ਮੇਅਰ ਪਦਮਜੀਤ ਮਹਿਤਾ ਵੱਲੋਂ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਲੈਕੇ ਅਫਸਰਾਂ ਦੀ ਖਿਚਾਈ
ਅਸ਼ੋਕ ਵਰਮਾ
ਬਠਿੰਡਾ, 15 ਮਈ 2025: ਮੇਅਰ ਪਦਮਜੀਤ ਸਿੰਘ ਮਹਿਤਾ ਨੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਲੱਗੇ ਕੂੜੇ ਦੇ ਢੇਰਾਂ ਨੂੰ ਲੈਕੇ ਅਫਸਰਾਂ ਦੀ ਖਿਚਾਈ ਕੀਤੀ ਅਤੇ ਇਹ ਕੂੜਾ ਡੰਪ 15 ਦਿਨਾਂ ਦੇ ਅੰਦਰ ਅੰਦਰ ਚਕਵਾਉਣ ਲਈ ਅਲਟੀਮੇਟਮ ਵੀ ਦਿੱਤਾ। ਮੇਅਰ ਅੱਜ ਇਸ ਮਾਮਲੇ ਨੂੰ ਲੈਕੇ ਸਖਤ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਉਹ ਹੁਣ ਕਿਸੇ ਕਿਸਮ ਦਾ ਬਹਾਨਾ ਨਹੀਂ ਸੁਨਣਗੇ। ਇਸ ਸਬੰਧ ’ਚ ਅੱਜ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਮੇਅਰ ਪਦਮਜੀਤ ਮਹਿਤਾ ਨੇ ਕਿਹਾ ਕਿ ਜਦੋਂ ਵੀ ਉਹ ਆਮ ਲੋਕਾਂ ’ਚ ਵਿਚਰਦੇ ਹਨ ਤਾਂ ਉਨ੍ਹਾਂ ਨੂੰ ਲੋਕਾਂ ਦੇ ਉਲਾਮੇਂ ਸੁਣਨੇ ਪੈਂਦੇ ਹਨ ਅਤੇ ਉਨ੍ਹਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਕਿਸੇ ਨੂੰ ਇਸ ਮਾਮਲੇ ’ਚ ਕੋਈ ਦਿੱਕਤ ਆਉਂਦੀ ਹੈ ਤਾਂ ਫੌਰੀ ਤੌਰ ਤੇ ਉਨ੍ਹਾਂ ਨਾਲ ਸੰਪਰਕ ਬਣਾਇਆ ਜਾਏ।
ਬਠਿੰਡਾ ਸ਼ਹਿਰ ਨੂੰ ਸਾਫ਼ ਰੱਖਣ ਅਤੇ ਕੂੜੇ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ, ਮੇਅਰ ਪਦਮਜੀਤ ਸਿੰਘ ਮਹਿਤਾ ਨੇ ਚੀਫ਼ ਸੈਨੇਟਰੀ ਇੰਸਪੈਕਟਰ ਸੰਦੀਪ ਕਟਾਰੀਆ ਅਤੇ ਸਾਰੇ ਸੈਨੇਟਰੀ ਸੁਪਰਵਾਈਜ਼ਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਸਫਾਈ ਕਰਮਚਾਰੀਆਂ ਅਤੇ ਸੀਵਰੇਜ ਯੂਨੀਅਨ ਦੇ ਪ੍ਰਧਾਨ ਸੋਨੂੰ ਸਿਰਸਵਾਲ ਤੇ ਰਵੀ ਕੁਮਾਰ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਚੀਫ ਸੈਨੇਟਰੀ ਇੰਸਪੈਕਟਰ ਅਤੇ ਸੈਨੇਟਰੀ ਸੁਪਰਵਾਈਜ਼ਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ। ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ, ਸਿਰਫ਼ 15 ਦਿਨਾਂ ਦੇ ਅੰਦਰ-ਅੰਦਰ, ਸਫਾਈ ਵਿਵਸਥਾ ਸੁਚਾਰੂ ਢੰਗ ਨਾਲ ਸ਼ੁਰੂ ਹੋ ਗਈ ਸੀ ਅਤੇ ਬਠਿੰਡਾ ਨੂੰ ਗਾਰਬੇਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲੀ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਹੁਣ ਫਿਰ ਤੋਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੇਅਰ ਨੇ ਕਿਹਾ ਕਿ ਉਹ ਕੋਈ ਵੀ ਕਿੰਤੂ ਪਰੰਤੂ ਨਹੀਂ ਚਾਹੁੰਦੇ, ਸਗੋਂ ਅਗਲੇ 15 ਦਿਨਾਂ ਦੇ ਅੰਦਰ-ਅੰਦਰ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਤੇ ਸ਼ਹਿਰ ਵਾਸੀਆਂ ਨੂੰ ਕੂੜੇ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਸੈਨੇਟਰੀ ਅਫ਼ਸਰ ਅਤੇ ਸਫ਼ਾਈ ਸੇਵਕ ਦਿਨ-ਰਾਤ ਸਖ਼ਤ ਮਿਹਨਤ ਕਰ ਰਹੇ ਹਨ, ਪਰ ਬਠਿੰਡਾ ਸ਼ਹਿਰ ਦੇ ਹਰ ਇਲਾਕੇ ਵਿੱਚ ਸੜਕਾਂ ਦੇ ਕਿਨਾਰਿਆਂ ’ਤੇ ਬਣੇ ਸੈਕੰਡਰੀ ਪੁਆਇੰਟਾਂ ਕਾਰਨ ਸਾਰੀ ਮਿਹਨਤ ਬੇਕਾਰ ਜਾ ਰਹੀ ਹੈ। ਮੇਅਰ ਸ੍ਰੀ ਮਹਿਤਾ ਨੇ ਕਿਹਾ ਕਿ ਅਗਲੇ 15 ਦਿਨਾਂ ਦੇ ਅੰਦਰ-ਅੰਦਰ ਬਠਿੰਡਾ ਮਹਾਂਨਗਰ ਵਿੱਚ ਸੜਕਾਂ ਦੇ ਕਿਨਾਰਿਆਂ ’ਤੇ ਬਣੇ ਸੈਕੰਡਰੀ ਪੁਆਇੰਟਾਂ ਨੂੰ ਪੂਰੀ ਤਰ੍ਹਾਂ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਜੋ ਵੀ ਚੱਲ ਰਿਹਾ ਸੀ, ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਪਰ ਹੁਣ ਪਿਛਲੀ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਪਵੇਗਾ।
ਉਨ੍ਹਾਂ ਕਿਹਾ ਕਿ ਜਦੋਂ ਉਹ ਕੂੜੇ ਨਾਲ ਸਬੰਧਤ ਸਮੱਸਿਆਵਾਂ ਸੁਣਦੇ ਹਨ, ਤਾਂ ਉਹ ਸ਼ਰਮਸ਼ਾਰ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਹੁਣ ਨਹੀਂ ਚੱਲੇਗਾ ਅਤੇ ਉਹ ਚਾਹੁੰਦੇ ਹਨ ਕਿ ਸਵੱਛਤਾ ਅਭਿਆਨ ਤਹਿਤ ਅਗਲੇ 15 ਦਿਨਾਂ ਦੇ ਅੰਦਰ ਸ਼ਹਿਰ ਪੂਰੀ ਤਰ੍ਹਾਂ ਸਾਫ਼ ਹੋ ਜਾਵੇ ਤੇ ਲੋਕਾਂ ਨੂੰ ਕੂੜੇ ਦੀ ਸਮੱਸਿਆ ਤੋਂ ਰਾਹਤ ਮਿਲੇ। ਮੇਅਰ ਸ੍ਰੀ ਮਹਿਤਾ ਨੇ ਆਦੇਸ਼ ਦਿੱਤੇ ਕਿ ਜੇਕਰ ਕੋਈ ਟਿੱਪਰ ਜਾਂ ਟਰਾਲੀ ਖਰਾਬ ਹੋ ਜਾਂਦੀ ਹੈ, ਤਾਂ ਤੁਰੰਤ ਇਸ ਬਾਰੇ ਸੂਚਿਤ ਕੀਤਾ ਜਾਵੇ ਅਤੇ ਉਸਦੀ ਮੁਰੰਮਤ ਕਰਵਾਉਣ ਲਈ ਉਨ੍ਹਾਂ ਤੋਂ ਤੂਰੰਤ ਇਜਾਜਤ ਲਈ ਜਾਵੇ। ਉਨ੍ਹਾਂ ਕਿਹਾ ਕਿ ਇੱਕ ਛੋਟੀ ਜਿਹੀ ਸਮੱਸਿਆ ਕਾਰਨ ਪੂਰੇ ਨਗਰ ਨਿਗਮ ਨੂੰ ਸ਼ਰਮਿੰਦਗੀ ਮਹਿਸੂਸ ਕਰਨੀ ਪੈ ਰਹੀ ਹੈ। ਮੇਅਰ ਨੇ ਇਹ ਵੀ ਕਿਹਾ ਕਿ ਉਹ 15 ਦਿਨਾਂ ਬਾਅਦ ਨਤੀਜਾ ਦੇਖਣਗੇ ਅਤੇ ਫਿਰ ਅਗਲੀ ਰਣਨੀਤੀ ਘੜਨਗੇ।
ਸਫਾਈ ਮੁਕਾਬਲਿਆਂ ਦੀ ਤਿਆਰੀ
ਮੇਅਰ ਪਦਮਜੀਤ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੇ ਸੈਨੇਟਰੀ ਅਫਸਰਾਂ ਤੇ ਸੈਨੇਟਰੀ ਵਰਕਰਾਂ ਵਿਚਕਾਰ ਜ਼ੋਨ ਮੁਕਾਬਲੇ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਜ਼ੋਨ ਦੇ ਵਧੀਆ ਕੰਮ ਕਰਨ ਵਾਲੇ ਸੁਪਰਵਾਈਜ਼ਰਾਂ ਤੇ ਸਫਾਈ ਕਰਮਚਾਰੀਆਂ ਨੂੰ ਅਵਾਰਡ ਅਤੇ ਰਿਵਾਰਡ ਦਿੱਤੇ ਜਾਣਗੇ, ਜਦੋਂ ਕਿ ਅਧਿਕਾਰੀਆਂ ਤੇ ਸਫਾਈ ਕਰਮਚਾਰੀਆਂ ਨੂੰ ਪ੍ਰਸ਼ੰਸਾ ਪੱਤਰ ਵੀ ਜਾਰੀ ਕਰਵਾਏ ਜਾਣਗੇ। ਉਨ੍ਹਾਂ ਸੋਨੂੰ ਸਿਰਸਵਾਲ ਅਤੇ ਰਵੀ ਕੁਮਾਰ ਨੂੰ ਕਿਹਾ ਕਿ ਉਹ ਆਪਣੇ ਸਫਾਈ ਸੇਵਕਾਂ ਨੂੰ ਸੈਨੇਟਰੀ ਅਧਿਕਾਰੀਆਂ ਨਾਲ ਸਹਿਯੋਗ ਕਰਨ ਦੇ ਆਦੇਸ਼ ਜਾਰੀ ਕਰਨ, ਤਾਂ ਜੋ ਅਗਲੇ 15 ਦਿਨਾਂ ਦੇ ਅੰਦਰ ਬਠਿੰਡਾ ਸ਼ਹਿਰ ਨੂੰ ਕੂੜੇ ਦੀ ਸਮੱਸਿਆ ਤੋਂ ਮੁਕਤ ਕੀਤਾ ਜਾ ਸਕੇ।