Punjab-Haryana Water Controversy: ਭਗਵੰਤ ਮਾਨ ਪਹੁੰਚ ਰਹੇ ਨੇ ਨੰਗਲ ਡੈਮ
ਚੰਡੀਗੜ੍ਹ, 1 ਮਈ 2025-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਥੋੜ੍ਹੀ ਹੀ ਦੇਰ ਬਾਅਦ ਨੰਗਲ ਡੈਮ ਪਹੁੰਚ ਰਹੇ ਹਨ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸੀਐਮ ਮਾਨ ਬਹੁਤ ਜਲਦ ਨੰਗਲ ਡੈਮ ਪਹੁੰਚ ਕੇ ਬੀਬੀਐਮਬੀ ਮੂਹਰੇ ਧਰਨਾ ਦੇਣਗੇ। ਉਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਪਹਿਲਾਂ ਹੀ ਨੰਬਰ ਡੈਮ ਕੋਲ ਮੋਰਚਾ ਲਾ ਕੇ ਭਾਜਪਾ ਦਾ ਵਿਰੋਧ ਕਰ ਰਹੇ ਹਨ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਸੂਬੇ ਦੇ ਪਾਣੀ ਦੀ ਇਕ ਵੀ ਵਾਧੂ ਬੂੰਦ ਹਰਿਆਣਾ ਨਹੀਂ ਜਾਣ ਦੇਵਾਂਗੇ ਭਾਵੇਂ ਸਿਰ ਕਲਮ ਕਰਵਾਉਣਾ ਪਵੇ।
ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਦਾ 90 ਫੀਸਦ ਖੇਤਰ ਦਾ ਜ਼ਮੀਨੀ ਪਾਣੀ ਡੂੰਘਾ ਹੋਣ ਸਦਕਾ ਡਾਰਕ ਜ਼ੋਨ ਘੋਸ਼ਿਤ ਹੋ ਚੁੱਕਾ ਹੈ ਅਤੇ ਭਾਜਪਾ ਦੀ ਕੇਂਦਰ ਸਰਕਾਰ ਦਾ ਬੀ ਬੀ ਐਮ ਬੀ ਰਾਹੀਂ ਹਰਿਆਣਾ ਨੂੰ 8500 ਕਿਊਸਿਕ ਪਾਣੀ ਦੇਣ ਦਾ ਤੁਗਲਕੀ ਫ਼ਰਮਾਨ, ਸਿੱਧੇ ਤੌਰ ਉੱਤੇ ਪੰਜਾਬੀਆਂ ਨਾਲ ਧੋਖਾ ਹੈ ਜਿਸ ਨੂੰ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਨਾ ਮਨਜ਼ੂਰ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿਚ ਜ਼ਮੀਨੀ ਪਾਣੀ ਦੇ ਗੰਭੀਰ ਹਾਲਤਾਂ ਨੂੰ ਦੇਖਦੇ ਹੋਏ ਵੱਡੇ ਪੱਧਰ ਉਤੇ ਖੇਤੀ ਨਹਿਰੀ ਪਾਣੀ ਨਾਲ ਕੀਤੀ ਜਾ ਰਹੀ ਹੈ, ਕੇਵਲ ਸ੍ਰੀ ਅਨੰਦਪੁਰ ਸਾਹਿਬ ਦੇ ਹਲਕੇ ਵਿਚ ਹੀ 100 ਕਰੋੜ ਰੁਪਏ ਦੀ ਲਾਗਤ ਨਾਲ ਪਾਈਪਾਂ ਨਾਲ ਨਹਿਰੀ ਪਾਣੀ ਨਾਲ 10,000 ਹਜ਼ਾਰ ਦੇ ਕਰੀਬ ਬੰਜਰ ਜਮੀਨ ਨੂੰ ਸੁਰਜੀਤ ਕਰਨ ਦੀ ਰੂਪ ਰੇਖਾ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ।
ਹਰਜੋਤ ਬੈਂਸ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਅਤੇ ਕੇਂਦਰ ਦੀਆਂ ਸਰਕਾਰਾਂ ਪੰਜਾਬ ਨਾਲ ਧੱਕੇਸ਼ਾਹੀ ਕਰਨਾ ਚਾਹੁੰਦੀ ਹੈ। ਇਹ ਬਹੁਤ ਮੰਦਭਾਗੀ ਗੱਲ ਹੈ ਕਿ ਬੀ.ਬੀ.ਐਮ.ਬੀ. ਵੱਲੋਂ ਪੰਜਾਬ ਦੇ ਪਾਣੀਆਂ ’ਤੇ ਡਾਕਾ ਮਾਰਨ ਲਈ ਆਏ ਦਿਨ ਨਵੇਂ ਮਤੇ ਪਾਸ ਕੀਤੇ ਜਾ ਰਹੇ ਹਨ, ਪੰਜਾਬ ਦੇ ਕੋਟੇ ਵਾਲੇ ਅਧਿਕਾਰੀਆਂ ਨੂੰ ਬਦਲ ਰਹੀ ਹੈ ਜਦਕਿ ਸੂਬਾ ਸਰਕਾਰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਡਟ ਕੇ ਪਹਿਰਾ ਦੇਵੇਗੀ ਅਤੇ ਕਿਸੇ ਨੂੰ ਵੀ ਸਾਡੇ ਪਾਣੀਆਂ ਨੂੰ ਖੋਹਣ ਦੀ ਆਗਿਆ ਨਹੀਂ ਦੇਵੇਗੀ।