ਚਕਰ ਬਾਕਸਿੰਗ ਦਾ ਚੜ੍ਹਦਾ ਸੂਰਜ ਸਿਮਰਨ ਧੰਜਲ ...
ਪਿੰਡ ਦੇ ਆਮ ਜਿਹੇ ਲੜਕਿਆਂ (ਜਿਮੀ, ਅਮਿਤ, ਗੋਗੀ, ਕਰਨਦੀਪ) ਦਾ ਕਮਾਲ ਹੀ ਹੈ ਕਿ ਉਨ੍ਹਾਂ ਨੇ 'ਪੰਜਾਬ (5Jab) ਸਪੋਰਟਸ ਅਕੈਡਮੀ' ਰਾਹੀਂ ਚਕਰ ਵਿੱਚ ਇੱਕ ਹੋਰ ਅੰਤਰਰਾਸ਼ਟਰੀ ਬਾਕਸਿੰਗ ਖਿਡਾਰਣ ਦਿੱਤੀ ਹੈ ।ਸਿਮਰਨ ਧੰਜਲ ਚਕਰ ਬਾਕਸਿੰਗ ਦਾ ਚੜ੍ਹਦਾ ਸੂਰਜ ਬਣ ਰਹੀ ਹੈ।ਉਸ ਨੇ ਜੋਰਡਨ ਵਿਖੇ ਹੋਈ ਅੰਡਰ 17 ਏਸ਼ੀਅਨ ਚੈਂਪੀਅਨਸ਼ਿਪ ਵਿੱਚ 60 ਕਿਲੋ ਭਾਰ ਵਰਗ ਵਿੱਚ ਵਿਦੇਸ਼ੀ ਮੁੱਕੇਬਾਜ਼ ਲੜਕੀਆਂ ਨੂੰ ਹਰਾ ਕੇ ਸਿਲਵਰ ਮੈਡਲ ਜਿੱਤਿਆ ਹੈ।ਤਿੰਨ ਕੁ ਮਰਲਿਆਂ ਵਾਲੇ ਘਰ ਵਿੱਚੋਂ ਗਰੀਬੀ ਨਾਲ ਜੂਝਦਿਆਂ ਅਜਿਹੀ ਸ਼ੇਰਨੀ ਦਾ ਪੈਦਾ ਹੋਣਾ ਚਕਰ ਲਈ ਹੀ ਨਹੀਂ, ਪੂਰੇ ਪੰਜਾਬ ਅਤੇ ਭਾਰਤ ਲਈ ਵੀ ਮਾਣ ਵਾਲੀ ਗੱਲ ਹੈ।ਰਾਜ ਮਿਸਤਰੀ ਪਿਤਾ ਰਣਜੀਤ ਸਿੰਘ ਅਤੇ ਮਾਤਾ ਸ਼ਿੰਦਰਪਾਲ ਕੌਰ ਨੂੰ ਬਹੁਤ ਬਹੁਤ ਮੁਬਾਰਕਾਂ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਚਕਰ ਦੀ ਇਸ ਪ੍ਰਾਪਤੀ ਵਿੱਚ ਸੰਸਾਰ ਦੇ ਵੱਖ ਵੱਖ ਦੇਸ਼ਾਂ (ਅਮਰੀਕਾ, ਕਨੇਡਾ, ਆਸਟ੍ਰੇਲੀਆ ਆਦਿ) ਵਿੱਚ ਵਸੇ ਚਕਰ ਦੇ ਪਰਵਾਸੀ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ।ਜਿਹੜੇ ਪਰਵਾਸੀ ਵੀਰ ਬਾਕਸਿੰਗ ਕੋਚ ਅਤੇ ਸਾਮਾਨ ਸੰਬੰਧੀ ਸਿੱਧੀ ਅਸਿੱਧੀ ਸਹਾਇਤਾ ਕਰਦੇ ਹਨ ਉਨ੍ਹਾਂ ਵਿੱਚ ਅਮਰੀਕਾ ਤੋਂ ਰੁਪਿੰਦਰ ਸਿੱਧੂ, ਦਰਸ਼ਨ ਗਿੱਲ, ਕੁਲਦੀਪ ਜੈਦ, ਗੁਰਜੰਟ ਸੰਧੂ ਅਤੇ ਗੁਰਮਨਦੀਪ ਸੰਧੂ ਦਾ ਵਿਸ਼ੇਸ਼ ਜ਼ਿਕਰ ਕੀਤਾ ਜਾ ਸਕਦਾ ਹੈ।