ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥
ਨਾਗਪੁਰ ਤੋਂ ਹੁਕਮ ਮਿਲਦਿਆਂ ਹੀ ਬਾਦਲ ਕੰਪਨੀ ਵੱਲੋਂ ਮੁੜ ਕੇ ਫਿਰ ਕੀਤਾ ਪੰਜਾਬ ਬਚਾਓ ਦਾ ਐਲਾਨ- ਖਾਲੜਾ ਮਿਸ਼ਨ
ਅਖੇ! ਪੰਜਾਬ ਦੇ ਲੋਕ ਚਾਹੁੰਦੇ ਹਨ ਰਲ ਮਿਲਕੇ ਫਿਰ ਬਦਲੋ ਪੰਜਾਬ ਨੂੰ ਵਿਚ ਸ਼ਮਸ਼ਾਨ - ਖਾਲੜਾ ਮਿਸ਼ਨ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 10 ਨਵੰਬਰ 2026: ਜਿੰਨ੍ਹਾਂ ਸਿੱਖਾਂ ਦੀ ਬੇਹੁਰਮਤੀ ਦਿੱਲੀ ਨਾਗਪੁਰ ਨਾਲ ਰਲ ਕੇ ਬਾਦਲ ਕੰਪਨੀ ਨੇ ਕੀਤੀ ਹੈ ਸ਼ਾਇਦ ਹੀ ਇਤਿਹਾਸ ਵਿਚ ਇਸ ਦੀ ਮਿਸਾਲ ਮਿਲਦੀ ਹੋਵੇ । ਕੋਈ ਥੋੜਾ ਬਹੁਤ ਗੁਰੂ ਦਾ ਭੈਅ ਇੰਨਾ ਪਾਪ ਕਰਕੇ ਵੀ ਇਨ੍ਹਾਂ ਦੇ ਲਾਗੇ ਨਹੀਂ ਆਇਆ। ਜੋ ਕੁੱਕੜ ਖੇਹ ਇੰਨਾਂ ਪਿਛਲੇ ਸਮੇਂ ਵਿਚ ਉਡਾਈ ਇਨ੍ਹਾਂ ਨੂੰ ਲੱਗਦਾ, ਖਾਲਸਾ ਪੰਥ ਸਭ ਭੁੱਲ ਗਿਆ ਹੈ। ਜੋ ਕੁਝ ਇਨ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਪੇਸ਼ੀਆਂ ਭੁਗਤਦਿਆਂ ਕੀਤਾ ਅਤੇ ਜੋ ਐਲਾਨ ਹੁਣ ਇਹ ਕਰ ਰਹੇ ਹਨ ਲੱਗਦਾ ਸਭ ਸ਼ਰਮਾਂ ਲਾਹ ਦਿੱਤੀਆਂ ਗਈਆਂ ਹਨ।
ਧਰਮ ਕਿਤੇ ਨਜ਼ਰ ਨਹੀਂ ਆ ਰਿਹਾ ਹੈ, ਕੂੜ ਦੀ ਸਿਖਰ ਕਰ ਦਿੱਤੀ ਹੈ। ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਤੇ ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਕਮੇਟੀ ਨੇ ਮੌਜੂਦਾ ਚੱਲ ਰਹੇ ਸਿਲਸਲੇ'ਤੇ ਆਖਿਆ ਹੈ ਕਿ ਪੰਜਾਬ ਦੇ ਲੋਕੋ ਇੰਨਾਂ ਧਰਮ ਯੁੱਧ ਮੋਰਚੇ ਨਾਲ ਗੱਦਾਰੀਆਂ ਸਮੇਂ ਵੀ ਇੰਦਰਾ ਗਾਂਧੀ, ਭਾਜਪਾਕਿਆਂ ,ਆਰ. ਐਸ਼.ਐਸ ਕਿਆਂ ਨਾਲ ਗੱਠਜੋੜ ਕਰਕੇ, ਗੁਪਤ ਚਿੱਠੀਆਂ ਲਿਖ ਕੇ, ਗੁਪਤ ਮੀਟਿੰਗਾਂ ਕਰਕੇ ਪੰਥ ਤੇ ਪੰਜਾਬ ਬਚਾਉਣ ਦਾ ਨਾਅਰਾ ਲਾਇਆ ਸੀ। ਜਦੋਂ 25 ਹਜ਼ਾਰ ਸਿੱਖ ਨੌਜਵਾਨਾਂ, ਬੀਬੀਆਂ, ਬੱਚੇ ਝੂਠੇ ਮੁਕਾਬਲਿਆਂ 'ਚ ਖਤਮ ਕਰਕੇ ਲਾਵਾਰਸ ਕਰਾਰ ਦੇ ਕੇ ਸ਼ਮਸ਼ਾਨ ਘਾਟਾਂ 'ਚ ਸਾੜੇ ਜਾ ਰਹੇ ਸਨ ਤਾਂ ਉਦੋਂ ਇਹ ਧਿਰਾਂ ਕੇ.ਪੀ.ਐਸ. ਗਿੱਲ ਨਾਲ ਰੋਜ਼ ਗੁਪਤ ਮੀਟਿੰਗਾਂ ਕਰਕੇ, ਇੰਦਰਾ ਗਾਂਧੀ ਨੂੰ ਸ਼ਰਧਾਂਜਲੀਆਂ ਦੇ ਕੇ ਪੰਥ ਪੰਜਾਬ ਬਚਾ ਰਹੇ ਸੀ? ਸਿੱਖਾਂ ਦੀ ਕੁਲਨਾਸ਼ ਦੀ ਕੋਈ ਪੜਤਾਲ ਕਰਾਉਣ ਦੀ ਥਾਂ ਤੇ ਜਦੋਂ ਇਹ ਕੰਪਨੀ ਸੁਮੇਧ ਸੈਣੀ ਵਰਗੇ ਪਾਪੀਆਂ ਨੂੰ ਡੀਜੀਪੀ ਲਗਾ ਰਹੀ ਸੀ, ਆਲਮ ਵਰਗੇ ਬਾਦਲ ਦਲ ਦੇ ਮੀਤ ਪ੍ਰਧਾਨ ਬਣ ਰਹੇ ਸੀ ਉਦੋਂ ਵੀ ਪੰਜਾਬ ਬਚਾਇਆ ਜਾ ਰਿਹਾ ਸੀ? ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਾ ਕੇ, ਗੋਲੀਕਾਂਡ ਕਰਾ ਕੇ ਦੋਸ਼ੀ ਬਚਾਏ ਜਾ ਰਹੇ ਸੀ ਉਦੋਂ ਵੀ ਪੰਜਾਬ ਬਚਾਇਆ ਜਾ ਰਿਹਾ ਸੀ? ਪੰਜਾਬ ਬਚਾਉਣ ਵਾਲਿਆਂ ਦੇ ਚੁੱਲ੍ਹਿਆਂ 'ਤੇ ਅੱਜ ਤੱਕ ਵੀ ਘਾਹ ਉੱਗਿਆ ਹੈ, ਪਰ ਇਨ੍ਹਾਂ ਨੇ ਜਾਇਦਾਦਾਂ ਦੇ ਅੰਬਾਰ ਲਾ ਕੇ ਪੰਜਾਬ ਬਚਾਇਆ ਹੈ? ਜਥੇਬੰਦੀਆਂ ਨੇ ਕਿਹਾ ਕਿ ਪੰਥ ਤੇ ਪੰਜਾਬ ਬਚਾਇਆ ਹੈ, ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ, ਭਾਈ ਜਸਵੰਤ ਸਿੰਘ ਖਾਲੜਾ ਨੇ। ਪੰਥ ਤੇ ਪੰਜਾਬ ਬਚਾਇਆ ਹੈ, ਇੰਦਰਾ, ਬੇਅੰਤ ਸਿੰਘ , ਜਨਰਲ ਵੈਦਿਆਂ ਨੂੰ ਨਰਕਾਂ ਨੂੰ ਤੋਰਨ ਵਾਲਿਆਂ ਨੇ। ਪੰਜਾਬ ਬਚਾਇਆ ਹੈ, ਜੋ ਫਾਂਸੀਆਂ ਦੀ ਉਡੀਕ ਕਰ ਰਹੇ ਹਨ ਤੇ ਅੱਜ ਜੇਲ੍ਹਾਂ ਵਿਚ ਬੰਦ ਹਨ। ਪੰਜਾਬ ਚਿੱਟੇ ਦੇ ਵਪਾਰੀਆਂ ਨੇ ਨਹੀਂ ਬਚਾਇਆ ਨਾ ਬਚਾਉਣਾ ਹੈ। ਪੰਜਾਬ ਬਚਾਇਆ ਹੈ ਭਾਈ ਪਰਮਿੰਦਰ ਸਿੰਘ ਝੋਟੇ ਨੇ ਨਸ਼ਿਆਂ ਖ਼ਿਲਾਫ ਜੰਗ ਲੜ ਕੇ। ਅੱਜ ਵੀ ਉਸ ਦਾ ਪਰਿਵਾਰ ਸਰਕਾਰੀ ਨੌਕਰੀ 'ਤੇ ਦੋ ਕਰੋੜ ਰੁਪਈਏ ਨੂੰ ਲੱਤ ਮਾਰਕੇ ਪੰਜਾਬ ਬਚਾ ਰਿਹਾ ਹੈ। ਉਨ੍ਹਾਂ ਕਿਹਾ ਭਗਵੰਤ ਮਾਨ ਸਰਕਾਰ ਨੇ ਕੇਜਰੀਵਾਲ ਨਾਲ ਰਲ ਕੇ ਪੰਜਾਬ ਦਾ ਬੇੜਾ ਗਰਕ ਕਰਨ ਵਿਚ ਕੋਈ ਕਸਰ ਨਹੀਂ ਛੱਡੀ। ਪੰਜਾਬ ਨੂੰ ਪੁਲਸ ਰਾਜ ਵਿਚ ਬਦਲਣ ਵਾਲਾ ਮੁੱਖ ਮੰਤਰੀ ਲੋਕਾਂ ਦਾ ਸੀ.ਐਮ. ਨਹੀਂ ਹੋ ਸਕਦਾ। ਭਾਈ ਖਾਲੜਾ ਦੇ ਕਾਤਲਾਂ ਨੂੰ ਚੋਰੀ ਛਿਪੇ ਰਿਹਾਅ ਕਰਨ ਵਾਲਾ, ਭਾਈ ਪਰਮਿੰਦਰ ਸਿੰਘ ਝੋਟੇ ਦੇ ਕਤਲ ਤੋਂ ਬਾਅਦ ਕੁਰਸੀ ਨੂੰ ਜੱਫਾ ਮਾਰਨ ਵਾਲਾ ਇੱਕ ਐਸ.ਐਸ.ਪੀ. ਨਾ ਬਦਲ ਸਕਣ ਵਾਲਾ ਲੋਕਾਂ ਦਾ ਸੀਐਮ ਨਹੀਂ ਹੋ ਸਕਦਾ। ਅੱਜ 84 ਵਾਲੇ ਪੰਜਾਬ ਨੂੰ ਇਨਸਾਫ ਦੇਣ ਦੀਆਂ ਗੱਲਾਂ ਕਰਕੇ, ਨਾਗਪੁਰ ਵਾਲੇ ਨਸ਼ਿਆਂ ਨੂੰ ਪੰਜਾਬ ਵਿਚੋਂ ਮੁਕੰਮਲ ਖਤਮ ਕਰਨ ਦੀਆਂ ਗੱਲਾਂ ਕਰ ਰਹੇ ਹਨ। ਜਿਨ੍ਹਾਂ ਪੰਥ ਪੰਜਾਬ ਦੀ ਬਰਬਾਦੀ ਕੀਤੀ, ਜਿਨ੍ਹਾਂ ਪੰਜਾਬ ਨੂੰ ਰੋਗੀ ਬਣਾਇਆ, ਉਹ ਇਲਾਜ ਦੱਸ ਰਹੇ ਹਨ। ਦਿੱਲੀ ਨਾਗਪੁਰ ਵਾਲਿਆਂ ਤੇ ਉਨ੍ਹਾਂ ਦੇ ਟੁਕੜਬੋਚਾਂ ਨੂੰ ਅਪੀਲ ਹੈ ਕਿ ਪੰਜਾਬ ਦਾ ਸਤਿਗੁਰ ਰਖਵਾਲਾ ਹੈ, ਪੰਜਾਬ ਸਦਾ ਗੁਰਾਂ ਦੇ ਨਾਮ 'ਤੇ ਜਿਊਂਦਾ ਰਹਿਣਾ ਹੈ। ਪੰਜਾਬ ਸਰਬੱਤ ਦੇ ਭਲੇ ਦਾ ਪੈਰੋਕਾਰ ਹੈ। ਜੁਲਮ ਖਿਲਾਫ, ਲੁੱਟ ਘਸੁੱਟ, ਜਾਤ ਪਾਤ ਖਿਲਾਫ਼, ਮਨੁੱਖੀ ਬਰਾਬਰਤਾ ਲਈ ਮਲਕਭਾਗਓਅਂ ਖਿਲਾਫ ਲੜਦਾ ਹੈ,ਗਰੀਬ ਦੀ ਬਾਂਹ ਫੜਦਾ ਹੈ। ਤੁਸੀਂ ਲੱਖ ਹਨੇਰਾ ਫੈਲਾਓ ਗੁਰਬਾਣੀ ਦੇ ਸਰਬੱਤ ਦੇ ਭਲੇ ਦੇ ਸੰਦੇਸ਼ ਨੇ ,ਸ਼ੁਭ ਅਮਲਾਂ ਦੇ ਸੰਦੇਸ਼ ਨੇ ,ਕਿਰਤ ਕਰੋ ,ਨਾਮ ਜਪੋ ,ਵੰਡ ਛਕੋ ਦੇ ਸੰਦੇਸ਼ ਨੇ ਸਮੁੱਚੇ ਸੰਸਾਰ ਦੀ ਮਾਨਵਤਾ ਦੀ ਅਗਵਾਈ ਕਰਨੀ ਅਤੇ ਪੰਜਾਬ ਦੇਸ਼ ਤੇ ਸਮੁੱਚੇ ਸੰਸਾਰ ਦੀ ਅਗਵਾਈ ਕਰਨੀ ਹੈ ਤੇ ਸਮੁੱਚੇ ਸੰਸਾਰ ਅੰਦਰ ਰੋਸ਼ਨੀ ਦੇਣੀ ਹੈ। ਇਹ ਗੱਲ ਡਾ. ਮਨਮੋਹਨ ਸਿੰਘ ਨੇ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਮੰਨ ਲਈ ਸੀ ਕਿ ਹੁਣ ਸੰਸਾਰ ਨੂੰ ਸਿਰਫ ਤੇ ਸਿਰਫ ਕਰਤਾਰਪੁਰ ਮਾਡਲ ਹੀ ਬਚਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਸਿੱਖੀ ਦਾ ਭਾਵੇਂ ਕਿੰਨਾ ਗਿਆਨ ਸੀ, ਪਰ ਉਹ ਮਨੂਵਾਦੀਆਂ ਤੇ ਬਾਦਲਕਿਆਂ ਦੇ ਜਾਲ ਵਿਚ ਬਰਾਬਰ ਫਸਦੇ ਰਹੇ।
- Download Babushahi App
-
-