Babushahi Special: ਲੱਲੂ ਕਰੇ ਕੁਵੱਲੀਆਂ ਰੱੱਬ ਸਿੱਧੀਆਂ ਪਾਵੇ ਬਣੀ ਕਾਂਗਰਸੀ ਕੌਂਸਲਰਾਂ ਨੂੰ ਕੱਢਣ ਦੀ ਕਾਰਵਾਈ
ਅਸ਼ੋਕ ਵਰਮਾ
ਬਠਿੰਡਾ,15 ਮਈ2025:ਪੰਜਾਬ ਕਾਂਗਰਸ ਦੀ ਅਨੁਸ਼ਾਸ਼ਨੀ ਕਮੇਟੀ ਨੇ ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਖਿਲਾਫ ਬੇਵਿਸਾਹੀ ਮਤੇ ਤੇ ਆਪਣੀ ਹੀ ਪਾਰਟੀ ਖਿਲਾਫ ਜਾਕੇ ਮਤਾ ਪਾਸ ਕਰਵਾਉਣ ਦੇ ਹੱਕ ’ਚ ਭੁਗਤਣ ਵਾਲੇ 8 ਕਾਂਗਰਸੀ ਕੌਂਸਲਰਾਂ ਨੂੰ ਪੰਜ ਸਾਲ ਲਈ ਪਾਰਟੀ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਕਾਂਗਰਸ ਚੋਂ ਕੱਢੇ ਕੌਂਸਲਰਾਂ ਵਿੱਚ ਕੌਂਸਲਰ ਕਮਲਜੀਤ ਕੌਰ, ਮਮਤਾ ਸੈਣੀ,ਸੁਰੇਸ਼ ਕਮਾਰ, ਪੁਸ਼ਪਾ ਰਾਣੀ, ਕੁਲਵਿੰਦਰ ਕੌਰ, ਰਾਜ ਰਾਣੀ,ਕਮਲੇਸ਼ ਮਹਿਰਾ ਅਤੇ ਮਹਿਲਾ ਕੌਂਸਲਰ ਨੇਹਾ ਸ਼ਾਮਲ ਹਨ। ਕਾਂਗਰਸ ਦੇ ਜਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਵਟਸਐਪ ਗੁਰੱਪ ਰਾਹੀਂ ਕਾਂਗਰਸ ਇੰਨ੍ਹਾਂ ਕੌਂਸਲਰਾਂ ਨੂੰ ਪਾਰਟੀ ਚੋਂ ਕੱਢਣ ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ। ਕੌਂਸਲਰਾਂ ਖਿਲਾਫ ਹੋਈ ਇਸ ਕਾਰਵਾਈ ਨੂੰ ਹਾਕਮ ਧਿਰ ਆਮ ਆਦਮੀ ਪਾਰਟੀ ਲਈ ‘ਹਿੰਗ ਨਾਂ ਫਟਕੜੀ ਰੰਗ ਚੋਖਾ’ ਅਤੇ ਕਾਂਗਰਸੀ ਹਲਕਿਆਂ ਲਈ ਇੱਕ ਤਰਾਂ ਨਾਲ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ।
ਅਨੁਸ਼ਾਸ਼ਨੀ ਕਮੇਟੀ ਨੇ ਫਿਲਹਾਲ ਪੰਜਾਬ ਕਾਂਗਰਸ ਦੇ ਡੈਲੀਗੇਟ ਪਵਨ ਮਾਨੀ ਤੇ ਉਨ੍ਹਾਂ ਦੀ ਕੌਂਸਲਰ ਪਤਨੀ ਪ੍ਰਵੀਨ ਗਰਗ, ਕੌਂਸਲਰ ਬਲਰਾਜ ਸਿੰਘ ਪੱਕਾ, ਜਸਵੀਰ ਜੱਸਾ ਅਤੇ ਕੌਂਸਲਰ ਸ਼ਾਮ ਲਾਲ ਗਰਗ ਖਿਲਾਫ ਕਾਰਵਾਈ ਕਰਨ ਤੋਂ ਫਿਲਹਾਲ ਪਾਸਾ ਵੱਟ ਲਿਆ ਹੈ। ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਸਮੇਤ ਕਈ ਕਾਂਗਰਸੀ ਆਗੂਆਂ ਨੇ ਪਾਰਟੀ ਹਾਈਕਮਾਂਡ ਨੂੰ ਇੰਨ੍ਹਾਂ ਕੌਂਸਲਰਾਂ ਆਦਿ ਖਿਲਾਫ ਸ਼ਕਾਇਤ ਦਿੱਤੀ ਸੀ। ਸ਼ਕਾਇਤ ਤੋਂ ਬਾਅਦ ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਨੇ ਲੰਘੀ ਛੇ ਮਈ ਨੂੰ ਪਾਰਟੀ ਖਿਲਾਫ ਜਾਣ ਵਾਲੇ 12 ਕਾਂਗਰਸੀ ਕੌਂਸਲਰਾਂ ਅਤੇ ਇੱਕ ਸੂਬਾ ਡੈਲੀਗੇਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਦੇ ਅੰਦਰ ਅੰਦਰ ਜਵਾਬ ਦੇਣ ਲਈ ਕਿਹਾ ਸੀ। ਅਜਿਹਾ ਨਾਂ ਕਰਨ ਦੀ ਸੂਰਤ ’ਚ ਕਾਰਵਾਈ ਦੀ ਚਿਤਾਵਨੀ ਦਿੱਤੀ ਸੀ। ਤਕਰੀਬਨ ਹਫਤੇ ਮਗਰੋਂ ਅਨੁਸ਼ਾਸ਼ਨੀ ਕਮੇਟੀ ਨੇ ਇਹ ਕੌਂਸਲਰਾਂ ਪਾਰਟੀ ਚੋਂ ਕੱਢ ਦਿੱਤੇ ਹਨ।
ਸਿਆਸੀ ਮਾਹਿਰਾਂ ਦਾ ਕਹਿਣਾ ਸੀ ਕਿ ਕਾਂਗਰਸ ਦੀ ਇਸ ਕਾਰਵਾਈ ਨੇ ਕਾਂਗਰਸੀ ਕੌਂਸਲਰਾਂ ਨੂੰ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਖੁੱਲ੍ਹ ਕੇ ਖੇਡ੍ਹਣ ਦਾ ਮੌਕਾ ਮੁਹੱਈਆ ਕਰਵਾ ਦਿੱਤਾ ਹੈ। ਇੱਕ ਕੱਟੜ ਕਾਂਗਰਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲਈ ਤਾਂ ਇਹ ਕਾਰਵਾਈ ‘ਲੱਲੂ ਕਰੇ ਕੁਵੱਲੀਆਂ ਰੱਬ ਸਿੱਧੀਆਂ ਪਾਵੇ ਸਾਬਤ ਹੋਣੀ ਹੈ ਜਿਸ ਨੂੰ ਬਿਨਾਂ ਕਿਸੇ ਹੀਲ ਹੁੱਜਤ ਦੇ ਪਾਰਟੀ ਆਪਣੇ ਕੌਂਸਲਰ ਥਾਲੀ ’ਚ ਪਰੋਸ ਕੇ ਦੇਣ ਲੱਗੀ ਹੋਈ ਹੈ। ਉਨ੍ਹਾਂ ਮੰਨਿਆ ਕਿ ਜਿਸ ਕਾਂਗਰਸ ਨੂੰ ਨਗਰ ਨਿਗਮ ਚੋਣਾਂ ਦੌਰਾਨ ਸ਼ਹਿਰ ਨੇ ਪਲਕਾਂ ਤੇ ਬਿਠਾਇਆ ਸੀ ਉਸੇ ਪਾਰਟੀ ਦੇ ਕੁੱਝ ਮਤਲਬਪ੍ਰਸਤ ਲੀਡਰਾਂ ਨੇ ਪਾਰਟੀ ਹਾਸ਼ੀਏ ਤੇ ਲਿਆ ਖੜ੍ਹਾਈ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਨਗਰ ਨਿਗਮ ’ਚ ਆਪਣੀ ਲੀਡਰਸ਼ਿਪ ਕੋਲੋਂ ਸੁਣਵਾਈ ਨਾਂ ਹੋਣ ਤੋਂ ਨਰਾਜ਼ ਕੌਂਸਲਰ ਹਾਕਮ ਧਿਰ ਦੇ ਹੱਕ ’ਚ ਭੁਗਤੇ ਹਨ।
ਪੰਜ ਦਾ ਮਾਮਲਾ ਵਿਚਾਰ ਅਧੀਨ
ਅਨੁਸ਼ਾਸ਼ਨੀ ਕਮੇਟੀ ਦੇ ਚੇਅਰਮੈਨ ਅਵਤਾਰ ਹੈਨਰੀ ਦਾ ਕਹਿਣਾ ਸੀ ਕਿ ਪਾਰਟੀ ਦੇ ਇੱਕ ਸੂਬਾ ਡੈਲੀਗੇਟ ਅਤੇ 4 ਕੌਂਸਲਰਾਂ ਦਾ ਮਾਮਲਾ ਵਿਚਾਰ ਅਧੀਨ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਅਨੁਸ਼ਾਸ਼ਨ ਭੰਗ ਕਰਨ ਵਾਲਿਆਂ ਨੂੰ ਬਖਸ਼ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਅਸੂਲ ਸਿਰਫ ਕੌਂਸਲਰਾਂ ਤੇ ਹੀ ਨਹੀਂ ਬਲਕਿ ਵਰਕਰਾਂ ਅਤੇੇ ਵੱਡੇ ਆਗੂਆਂ ਤੇ ਵੀ ਲਾਗੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਰਟੀ ਆਪਣੇ ਵਰਕਰਾਂ ਨਾਲ ਖਲੋਂਦੀ ਹੈ ਤਾਂ ਹਰ ਵਰਕਰ ਤੋਂ ਵੀ ਇਹੋ ਤਵੱਕੋ ਕੀਤੀ ਜਾਂਦੀ ਹੈ।
ਜਿਲ੍ਹਾ ਪ੍ਰਧਾਨ ਵੱਲੋਂ ਚਿਤਾਵਨੀ
ਜਿਲ੍ਹਾ ਸ਼ਹਿਰੀ ਪ੍ਰਧਾਨ ਰਾਜਨ ਗਰਗ ਦਾ ਕਹਿਣਾ ਸੀ ਕਿ ਜੋ ਪਾਰਟੀ ਦਾ ਨੁਕਸਾਨ ਕਰੇਗਾ ਉਸ ਖਿਲਾਫ ਉਹ ਲਿਖਣ ਤੋਂ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਲੋਕ ਪਾਰਟੀ ਦਾ ਗਰੁੱਪ ਛੱਡ ਜਾਣ ਨਹੀਂ ਤਾਂ ਮਜਬੂਰੀ ਵੱਸ ਬਾਹਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਅਨੁਸ਼ਾਸ਼ਨੀ ਕਮੇਟੀ ਨੇ ਦੋ ਵਾਰ ਨੋਟਿਸ ਜਾਰੀ ਕੀਤਾ ਸੀ ਪਰ ਉਨ੍ਹਾਂ ਨੇ ਆਪਣਾ ਵਤੀਰਾ ਨਾਂ ਬਦਲਿਆ ਤਾਂ ਇਹ ਕਾਰਵਾਈ ਕਰਨੀ ਪਈ ਹੈ।
ਪਹਿਲਾਂ ਵੀ ਪਾਰਟੀ ਚੋਂ ਕੌਂਸਲਰ
