ਯੁੱਧ ਨਸ਼ਿਆਂ ਵਿਰੁੱਧ : ਨਸ਼ਿਆਂ ਸਬੰਧੀ ਸੁਝਾਅ ਅਤੇ ਸੂਚਨਾ ਦੇਣ ਲਈ ਲਾਏ ਗਏ ਸ਼ਿਕਾਇਤ ਬਕਸੇ
ਅਸ਼ੋਕ ਵਰਮਾ
ਬਠਿੰਡਾ, 10 ਨਵੰਬਰ 2026:ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਗਈ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਪਿੰਡਾਂ ਵਿੱਚ ਸ਼ਿਕਾਇਤ ਬਕਸੇ ਲਗਾਏ ਜਾ ਰਹੇ ਹਨ। ਇਨ੍ਹਾਂ ਵਿੱਚ ਆਮ ਲੋਕ ਨਸ਼ਿਆਂ ਸਬੰਧੀ ਆਪਣੇ ਸੁਝਾਅ, ਸੂਚਨਾ ਆਦਿ ਪਾ ਸਕਦੇ ਹਨ।ਇਹ ਜਾਣਕਾਰੀ ਦਿੰਦਿਆਂ ਸ਼੍ਰੀ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਅਬਲੂ ਵਿਖੇ ਸ਼ਿਕਾਇਤ ਬਕਸਾ ਲਗਾਇਆ ਗਿਆ ਹੈ।ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਪੁਲਿਸ ਵੱਲੋਂ ਪਿੰਡ ਘੁੰਮਣ ਕਲਾਂ ਵਿਖੇ ਵਿਲੇਜ ਡਿਫੈਂਸ ਕਮੇਟੀ, ਪੰਚਾਇਤ ਮੈਂਬਰ ਅਤੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ। ਇਸੇ ਲੜੀ ਤਹਿਤ ਹੌਟਸਪਾਟ ਪਿੰਡ ਭੋਖੜਾ ਵਿਖੇ ਵੀ ਮੀਟਿੰਗ ਕੀਤੀ।ਪਿੰਡ ਅਬਲੂ ਵਿਖੇ ਐਨ.ਡੀ.ਪੀ.ਐਸ ਹੇਠ ਕੇਸ ਰਜਿਸਟਰ ਕੀਤਾ ਗਿਆ ਅਤੇ ਨਾਲ ਹੀ ਮਾਰਚ ਅਤੇ ਡੋਰ-ਟੂ-ਡੋਰ ਕੰਪੇਨ ਕੀਤਾ ਗਿਆ। ਪਿੰਡ ਅਬਲੂ ਦੀ ਹੌਟਸਪਾਟ ਡਰੇਨ ਬਰਿੱਜ ਤੋਂ 6 ਗ੍ਰਾਮ ਹੈਰੋਇਨ ਦੀ ਰਿਕਵਰੀ ਕੀਤੀ ਗਈ।
ਜ਼ਿਲ੍ਹਾ ਪੁਲਿਸ ਵੱਲੋਂ ਪਿੰਡ ਭਾਈ ਬਖਤੌਰ ਵਿਖੇ ਮੀਟਿੰਗ ਕੀਤੀ ਅਤੇ ਮਿਤੀ 17 ਨਵੰਬਰ ਤੋਂ 19 ਨਵੰਬਰ ਨੂੰ ਹੋਣ ਵਾਲੇ ਕਬੱਡੀ ਟੂਰਨਾਮੈਂਟ ਬਾਰੇ ਗੱਲਬਾਤ ਕੀਤੀ। ਨਾਲ ਹੀ ਪਿੰਡ ਦੇ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਖੇ ਵਿਲੇਜ ਡਿਫੈਂਸ ਕਮੇਟੀ ਮੈਂਬਰਾਂ ਅਤੇ ਬੱਚਿਆਂ ਨਾਲ ਦੀਵਾਲੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆ ਕਰਦਿਆਂ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਖੇਡ ਸਟੇਡੀਅਮ ਵਿਖੇ ਆਉਣ ਲਈ ਪ੍ਰੇਰਿਤ ਕੀਤਾ।ਇਸੇ ਤਰ੍ਹਾਂ ਪਿੰਡ ਬੁਰਜ ਮਾਨਸਾ ਵਿਖੇ ਵਿਲੇਜ ਡਿਫੈਂਸ ਕਮੇਟੀ ਮੈਂਬਰਾਂ ਅਤੇ ਪੰਚਾਇਤ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਤੋਂ ਬਾਅਦ ਪਿੰਡ ਦੇ ਖੇਡ ਸਟੇਡੀਅਮ ਵਿਖੇ ਖੇਡਦੇ ਹੋਏ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਆ ਰਹੀਆਂ ਸਮੱਸਿਆਵਾਂ ਸੁਣੀਆਂ ਗਈਆਂ, ਬੱਚਿਆਂ ਵੱਲੋਂ ਪਿੰਡ ਦੀ ਧਰਮਸ਼ਾਲਾ ਵਿੱਚ ਨਵੇਂ ਖੋਲ੍ਹੇ ਜਾਣ ਵਾਲੇ ਜਿੰਮ ਨੂੰ ਪਿੰਡ ਦੇ ਖੇਡ ਸਟੇਡੀਅਮ ਵਿਖੇ ਖੋਲ੍ਹਣ ਦੀ ਅਪੀਲ ਕੀਤੀ ਗਈ।ਇਸੇ ਲੜੀ ਤਹਿਤ ਭੁੱਚੋ ਮੰਡੀ ਵਿਖੇ ਵੀ ਸਰਚ ਓਪਰੇਸ਼ਨ ਚਲਾਇਆ ਗਿਆ।