ਫਿਰੋਜ਼ਪੁਰ ਤੋਂ ਨਾਂਦੇੜ ਸਾਹਿਬ ਵਾਇਆ ਫਰੀਦਕੋਟ ਅਤੇ ਫਿਰੋਜ਼ਪੁਰ ਤੋਂ ਹਰਿਦੁਆਰ ਵਾਇਆ ਬਠਿੰਡਾ ਹਫਤਾਵਾਰੀ ਟਰੇਨਾਂ ਜਲਦੀ ਸ਼ੁਰੂ ਹੋਣਗੀਆਂ - ਸੇਖੋਂ
- ਵਿਧਾਇਕ ਸੇਖੋਂ ਨੇ ਰੇਲਵੇ ਮੰਤਰੀ ਦਾ ਕੀਤਾ ਧੰਨਵਾਦ
- ਰਹਿੰਦੀਆਂ ਬਾਕੀ ਮੰਗਾਂ ਦਾ ਹੱਲ ਜਲਦੀ ਕਰਨ ਦੀ ਕੀਤੀ ਉਮੀਦ
ਫਰੀਦਕੋਟ 15 ਮਈ 2025 - ਭਾਰਤੀ ਰੇਲਵੇ ਵੱਲੋਂ ਦੋ ਟ੍ਰੇਨਾਂ ਜਿੰਨਾਂ ਵਿੱਚ ਫਿਰੋਜਪੁਰ ਤੋਂ ਨਾਂਦੇੜ ਸਾਹਿਬ ਵਾਇਆ ਫਰੀਦਕੋਟ ਅਤੇ ਫਿਰੋਜਪੁਰ ਤੋਂ ਹਰਿਦੁਆਰ ਵਾਇਆ ਬਠਿੰਡਾ ਹਫਤਾਵਾਰੀ ਟਰੇਨਾਂ ਜਲਦੀ ਸ਼ੁਰੂ ਹੋਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੱਤਰ ਨੰ.717,ਮਿਤੀ:-22 ਜੁਲਾਈ 2024 ਨੂੰ ਸ.ਰਵਨੀਤ ਸਿੰਘ ਬਿੱਟੂ ਮੰਤਰੀ ਰੇਲਵੇ ਵਿਭਾਗ ਭਾਰਤ ਸਰਕਾਰ ਨੂੰ ਫਰੀਦਕੋਟ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਸਬੰਧ ਵਿੱਚ ਇੱਕ ਪੱਤਰ ਲਿਖਿਆ ਗਿਆ ਸੀ। ਜਿਸ ਵਿੱਚ ਉਨ੍ਹਾਂ ਵੱਲੋਂ ਬਠਿੰਡਾ-ਫਿਰੋਜਪੁਰ ਰੇਲਵੇ ਟਰੈਕ ਨੂੰ ਡਬਲ ਕਰਨ, ਤਿੰਨ ਨਵੀਆਂ ਰੇਲਗੱਡੀਆਂ, ਫਿਰੋਜਪੁਰ ਤੋਂ ਨਾਂਦੇੜ ਸਾਹਿਬ ਵਾਇਆ ਫਰੀਦਕੋਟ, ਫਿਰੋਜਪੁਰ ਤੋਂ ਹਰਿਦੁਆਰ ਵਾਇਆ ਬਠਿੰਡਾ, ਫਿਰੋਜਪੁਰ ਤੋਂ ਅੰਬਾਲਾ ਕੈਂਟ ਵਾਇਆ ਬਠਿੰਡਾ (ਇੰਟਰਸਿਟੀ ਐਕਸਪ੍ਰੈਸ), 02 ਰੇਲਗੱਡੀਆਂ ਦੀ ਐਕਟੈਨਸ਼ਨ ਜਿੰਨਾਂ ਵਿੱਚ ਫਿਰੋਜਪੁਰ-ਚੰਡੀਗੜ੍ਹ ਐਕਸਪ੍ਰੈਸ ਟ੍ਰੇਨ ਨੰਬਰ-14613/14 ਨੂੰ ਬਠਿੰਡਾ ਤੱਕ ਵਧਾਉਣ , ਦਿੱਲੀ-ਬਠਿੰਡਾ ਸੁਪਰਫਾਸਟ ਟ੍ਰੇਨ ਨੰ.20409/10 ਨੂੰ ਫਿਰੋਜਪੁਰ ਤੱਕ ਵਧਾਉਣ ਤੋਂ ਇਲਾਵਾ ਜਨਤਾ ਐਕਸਪ੍ਰੈਸ (ਮੁੰਬਈ-ਫਿਰੋਜਪੁਰ) ਟ੍ਰੇਨ ਨੰ.19023/24, ਸ਼ਤਾਬਦੀ ਐਕਸਪ੍ਰੈਸ (ਫਿਰੋਜਪੁਰ-ਨਵੀਂ ਦਿੱਲੀ) ਟ੍ਰੇਨ ਨੰ.12046/47.