ਕਾਂਗਰਸ ਪਾਰਟੀ ਨੇ ਆਪਣੇ ਕੌਂਸਲਰਾਂ ਖਿਲਾਫ ਪਹਿਲੀ ਵਾਰ ਅਨੁਸ਼ਾਸ਼ਨੀ ਕਾਰਵਾਈ ਨਹੀਂ ਕੀਤੀ ਬਲਕਿ ਸਭ ਤੋਂ ਪਹਿਲਾਂ ਮੇਅਰ ਰਮਨ ਗੋਇਲ ਦੀ ਹਮਾਇਤ ਕਰਨ ਵਾਲੇ ਅੱਧੀ ਦਰਜਨ ਤੋਂ ਵੱਧ ਕੌਂਸਲਰਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਸੀ। ਸਾਬਕਾ ਵਿੱਤ ਮੰਤਰੀ ਪੱਖੀ ਕਰੀਬ ਦਰਜਨ ਭਰ ਕੌਂਸਲਰਾਂ ਨੇ ਆਪਣਾ ਵੱਖਰਾ ਮੁਹਾਜ਼ ਬਣਾਇਆ ਹੋਇਆ ਹੈ। ਮੇਅਰ ਪਦਮਜੀਤ ਮਹਿਤਾ ਦੇ ਹੱਕ ’ਚ ਵੋਟ ਪਾਉਣ ਵਾਲੇ 5 ਕੌਂਸਲਰ ਪਾਰਟੀ ਚੋਂ ਕੱਢੇ ਗਏ ਸਨ ਅਤੇ ਹੁਣ ਇੱਕ ਵਾਰ ਫਿਰ 8 ਕੌਂਸਲਰਾਂ ਖਿਲਾਫ ਕਾਰਵਾਈ ਕੀਤੀ ਹੈ। ਦੇਖਿਆ ਜਾਏ ਤਾਂ ਹੁਣ ਤੱਕ ਪਾਰਟੀ ਤਕਰੀਬਨ ਦੋ ਦਰਜਨ ਕੌਂਸਲਰਾਂ ਖਿਲਾਫ ਕਾਰਵਾਈ ਕਰ ਚੁੱਕੀ ਹੈ ਜਦੋਂਕਿ ਕਈਆਂ ਨੇ ਅਜੇ ਵੀ ਹਾਕਮ ਧਿਰ ਦਾ ਸਾਥ ਦਿੱਤਾ ਹੋਇਆ ਹੈ।
ਪਾਰਟੀ ਫੁੱਟ ਨੇ ਡੋਬੀ ਕਿਸ਼ਤੀ
ਤਕਰੀਬਨ 50 ਸਾਲ ਬਾਅਦ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਮੌਕੇ ਕਾਂਗਰਸ 50 ਵਾਰਡਾਂ ਚੋਂ 43 ਵਿੱਚ ਜਿੱਤੀ ਸੀ। ਇਸ ਤੋਂ ਬਾਅਦ ਸ਼੍ਰੀਮਤੀ ਰਮਨ ਗੋਇਲ ਨੂੰ ਮੇਅਰ ਬਣਾਇਆ ਗਿਆ ਸੀ । ਮੇਅਰ ਰਮਨ ਗੋਇਲ ਨੂੰ ਹਟਾਉਣ ਵੇਲੇ ਪਹਿਲੀ ਵਾਰ ਕਾਂਗਰਸ ਪਾਟੋਧਾੜ ਹੋਈ ਸੀ । ਇਸ ਦੇ ਬਾਵਜੂਦ ਕਾਂਗਰਸ ਕੋਲ 27 ਕੌਂਸਲਰਾਂ ਨਾਲ ਹਾਊਸ ’ਚ ਬਹੁਮੱਤ ਹਾਸਲ ਸੀ। ਇਸ ਨੂੰ ਲੀਡਰਸ਼ਿਪ ਦੀ ਨਾਕਾਮੀ ਮੰਨੀਏ ਜਾਂ ਫਿਰ ਮੈਨੇਜਮੈਂਟ ਕਿ ਸਿਰਫ ਇੱਕ ਕੌਂਸਲਰ ਦੇ ਸਿਰ ਤੇ ਹਾਕਮ ਧਿਰ ਨੇ ਕਾਂਗਰਸੀ ਕੌਂਸਲਰਾਂ ਸਹਾਰੇ ਹੀ ਮੇਅਰ ਦਾ ਮੈਦਾਨ ਫਤਿਹ ਕਰ ਲਿਆ। ਉਸ ਮਗਰੋ ਡਿਪਟੀ ਮੇਅਰ ਤੇ ਅੰਤ ’ਚ ਸੀਨੀਅਰ ਡਿਪਟੀ ਮੇਅਰ ਨੂੰ ਹਟਾ ਦਿੱਤਾ ਗਿਆ।