Breaking: ਚਿੱਟਾ ਕੁਈਨ ਲੇਡੀ ਹੈਡ ਕਾਂਸਟੇਬਲ ਅਮਨਦੀਪ ਕੌਰ ਨੂੰ 29 ਦਿਨਾਂ ਬਾਅਦ ਮਿਲੀ ਜ਼ਮਾਨਤ
ਅਸ਼ੋਕ ਵਰਮਾ
ਬਠਿੰਡਾ, 1 ਮਈ 2025: ਬਠਿੰਡਾ ਪੁਲਿਸ ਵੱਲੋਂ ਲੰਘੀ ਦੋ ਮਈ ਨੂੰ 17.71 ਗ੍ਰਾਮ ਚਿੱਟੇ ਸਮੇਤ ਗ੍ਰਿਫਤਾਰ ਲੇਡੀ ਹੈਡ ਕਾਂਸਟੇਬਲ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਨੂੰ ਜਿਲ੍ਹਾ ਅਦਾਲਤ ਬਠਿੰਡਾ ਨੇ ਜਮਾਨਤ ਦੇ ਦਿੱਤੀ ਹੈ। ਅਮਨਦੀਪ ਕੌਰ ਦਾ 29 ਦਿਨ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਬਾਹਰ ਆਉਣ ਦਾ ਰਾਹ ਪੱਧਰਾ ਹੋ ਗਿਆ ਹੈ। ਹਾਲਾਂਕਿ ਅਮਨਦੀਪ ਕੌਰ ਨੂੰ ਜਮਾਨਤ ਮਿਲਣ ਸਬੰਧੀ ਚਰਚਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸੀ ਜੋ ਅੱਜ ਸੱਚ ਹੋ ਗਈ ਹੈ। ਅਮਨਦੀਪ ਕੌਰ ਦਾ ਮਾਨਸਾ ਜਿਲ੍ਹੇ ਨਾਲ ਸਬੰਧ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਬਠਿੰਡਾ ਪੁਲਿਸ ਲਾਈਨ ’ਚ ਤਾਇਨਾਤ ਸੀ। ਗ੍ਰਿਫਤਾਰ ਹੋਣ ਤੋਂ ਬਾਅਦ ਅਮਨਦੀਪ ਕੌਰ ਨੂੰ ਪੰਜਾਬ ਪੁਲਿਸ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਸੀ। ਇਸ ਮਹਿਲਾ ਪੁਲਿਸ ਮੁਲਾਜਮ ਨੂੰ ਬਠਿੰਡਾ ਪੁਲਿਸ ਅਤੇ ਐਂਟੀ ਨਾਰਕੋਟਿਕਸ ਬਿਊਰੋ ਦੀ ਟੀਮ ਨੇ ਇੱਕ ਸਾਂਝੇ ਆਪ੍ਰੇਸ਼ਨ ਤਹਿਤ ਬਾਦਲ ਰੋਡ ’ਤੇ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਸੀ।
ਇਸ ਦੌਰਾਨ ਪੁਲਿਸ ਟੀਮ ਨੇ ਦੇਖਿਆ ਕਿ ਲਾਡਲੀ ਚੌਕ ਵਾਲੇ ਪਾਸਿਓਂ ਇੱਕ ਕਾਲੇ ਰੰਗ ਦੀ ਥਾਰ ਆ ਰਹੀ ਸੀ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਕਾਰ ਨਾਕੇ ਦੇ ਨਜ਼ਦੀਕ ਰੁਕੀ ਤਾਂ ਇਸ ਦੌਰਾਨ ਇੱਕ ਔਰਤ ਉਸ ਵਿੱਚੋਂ ਉਤਰ ਕੇ ਭੱਜਣ ਲੱਗੀ ਜਿਸ ਨੂੰ ਮੌਕੇ ’ਤੇ ਮੌਜੂਦ ਲੇਡੀ ਕਾਂਸਟੇਬਲ ਅਤੇ ਪੁਲਿਸ ਟੀਮ ਨੇ ਕਾਬੂ ਕਰ ਲਿਆ। ਪੁਲਿਸ ਅਨੁਸਾਰ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਗੇਅਰ ਦੇ ਕੋਲ ਇੱਕ ਡੱਬੇ ਵਿੱਚੋਂ ਮਿਲੇ ਪੋਲੀਥੀਨ ਬੈਗ ਵਿੱਚੋਂ ਹੈਰੋਇਨ ਬਰਾਮਦ ਹੋਈ ਜਿਸ ਦਾ ਵਜ਼ਨ 17.71 ਗ੍ਰਾਮ ਸੀ। ਇੰਸਟਗ੍ਰਾਮ ਤੇ ਰੀਲਾਂ ਬਨਾਉਣ ਦੀ ਸ਼ੌਕੀਨ ਅਮਨਦੀਪ ਕੌਰ ਦਾ ਰਹਿਣ ਸਹਿਣ ਹਾਈਪ੍ਰੋਫਾਈਲ ਸੀ ਜੋ ਆਪਣੇ ਵੱਲ ਧਿਆਨ ਖਿੱਚ੍ਹਣ ਵਾਲਾ ਸੀ। ਕਾਲੇ ਰੰਗ ਦੀ ਲਗਜ਼ਰੀ ਥਾਰ, ਮਹਿੰਗੀਆਂ ਐਨਕਾਂ ਤੇ ਕੀਮਤੀ ਘੜੀ ’ਚ ਉਹ ਅਫਸਰਾਂ ਵਾਂਗ ਨਜ਼ਰ ਆਉਂਦੀ ਸੀ।