ਇੱਕ ਸਾਲ ਜਸਵਿੰਦਰ ਸਿੰਘ (ਛਿੰਦਾ ਸਰਪੰਚ) ਅਤੇ ਰਣਯੋਧ ਸਿੰਘ ਕਨੇਡਾ ਦੇ ਪਰਿਵਾਰ ਵੱਲੋਂ ਵੀ ਬਾਕਸਿੰਗ ਨਮਿੱਤ ਵੱਡੀ ਸੇਵਾ ਕੀਤੀ ਗਈ। ਸਿਮਰਨ ਦੇ ਪਹਿਲੇ ਕੋਚ ਮਿੱਤ ਸਿੰਘ ਅਤੇ ਮੌਜੂਦਾ ਕੋਚ ਕਰਨਦੀਪ ਸਿੰਘ ਸੰਧੂ ਦਾ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਚਕਰ ਨੂੰ ਇਹ ਮਾਣਮੱਤੇ ਪਲ ਬਖਸ਼ੇ ਹਨ।ਪੰਜਾਬ ਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ ਸੰਤੋਸ਼ ਦੱਤਾ ਜੀ, ਪੰਜਾਬ ਫਾਊਂਡੇਸ਼ਨ ਦੇ ਸਰਪ੍ਰਸਤ ਜਗਦੀਪ ਸਿੰਘ ਘੁੰਮਣ, ਕੋਚ ਹਰਪ੍ਰੀਤ ਸਿੰਘ ਪਠਾਨਕੋਟ ਅਤੇ ਪੰਜਾਬ ਦੇ ਹੋਰ ਕੋਚ ਸਾਹਿਬਾਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਿੰਨ੍ਹਾਂ ਨੇ ਚਕਰ ਬਾਕਸਿੰਗ ਨੂੰ ਆਪਣੇ ਪਰਿਵਾਰ ਵਾਂਗ ਪਿਆਰ ਦਿੱਤਾ ਹੈ। ਪਿਛਲੀਆਂ ਪੰਚਾਇਤਾਂ ਅਤੇ ਮੌਜੂਦਾ ਪੰਚਾਇਤ ਤੋਂ ਵੀ ਬਹੁਤ ਸਹਿਯੋਗ ਮਿਲਦਾ ਰਿਹਾ ਹੈ ਅਤੇ ਮਿਲ ਵੀ ਰਿਹਾ ਹੈ।
ਜੋਰਡਨ ਤੋਂ ਤਗਮਾ ਜਿੱਤ ਕੇ ਵਾਪਸ ਪਰਤ ਰਹੀ ਸਿਮਰਨ ਧੰਜਲ ਦਾ ਚਕਰ ਪਹੁੰਚਣ 'ਤੇ ਨਗਰ ਨਿਵਾਸੀਆਂ ਅਤੇ ਪੰਚਾਇਤ ਵੱਲੋਂ 04 ਮਈ ਨੂੰ ਸਵਾਗਤ ਕੀਤਾ ਜਾਵੇਗਾ।ਸਵਾਗਤੀ ਕਾਫ਼ਲਾ ਸਵੇਰੇ 9.00 ਵਜੇ ਲੱਖੇ ਵਾਲੇ ਅੱਡੇ ਤੋਂ ਚੱਲੇਗਾ। ਫਿਰ ਗੁਰਦੁਆਰਾ ਸਾਹਿਬ ਵਿਖੇ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਜਾਵੇਗਾ ਅਤੇ ਅਸ਼ੀਰਵਾਦ ਲਿਆ ਜਾਵੇਗਾ। ਸਮੂਹ ਚਕਰ ਨਿਵਾਸੀਆਂ ਨੂੰ ਅਪੀਲ ਹੈ ਕਿ ਆਪੋ ਆਪਣੇ ਮੋਟਰਸਾਈਕਲਾਂ ਉੱਤੇ ਸਵੇਰੇ ਸਾਢੇ ਅੱਠ ਵਜੇ ਲੱਖੇ ਵਾਲੇ ਅੱਡੇ 'ਤੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ।