ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਬੰਦੀਛੋੜ੍ਹ ਦਿਵਸ ਮਨਾਇਆ।
ਖੰਨਾ ( ਰਵਿੰਦਰ ਢਿੱਲੋ)
ਕੁਦਰਤੀ ਰਮਣੀਕ ਅਸਥਾਨ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਦੀ ਰਹਿਨੁਮਾਈ ਹੇਠ ਬੰਦੀਛੋੜ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ਼ ਮਨਾਇਆ ਗਿਆ। ਇਸ ਮੌਕੇ ਆਰੰਭ ਕੀਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਜੰਗਲ ਵਿੱਚ ਕੀਰਤਨ ਦੀਵਾਨ ਸਜਾਏ ਗਏ ਜਿਸ ਵਿੱਚ ਮਹਾਂਪੁਰਸ਼ਾਂ ਦੇ ਹਜ਼ੂਰੀ ਕੀਰਤਨੀ ਜੱਥੇ ਵੱਲੋਂ ਬੰਦੀ ਛੋੜ ਦਿਵਸ ਸਬੰਧੀ ਕਵਿਤਾਵਾਂ ਅਤੇ ਸ਼ਬਦ ਗਾਇਨ ਕੀਤੇ। ਇਸ ਮੌਕੇ ਸੰਤ ਬਾਬਾ ਦਰਸ਼ਨ ਸਿੰਘ ਖ਼ਾਲਸਾ ਨੇ ਸੰਗਤ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਬੰਦੀ-ਛੋੜ ਦਿਵਸ ਵੀ ਅਕਾਲ ਤਖ਼ਤ ਦੇ ਇਨ੍ਹਾਂ ਆਦਰਸ਼ਾਂ ਨੂੰ ਰੂਪਮਾਨ ਕਰਨ ਦੀ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਹੈ, ਜੋ ਬਦੀ ਦੀਆਂ ਪ੍ਰਤੀਕ ਸ਼ਕਤੀਆਂ ਨੂੰ ਅਣਡਿੱਠ ਜਾਂ ਉਨ੍ਹਾਂ ਨਾਲ ਸਮਝੌਤਾ ਕਰਨ ਦੀ ਬਜਾਏ ਉਨ੍ਹਾਂ ਵਿਰੁੱਧ ਸੰਘਰਸ਼ ਕਰਨ ਅਤੇ ਦੂਜਿਆਂ ਨਾਲ ਹੋ ਰਹੀ ਬੇਇਨਸਾਫ਼ੀ ਵਿਰੁੱਧ ਦ੍ਰਿੜਤਾ ਨਾਲ ਖੜ੍ਹਣ ਅਤੇ ਹਰ ਹੀਲੇ ਹੱਕ ਸੱਚ ਦੀ ਰਾਖੀ ਕਰਨ ਦਾ ਪੈਗਾਮ ਦਿੰਦੀ ਹੈ। ਉਨ੍ਹਾਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਹਿੰਦੂ ਰਾਜਿਆਂ ਨੂੰ ਰਿਹਾਅ ਕਰਵਾ ਕੇ ਇਸ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੁੱਜੇ ਸਨ। ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ ਨੂੰ ਪ੍ਰੇਰਨਾ ਦੇ ਕੇ ਸ੍ਰੀ ਅੰਮ੍ਰਿਤਸਰ ਸ਼ਹਿਰ ਵਿਚ ਦੀਪਮਾਲਾ ਕਰਵਾਈ ਸੀ, ਜਿਸ ਯਾਦ ਵਿਚ ਸਮੁੱਚਾ ਖ਼ਾਲਸਾ ਪੰਥ ਬੰਦੀਛੋੜ ਦਿਵਸ ਮਨਾਉਂਦਾ ਆ ਰਿਹਾ ਹੈ। ਗੁਰੂ ਕਾਲ ਤੋਂ ਬਾਅਦ ਭਾਈ ਮਨੀ ਸਿੰਘ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੇਲੇ ਦੀਆਂ ਸਿੱਖ ਰਵਾਇਤਾਂ ਅਨੁਸਾਰ 'ਬੰਦੀ-ਛੋੜ ਦਿਵਸ' ਮਨਾਉਣ ਦੀ ਪਰੰਪਰਾ ਮੁੜ ਸੁਰਜੀਤ ਕੀਤੀ। ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਸਿੱਧਾ ਸਬੰਧ ਵੀ ਬੰਦੀ-ਛੋੜ ਦਿਵਸ ਨਾਲ ਹੀ ਜੁੜਦਾ ਹੈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਦੇ ਪਾਵਨ ਚਰਨਾਂ ਦੀ ਛੋਹ ਨਾਲ ਪਵਿੱਤਰ ਹੋਇਆ ਪੰਜਾਬ ਦਾ ਚੱਪਾ-ਚੱਪਾ ਕੁਦਰਤੀ ਨੂਰ ਨਾਲ ਰੁਸ਼ਨਾਇਆ ਹੋਇਆ ਹੈ। ਇਥੋਂ ਹੀ ਗੁਰੂ ਸਾਹਿਬਾਨ ਨੇ ਲੋਕਾਈ ਨੂੰ ਅੰਧਕਾਰ ਰੂਪੀ ਵਹਿਮਾਂ-ਭਰਮਾਂ ਨੂੰ ਤਿਆਗ ਕੇ 'ਗੁਰਬਾਣੀ ਇਸੁ ਜਗ ਮਹਿ ਚਾਨਣੁ ਦੇ ਦੇਵੀ-ਗਿਆਨ ਅਧੀਨ ਜੀਵਨ ਜਿਊਣ ਦਾ ਇਕ ਮਾਣਮੱਤਾ ਮਾਰਗ ਦਿਖਾਇਆ ਸੀ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਾਤਾ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਨੂੰ ਕਿਲ੍ਹੇ ਦੀ ਕੈਦ ਵਿੱਚੋਂ ਆਜ਼ਾਦ ਕਰਵਾਉਣ ਸਮੇਂ ਪਹਿਨਿਆਂ ਗਿਆ ਚੋਲਾ਼ ਸਾਹਿਬ ਜੋ ਕੇ ਨਗਰ ਘੁਡਾਣੀ ਕਲਾਂ ਵਿਖੇ ਸਸੋ਼ੋਭਿਤਹੈ। ਉਨ੍ਹਾਂ ਕਿਹਾ ਕਿ ਬੰਦੀ ਛੋੜ ਦਿਵਸ ਮੌਕੇ ਸਾਨੂੰ ਵੀ ਆਪਣੇ ਮਨ ਨੂੰ ਨਸ਼ਿਆਂ, ਵਿਕਾਰਾਂ ਅਤੇ ਹੰਕਾਰ ਦੀ ਕੈਦ ਵਿੱਚੋਂ ਆਜ਼ਾਦ ਕਰਵਾਉਣਾ ਹੈ। ਸੱਚੀ ਬੰਦੀ ਛੋੜ ਤਾਂ ਉਦੋਂ ਹੀ ਹੋਵੇਗੀ, ਜਦੋਂ ਅਸੀਂ ਨਸ਼ਾ ਛੱਡ ਕੇ ਗੁਰੂ ਦੇ ਲੜ ਲੱਗਾਂਗੇ। ਸੰਗਤ ਵਲੋਂ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਨੂੰ ਬੰਦੀ ਛੋੜ ਦਿਵਸ ਮੌਕੇ ਪੁਰਾਤਨ ਦੀਵਿਆਂ ਦੀ ਲੋਅ ਨਾਲ ਰੁਸ਼ਨਾਇਆ ਗਿਆ ਇਹ ਅਦਭੁਤ ਦ੍ਰਿਸ਼ ਸੰਗਤਾਂ ਨੂੰ ਆਕਰਸ਼ਿਤ ਕਰ ਰਿਹਾ ਸੀ। ਚਾਰੇ ਪਾਸੇ ਹਰਿਆਲੀ, ਸ਼ਾਂਤ ਵਾਤਾਵਰਨ ਤੇ ਹਜ਼ਾਰਾਂ ਦੀਵਿਆਂ ਦੀ ਜਗਮਗਾਉਂਦੀ ਰੋਸ਼ਨੀ ਨੇ ਗੁਰਦੁਆਰਾ ਸਾਹਿਬ ਦਾ ਨਜ਼ਾਰਾ ਹੀ ਬਦਲ ਦਿੱਤਾ ਜਿਵੇਂ ਧਰਤੀ 'ਤੇ ਤਾਰੇ ਹੀ ਉੱਤਰ ਆਏ ਹੋਣ। ਸੰਗਤਾਂ ਨੇ ਦੀਵੇ ਜਗਾ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਦੀ ਖੁਸ਼ੀ ਮਨਾਈ। ਅੰਤ ਵਿੱਚ ਸੰਤ ਬਾਬਾ ਦਰਸ਼ਨ ਸਿੰਘ ਜੀ ਖ਼ਾਲਸਾ ਨੇ ਸੰਗਤ ਨੂੰ ਸੰਦੇਸ਼ ਦਿੱਤਾ ਕਿ ਜਿਵੇਂ ਇਹ ਦੀਵੇ ਹਨੇਰਾ ਦੂਰ ਕਰਦੇ ਹਨ, ਉਵੇਂ ਹੀ ਗੁਰਬਾਣੀ ਦੀ ਲੋਅ ਸਾਡੇ ਜੀਵਨ ਵਿੱਚੋਂ ਨਸ਼ਿਆਂ ਤੇ ਵਿਕਾਰਾਂ ਦਾ ਹਨੇਰਾ ਦੂਰ ਕਰਦੀ ਹੈ।