕੁੜੀ ਦੀ ਮੌਤ ਹੋ ਗਈ। ਮ੍ਰਿਤਕ ਕੁੜੀ ਦੀ ਪਛਾਣ ਆਕਾਂਕਸ਼ਾ ਪੁੱਤਰੀ ਸੁਰਿੰਦਰ ਸਿੰਧੂ ਦੇਵੀ ਵਾਸੀ ਬਲਿਹਾਰ, ਧਰਮਸਥਲਾ, ਮੰਗਲੁਰੂ ਕਰਨਾਟਕ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅਕਾਂਕਸ਼ਾ ਨੇ ਇਸ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਪਿਛਲੇ 6 ਮਹੀਨਿਆਂ ਤੋਂ ਦਿੱਲੀ ਵਿੱਚ ਇਕ ਏਅਰੋਸਪੇਸ ਇੰਜੀਨੀਅਰ ਵਜੋਂ ਕੰਮ ਕਰ ਰਹੀ ਸੀ। ਇਸ ਤੋਂ ਬਾਅਦ ਉਸ ਨੂੰ ਜਪਾਨ ਵਿੱਚ ਨੌਕਰੀ ਮਿਲ ਗਈ। ਉੱਥੇ ਜਾਣ ਲਈ ਉਹ ਕੁਝ ਪੜ੍ਹਾਈ ਦੇ ਸਰਟੀਫਿਕੇਟ ਲੈਣ ਲਈ ਯੂਨੀਵਰਸਿਟੀ ਵਾਪਸ ਆਈ ਸੀ। ਪਰ ਉੱਥੋਂ ਪਰਿਵਾਰ ਨੂੰ ਖ਼ਬਰ ਮਿਲੀ ਕਿ ਉਸ ਦੀ ਅਚਾਨਕ ਮੌਤ ਹੋ ਗਈ ਹੈ।ਫਗਵਾੜਾ ਪੁਲਸ ਸਟੇਸ਼ਨ ਸਤਰਾਮਪੁਰਾ ਦੇ ਐੱਸ. ਐੱਚ. ਓ. ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਕੁੜੀ ਦੇ ਡਿੱਗਣ ਦੀ ਸੂਚਨਾ ਮਿਲੀ ਸੀ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਸ ਨੂੰ ਇਲਾਜ ਲਈ ਜਲੰਧਰ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਪਹੁੰਚਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਥਾਣਾ ਇੰਚਾਰਜ ਨੇ ਦੱਸਿਆ ਕਿ ਮਾਮਲੇ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਕੁੜੀ ਦਿੱਲੀ ਵਿੱਚ ਕੰਮ ਕਰਦੀ ਸੀ ਅਤੇ ਉਹ ਇਥੇ ਕਿਸੇ ਕੰਮ ਲਈ ਆਈ ਸੀ। ਸ਼ਨੀਵਾਰ ਰਾਤ ਨੂੰ ਨੌਵੀਂ ਮੰਜ਼ਿਲ ਤੋਂ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪਰਿਵਾਰ ਦੇ ਆਉਣ 'ਤੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।