ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ’ਚ ਬਜ਼ੁਰਗਾਂ ਦਾ ਬੋਲਬਾਲਾ
87 ਸਾਲ ਦੀ ਉਮਰ ਤੱਕ ਦੇ ਖਿਡਾਰੀਆਂ ਨੇ ਦਿਖਾਇਆ ਜੋਸ਼, ਜਿੱਤੇ ਗੋਲਡ ਮੈਡਲ
KAMALJEET SANDHU
ਬਰਨਾਲਾ, 16 ਸਤੰਬਰ 2026- ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਤਹਿਤ ਬਲਾਕ ਬਰਨਾਲਾ ਵਿੱਚ ਹੋ ਰਹੀਆਂ ਖੇਡਾਂ ਦੌਰਾਨ ਜਿੱਥੇ ਨੌਜਵਾਨ ਖਿਡਾਰੀਆਂ ਨੇ ਆਪਣੀ ਖੇਡ ਦਾ ਹੁਨਰ ਦਿਖਾਇਆ, ਉੱਥੇ ਹੀ ਬਜ਼ੁਰਗ ਖਿਡਾਰੀਆਂ ਦਾ ਜੋਸ਼ ਵੀ ਦੇਖਣਯੋਗ ਰਿਹਾ। ਬਲਾਕ ਬਰਨਾਲਾ ਦੀਆਂ ਇਨ੍ਹਾਂ ਖੇਡਾਂ ਵਿੱਚ 87 ਸਾਲ ਦੀ ਉਮਰ ਤੱਕ ਦੇ ਬਜ਼ੁਰਗਾਂ ਨੇ ਵੱਖ-ਵੱਖ ਖੇਡਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਉਮਰ ਦੇ ਇਸ ਪੜਾਅ ’ਤੇ ਵੀ ਇਨ੍ਹਾਂ ਖਿਡਾਰੀਆਂ ਦਾ ਖੇਡਾਂ ਪ੍ਰਤੀ ਜਜ਼ਬਾ ਨੌਜਵਾਨਾਂ ਲਈ ਇੱਕ ਵੱਡੀ ਮਿਸਾਲ ਬਣਿਆ ਹੋਇਆ ਹੈ।
ਖਾਸ ਗੱਲ ਇਹ ਰਹੀ ਕਿ ਇਨ੍ਹਾਂ ਬਜ਼ੁਰਗ ਖਿਡਾਰੀਆਂ ਨੇ ਸਿਰਫ਼ ਹਿੱਸਾ ਹੀ ਨਹੀਂ ਲਿਆ, ਸਗੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਸਮੇਤ ਹੋਰ ਪ੍ਰਾਪਤੀਆਂ ਵੀ ਆਪਣੇ ਨਾਮ ਕੀਤੀਆਂ। ਇਸ ਮੌਕੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਬਜ਼ੁਰਗ ਖਿਡਾਰੀਆਂ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਖੇਡਾਂ ਨਾਲ ਲਗਾਤਾਰ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਉਮਰ ਭਾਵੇਂ ਵਧ ਗਈ ਹੈ, ਪਰ ਖੇਡਾਂ ਪ੍ਰਤੀ ਉਨ੍ਹਾਂ ਦਾ ਜਜ਼ਬਾ ਅੱਜ ਵੀ ਪਹਿਲਾਂ ਵਾਂਗ ਹੀ ਕਾਇਮ ਹੈ ਅਤੇ ਉਹ ਲਗਾਤਾਰ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਮੈਡਲ ਅਤੇ ਹੋਰ ਪ੍ਰਾਪਤੀਆਂ ਹਾਸਲ ਕਰ ਰਹੇ ਹਨ।
ਬਜ਼ੁਰਗ ਖਿਡਾਰੀਆਂ ਨੇ ਕਿਹਾ ਕਿ ਖੇਡਾਂ ਸਿਰਫ਼ ਨੌਜਵਾਨਾਂ ਲਈ ਹੀ ਨਹੀਂ ਹਨ, ਸਗੋਂ ਹਰ ਉਮਰ ਦੇ ਵਿਅਕਤੀ ਨੂੰ ਆਪਣੀ ਸਿਹਤ ਅਤੇ ਤੰਦਰੁਸਤੀ ਲਈ ਖੇਡਾਂ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਵੀ ਅਪੀਲ ਕੀਤੀ ਕਿ ਉਹ ਮੋਬਾਈਲ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਆਪਣਾ ਧਿਆਨ ਦੇਣ।
ਇਸ ਦੇ ਨਾਲ ਹੀ ਬਜ਼ੁਰਗ ਖਿਡਾਰੀਆਂ ਨੇ ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ‘ਖੇਡਾਂ ਵਤਨ ਪੰਜਾਬ ਦੀਆਂ’ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਹਰ ਉਮਰ ਦੇ ਲੋਕਾਂ ਨੂੰ ਖੇਡਾਂ ਨਾਲ ਜੋੜਨ ਲਈ ਬਹੁਤ ਵਧੀਆ ਮੰਚ ਮੁਹੱਈਆ ਕਰਵਾ ਰਹੇ ਹਨ। ਬਲਾਕ ਬਰਨਾਲਾ ਦੀਆਂ ਇਨ੍ਹਾਂ ਖੇਡਾਂ ਵਿੱਚ ਬਜ਼ੁਰਗਾਂ ਦੀ ਸ਼ਮੂਲੀਅਤ ਨੇ ਇਹ ਸਾਬਤ ਕਰ ਦਿੱਤਾ ਕਿ ਖੇਡਾਂ ਲਈ ਉਮਰ ਕੋਈ ਰੁਕਾਵਟ ਨਹੀਂ ਹੁੰਦੀ, ਜੇਕਰ ਹੌਸਲਾ ਅਤੇ ਜਜ਼ਬਾ ਕਾਇਮ ਹੋਵੇ।