ਅੰਨਤੋਦਿਆ ਸੁਪਰਫਾਸਟ (ਦੁਰਗ-ਫਿਰੋਜਪੁਰ) ਟ੍ਰੇਨ ਨੰ.22855/56 ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਉਪਰੋਕਤ ਤੋਂ ਇਲਾਵਾ ਅਜਮੇਰ-ਸ੍ਰੀ ਅੰਮ੍ਰਿਤਸਰ ਸਾਹਿਬ ਐਕਸਪ੍ਰੈਸ ਟ੍ਰੇਨ ਨੰ.19611/12 ਨੂੰ ਜੋ ਕਿ ਹਫਤੇ ਵਿੱਚ ਦੋ ਦਿਨ ਚਲਦੀ ਹੈ ਨੂੰ ਰੋਜਾਨਾ ਚਲਾਉਣ ਦੀ ਮੰਗ ਕੀਤੀ ਗਈ ਸੀ। ਇਸ ਤੋਂ ਇਲਾਵਾ ਵਿਧਾਇਕ ਸ.ਗੁਰਦਿੱਤ ਸਿੰਘ ਸੇਖੋਂ ਨੇ ਸ.ਰਵਨੀਤ ਸਿੰਘ ਬਿੱਟੂ ਪਾਸੋਂ ਇਹ ਮੰਗ ਕੀਤੀ ਸੀ ਫਰੀਦਕੋਟ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ.02 ਦੀ ਲੰਬਾਈ ਟ੍ਰੇਨਾਂ ਦੀ ਲੰਬਾਈ ਦੇ ਮੁਕਾਬਲੇ ਵਿੱਚ ਘੱਟ ਹੈ। ਉਨ੍ਹਾਂ ਇਸ ਪਲੇਟਫਾਰਮ ਨੂੰ ਟ੍ਰੇਨਾਂ ਦੀ ਲੰਬਾਈ ਦੇ ਮੁਤਾਬਿਕ ਲੰਬਾ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਇਲਾਵਾ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਹਲਕਾ ਵਿਧਾਇਕ ਫਰੀਦਕੋਟ ਵੱਲੋਂ ਫਰੀਦਕੋਟ-ਬੀੜ ਚਹਿਲ ਰੋਡ,ਕੋਟਕਪੂਰਾ ਬਾਈਪਾਸ, ਪੱਖੀ-ਪਹਿਲੂਵਾਲਾ ਰੋਡ,ਭੋਲੂਵਾਲਾ ਰੋਡ ਉੱਪਰ ਪੁੱਲ ਬਣਾਉਣ ਦੀ ਮੰਗ ਵੀ ਕੀਤੀ ਗਈ ਸੀ।
ਸੇਖੋਂ ਵੱਲੋਂ ਰਵਨੀਤ ਸਿੰਘ ਬਿੱਟੂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਦੱਸਿਆ ਕਿ ਰੇਲਵੇ ਵੱਲੋਂ ਦੋ ਟ੍ਰੇਨਾਂ ਜਿੰਨਾਂ ਵਿੱਚ ਫਿਰੋਜਪੁਰ ਤੋਂ ਨਾਂਦੇੜ ਸਾਹਿਬ ਵਾਇਆ ਫਰੀਦਕੋਟ ਅਤੇ ਫਿਰੋਜਪੁਰ ਤੋਂ ਹਰਿਦੁਆਰ ਵਾਇਆ ਬਠਿੰਡਾ ਹਫਤਾਵਾਰੀ ਜਲਦੀ ਸ਼ੁਰੂ ਹੋਣਗੀਆਂ। ਫਰੀਦਕੋਟ ਦੇ ਲੋਕਾਂ ਵੱਲੋਂ ਵੀ ਰੇਲਵੇ ਮੰਤਰੀ ਸ.ਰਵਨੀਤ ਸਿੰਘ ਬਿੱਟੂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਉਹ ਉਪਰੋਕਤ ਅਨੁਸਾਰ ਬਾਕੀ ਦੀਆਂ ਸਮੱਸਿਆਵਾਂ ਦਾ ਹੱਲ ਵੀ ਜਲਦੀ ਕਰ ਦੇਣਗੇ।